For the best experience, open
https://m.punjabitribuneonline.com
on your mobile browser.
Advertisement

ਗੁਰੂਗ੍ਰਾਮ ਤੇ ਫਰੀਦਾਬਾਦ ’ਚ ਲੱਗਣਗੇ ਗ੍ਰੀਨ ਕੋਲਾ ਪਲਾਂਟ

09:02 AM Jul 22, 2024 IST
ਗੁਰੂਗ੍ਰਾਮ ਤੇ ਫਰੀਦਾਬਾਦ ’ਚ ਲੱਗਣਗੇ ਗ੍ਰੀਨ ਕੋਲਾ ਪਲਾਂਟ
ਸਮਝੌਤੇ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਤੇ ਹੋਰ।
Advertisement

ਪੱਤਰ ਪ੍ਰੇਰਕ
ਫਰੀਦਾਬਾਦ, 21 ਜੁਲਾਈ
ਹਰਿਆਣਾ ਵਿੱਚ ਕੂੜੇ ਦੇ ਨਿਬੇੜੇ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਦਿਆਂ ਕੇਂਦਰ ਸਰਕਾਰ ਦੀ ਮਦਦ ਨਾਲ ਕੂੜੇ ਤੋਂ ਚਾਰਕੋਲ ਬਣਾਉਣ ਵਾਲੇ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ। ਇਸ ਨੂੰ ਗ੍ਰੀਨ ਕੋਲਾ ਪਲਾਂਟ ਵੀ ਕਿਹਾ ਜਾਂਦਾ ਹੈ। ਇਹ ਯੋਜਨਾ ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਸਥਾਪਤ ਕੀਤੀ ਜਾਣ ਵਾਲੀ ਆਪਣੀ ਕਿਸਮ ਦਾ ਪਹਿਲੀ ਯੋਜਨਾ ਹੋਵੇਗੀ।
ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਰਾਜ ਮੰਤਰੀ ਸੁਭਾਸ਼ ਸੁਧਾ ਦੀ ਮੌਜੂਦਗੀ ਵਿੱਚ ਐੱਨਟੀਪੀਸੀ ਵਿਦਯੁਤ ਵਪਾਰ ਨਿਗਮ ਲਿਮਟਿਡ (ਐੱਨਵੀਵੀਐੱਨਐੱਲ) ਅਤੇ ਗੁਰੂਗ੍ਰਾਮ ਤੇ ਫਰੀਦਾਬਾਦ ਦੇ ਨਗਰ ਨਿਗਮਾਂ ਵਿਚਕਾਰ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ। ਇਸ ਦੌਰਾਨ ਨਗਰ ਨਿਗਮ ਫਰੀਦਾਬਾਦ ਦੀ ਕਮਿਸ਼ਨਰ ਏਮੋਨਾ ਸ੍ਰੀਨਿਵਾਸ, ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਨਰਹਰੀ ਸਿੰਘ ਬੰਗੜ ਅਤੇ ਸੀਈਓ ਰੇਣੂ ਨਾਰੰਗ ਨੇ ਐੱਨਵੀਵੀਐੱਨਐੱਲ ਵੱਲੋਂ ਐੱਮਓਯੂ ’ਤੇ ਹਸਤਾਖਰ ਕੀਤੇ। ਸਮਝੌਤੇ ਅਨੁਸਾਰ ਐੱਨਟੀਪੀਸੀ ਬਿਜਲੀ ਵਪਾਰ ਨਿਗਮ ਲਿਮਿਟਡ, ਐੱਨਟੀਪੀਸੀ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਭਾਰਤ ਸਰਕਾਰ ਦੀ ‘ਆਤਮਨਿਰਭਰ ਭਾਰਤ’ ਮੁਹਿੰਮ ਤਹਿਤ ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਵੇਸਟ ਤੋਂ ਚਾਰਕੋਲ ਪਲਾਂਟ ਸਥਾਪਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਦੇ ਬੰਧਵਾੜੀ ਅਤੇ ਫਰੀਦਾਬਾਦ ਦੇ ਮੋਥੂਕਾ ਵਿੱਚ ਲਗਪਗ 500 ਕਰੋੜ ਰੁਪਏ ਦੀ ਲਾਗਤ ਨਾਲ ਗ੍ਰੀਨ ਕੋਲਾ ਪਲਾਂਟ ਸਥਾਪਤ ਕੀਤੇ ਜਾਣਗੇ। ਇਨ੍ਹਾਂ ਦੋਵਾਂ ਪਲਾਟਾਂ ਵਿੱਚ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ’ਚ ਇਕੱਠੇ ਕੀਤੇ ਜਾਣ ਵਾਲੇ 1500 ਟਨ ਪ੍ਰਤੀ ਦਿਨ (ਟੀਪੀਡੀ) ਕੂੜੇ ਨੂੰ ਚਾਰਕੋਲ ਵਿੱਚ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਪਲਾਂਟਾਂ ਲਈ ਗੁਰੂਗ੍ਰਾਮ ਅਤੇ ਫਰੀਦਾਬਾਦ ਨਗਰ ਨਿਗਮਾਂ ਵੱਲੋਂ 20-20 ਏਕੜ ਜ਼ਮੀਨ ਦਿੱਤੀ ਜਾਵੇਗੀ ਅਤੇ ਐੱਨਟੀਪੀਸੀ ਜਲਦੀ ਹੀ ਜ਼ਮੀਨ ਦਾ ਕਬਜ਼ਾ ਲੈ ਕੇ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕਰ ਦੇਵੇਗੀ। ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਰਹਿੰਦ-ਖੂੰਹਦ ਤੋਂ ਗ੍ਰੀਨ ਕੋਲਾ ਪਲਾਂਟ ਨਾ ਸਿਰਫ਼ ਕੂੜੇ ਦੀ ਸਮੱਸਿਆ ਦਾ ਸਥਾਈ ਹੱਲ ਦੇਣਗੇ ਸਗੋਂ ਊਰਜਾ ਉਤਪਾਦਨ ਵਿੱਚ ਵੀ ਵਾਧਾ ਕਰਨਗੇ। ਐੱਨਵੀਵੀਐੱਨਐੱਲ ਦੀ ਸੀਈਓ ਰੇਣੂ ਨਾਰੰਗ ਨੇ ਕਿਹਾ ਕਿ ਮੌਜੂਦਾ ਸਮੇਂ ਐੱਨਟੀਪੀਸੀ ਵਾਰਾਣਸੀ ਵਿੱਚ ਇੱਕ ਪਲਾਂਟ ਚਲਾ ਰਿਹਾ ਹੈ ਅਤੇ ਇਹ ਰੋਜ਼ਾਨਾ 600 ਟਨ ਕੂੜੇ ਤੋਂ ਚਾਰਕੋਲ ਦਾ ਉਤਪਾਦਨ ਕਰਦਾ ਹੈ। ਹਾਲਾਂਕਿ ਹਰਿਆਣਾ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਦੋ ਪਲਾਂਟ ਰੋਜ਼ਾਨਾ 1,500 ਟਨ ਕੂੜੇ ਤੋਂ ਚਾਰਕੋਲ ਪੈਦਾ ਕਰਨਗੇ।

Advertisement
Advertisement
Author Image

sukhwinder singh

View all posts

Advertisement