ਲਾਲਚਵੱਸ ਮਨੁੱਖ ਖੁਦ ਹੀ ਬਣਿਆ ਆਫ਼ਤ: ਸੰਧਵਾਂ
ਖੇਤਰੀ ਪ੍ਰਤੀਨਿਧ
ਪਟਿਆਲਾ, 10 ਅਕਤੂਬਰ
‘ਲਾਲਸਾਵੱਸ ਮਨੁੱਖ ਵੱਲੋਂ ਕੁਦਰਤ ਦਾ ਘਾਣ ਕਰਨ ਦੀ ਘਿਨਾਓਣੀ ਕਾਰਵਾਈ ਨੇ ਅਨੇਕਾਂ ਆਫ਼ਤਾਂ ਨੂੰ ਜਨਮ ਦਿੱਤਾ ਹੈ ਜਿਸ ਕਾਰਨ ਅੱਜ ਮਨੁੱਖ ਖੁਦ ਹੀ ਇੱਕ ਆਫ਼ਤ ਬਣ ਕੇ ਰਹਿ ਗਿਆ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਉਹ ਪੰਜਾਬੀ ਯੂਨੀਵਰਸਿਟੀ ਵਿੱਚ ‘ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦੇ ਬੈਨਰ ਹੇਠਾਂ ਕਰਵਾਏ ਜਾ ਰਹੇ ਪੰਜ ਰੋਜ਼ਾ ਪ੍ਰੋਗਰਾਮ ਦੇ ਚੌਥੇ ਦਿਨ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਸੰਧਵਾਂ ਨੇ ਕਿਹਾ ਕਿ ਇਹ ਤੈਅ ਹੈ ਕਿ ਮਨੁੱਖ ਜਿੰਨਾ ਬੇਈਮਾਨ ਹੁੰਦਾ ਜਾਵੇਗਾ, ਭਵਿੱਖ ਵਿੱਚ ਓਨੀਆਂ ਹੀ ਆਫ਼ਤਾਂ ਵਧਦੀਆਂ ਜਾਣਗੀਆਂ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਲ ਮੁਲਤਾਨੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਅਧਿਆਪਕਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਨਿਰੰਤਰ ਅਜਿਹੇ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ। ਪ੍ਰੋਗਰਾਮ ਡਾਇਰੈਕਟਰ ਡਾ. ਨਿੰਮੀ ਨੇ ਇਸ ਪ੍ਰੋਗਰਾਮ ਦੌਰਾਨ ਹੋਈਆਂ ਤੇ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਨਿਰਮਾਣ ਕਰਦੇ ਰਹਿਣ ਦਾ ਵਾਅਦਾ ਕੀਤਾ।
ਇਸ ਮੌਕੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਡਾ. ਨੀਰਜ ਸ਼ਰਮਾ ਅਤੇ ਐੱਨ.ਆਈ.ਡੀ.ਐੱਮ. ਤੋਂ ਪੁੱਜੇ ਜੀ.ਆਈ. ਡੀ. ਆਰ. ਆਰ. ਦੇ ਮੁਖੀ ਡਾ. ਅਜਿੰਦਰ ਵਾਲੀਆ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।