For the best experience, open
https://m.punjabitribuneonline.com
on your mobile browser.
Advertisement

ਗਰੀਨ ਫ਼ੀਲਡ ਹਾਈਵੇਅ: ਜ਼ਮੀਨ ਐਕੁਆਇਰ ਕਰਨ ਲਈ ਸਰਗਰਮ ਹੋਇਆ ਪ੍ਰਸ਼ਾਸਨ

07:09 AM Aug 10, 2024 IST
ਗਰੀਨ ਫ਼ੀਲਡ ਹਾਈਵੇਅ  ਜ਼ਮੀਨ ਐਕੁਆਇਰ ਕਰਨ ਲਈ ਸਰਗਰਮ ਹੋਇਆ ਪ੍ਰਸ਼ਾਸਨ
ਵਿਧਾਤਾ ਵਿੱਚ ਜ਼ਮੀਨ ਦਾ ਕਬਜ਼ਾ ਲੈਂਦੇ ਹੋਏ ਅਧਿਕਾਰੀ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਲਖਵੀਰ ਸਿੰਘ ਚੀਮਾ
ਟੱਲੇਵਾਲ, 9 ਅਗਸਤ
ਭਾਰਤ ਮਾਲਾ ਪ੍ਰਾਜੈਕਟ ਤਹਿਤ ਸੂਬੇ ’ਚ ਕੇਂਦਰ ਸਰਕਾਰ ਦੀ ਘੁਰਕੀ ਤੋਂ ਬਾਅਦ ਜ਼ਮੀਨਾਂ ਐਕੁਆਇਰ ਕਰਨ ਵਿੱਚ ਤੇਜ਼ੀ ਆਉਣ ਲੱਗੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਜੈਪੁਰ-ਕੱਟੜਾ ਗਰੀਨਫ਼ੀਲਡ ਹਾਈਵੇਅ ਲੰਘਣਾ ਹੈ ਜਿਸ ਲਈ ਜ਼ਮੀਨਾਂ ਐਕੁਆਇਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਇਸੇ ਤਹਿਤ ਅੱਜ ਪਿੰਡ ਵਿਧਾਤਾ ਵਿਖੇ ਕਰੀਬ ਸਾਢੇ ਛੇ ਏਕੜ ਜ਼ਮੀਨ ਪ੍ਰਸ਼ਾਸਨ ਵੱਲੋਂ ਐਕੁਆਇਰ ਕੀਤੀ ਗਈ ਜਿਸ ਵਿੱਚ ਕਿਸਾਨਾਂ ਵਲੋਂ ਝੋਨਾ ਲਾਇਆ ਹੋਇਆ ਸੀ। ਮਹਿਲ ਕਲਾਂ ਦੇ ਤਹਿਸੀਲਦਾਰ ਰਾਜੇਸ਼ ਅਹੂਜਾ ਅਤੇ ਡੀਐੱਸਪੀ ਕੰਵਰਪਾਲ ਸਿੰਘ ਦੀ ਅਗਵਾਈ ਵਿੱਚ ਪ੍ਰਸ਼ਾਸਨ ਵਲੋਂ ਵਿਧਾਤਾ ਦੇ ਕਿਸਾਨ ਜਗਰਾਜ ਸਿੰਘ ਤੇ ਜਗਸੀਰ ਸਿੰਘ ਦੀ ਤਿੰਨ ਏਕੜ, ਬੂਟਾ ਸਿੰਘ ਤੇ ਇਕਬਾਲ ਸਿੰਘ ਦੀ ਡੇਢ ਏਕੜ ਸਮੇਤ ਕਰੀਬ ਸਾਢੇ ਛੇ ਏਕੜ ਜ਼ਮੀਨ ਐਕੁਆਇਰ ਕੀਤੀ ਗਈ। ਅਧਿਕਾਰੀਆਂ ਅਨੁਸਾਰ ਕਿਸਾਨਾਂ ਨੂੰ ਇਸ ਜ਼ਮੀਨ ਦੇ ਪੈਸੇ ਪਹਿਲਾਂ ਹੀ ਮਿਲ ਚੁੱਕੇ ਹਨ ਅਤੇ ਅੱਜ ਇਸ ਨੂੰ ਹਾਈਵੇਅ ਲਈ ਐਕੁਆਇਰ ਕਰਕੇ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਕਿਸਾਨਾਂ ਨੇ ਇਹਨਾਂ ਜ਼ਮੀਨਾਂ ਦੇ ਕਬਜ਼ੇ ਛੱਡਣ ਦੀ ਥਾਂ ਖ਼ੁਦ ਝੋਨਾ ਲਗਾ ਰੱਖਿਆ ਸੀ। ਜ਼ਿਲ੍ਹਾ ਮਾਲ ਅਧਿਕਾਰੀ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਠਿੰਡਾ ਤੋਂ ਲੁਧਿਆਣਾ ਤੱਕ ਇਹ ਹਾਈਵੇਅ ਬਣ ਰਿਹਾ ਹੈ। ਬਰਨਾਲਾ ਜ਼ਿਲ੍ਹੇ ਵਿੱਚ ਇਸ ਲਈ ਲਗਾਤਾਰ ਜ਼ਮੀਨਾਂ ਐਕੁਆਇਰ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਜ਼ਮੀਨਾਂ ਲਈ ਸਬੰਧਤ ਕਿਸਾਨਾਂ ਨੂੰ ਪੈਸੇ ਦਿੱਤੇ ਜਾ ਚੁੱਕੇ ਹਨ ਜਦਕਿ ਇਸਦੇ ਕਬਜ਼ੇ ਲੈਣ ਵਿੱਚ ਤੇਜ਼ੀ ਕਰ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਬਾਕੀ ਪਿੰਡਾਂ ਅਤੇ ਸਬੰਧਤ ਜ਼ਮੀਨਾਂ ਤੋਂ ਵੀ ਕਬਜ਼ੇ ਲੈ ਲਏ ਜਾਣਗੇ।

Advertisement

Advertisement
Advertisement
Author Image

sukhwinder singh

View all posts

Advertisement