For the best experience, open
https://m.punjabitribuneonline.com
on your mobile browser.
Advertisement

ਲਾਲਚ, ਚਾਹਤ ਅਤੇ ਉਮੀਦ

08:44 AM Sep 25, 2023 IST
ਲਾਲਚ  ਚਾਹਤ ਅਤੇ ਉਮੀਦ
Advertisement

ਪ੍ਰੋ. ਅਵਤਾਰ ਸਿੰਘ

Advertisement

ਬੰਦੇ ਦੇ ਮਨ ਵਿਚ ਲਾਲਚ ਵੀ ਉੱਠਦਾ ਹੈ, ਚਾਹਤ ਵੀ ਤੇ ਉਮੀਦ ਵੀ। ਇਹ ਤਿੰਨੇ ਗੱਲਾਂ ਦੇਖਣ ਨੂੰ ਬੇਸ਼ੱਕ ਅਲੱਗ ਅਲੱਗ ਲੱਗਦੀਆਂ ਹਨ ਪਰ ਇਹ ਅੰਦਰੋਂ ਆਪਸ ਵਿਚ ਇਕ ਦੂਜੀ ਨਾਲ ਜੁੜੀਆਂ ਹੋਈਆਂ ਤੇ ਇਕ ਹੀ ਗੱਲ ਹਨ। ਫਿਰ ਵੀ ਮੈਂ ਇਨ੍ਹਾਂ ਵਿਚ ਕੁਝ ਕੁਝ ਫਰਕ ਅਨੁਮਾਨਦਾ ਹੈ। ਮੇਰੇ ਮੁਤਾਬਕ ਧਨ, ਦੌਲਤ ਅਤੇ ਪਦਾਰਥ ਦਾ ਲਾਲਚ ਹੁੰਦਾ ਹੈ; ਪ੍ਰੇਮ ਮੁਹੱਬਤ ਦੀ ਚਾਹਤ ਤੇ ਮਾਣ ਸਨਮਾਨ ਅਤੇ ਇੱਜ਼ਤ ਦੀ ਉਮੀਦ ਹੁੰਦੀ ਹੈ। ਇਹ ਤਿੰਨੇ ਗੱਲਾਂ ਬੰਦੇ ਦੇ ਬੰਦਾ ਹੋਣ ਦੀ ਨਿਸ਼ਾਨੀ ਅਤੇ ਜ਼ਾਮਿਨ ਹਨ। ਜਿਸ ਅੰਦਰ ਇਹ ਤਿੰਨੇ ਨਾ ਹੋਣ, ਉਸ ਨੂੰ ਬੰਦਾ ਨਹੀਂ ਕਿਹਾ ਜਾ ਸਕਦਾ ਤੇ ਜਿਸ ਵਿਚ ਕੋਈ ਇਕ ਵੀ ਨਾ ਹੋਵੇ, ਉਹ ਸਮਝੋ ਓਨਾ ਹੀ ਅਧੂਰਾ ਹੁੰਦਾ ਹੈ। ਜਿਸ ਵਿਚ ਇਹ ਤਿੰਨੋਂ ਹੀ ਇੰਨੀ ਮਾਤਰਾ ਵਿਚ ਹੋਣ ਕਿ ਹੋਰ ਕੁਝ ਹੋਵੇ ਹੀ ਨਾ ਤਾਂ ਉਹ ਬੰਦਾ, ਬੰਦੇ ਦੀ ਬਜਾਇ ਨਿਰਾ ਅਸਤਰ ਹੁੰਦਾ ਹੈ। ਅਜਿਹੇ ਅਸਤਰ ਸਮਾਜ ਵਿਚ ਬੜੇ ਹੀ ਖ਼ਤਰਨਾਕ ਸਾਬਤ ਹੁੰਦੇ ਹਨ ਤੇ ਅਕਸਰ ਕਿਸੇ ਨਾ ਕਿਸੇ ਦਾ ਜੀਣਾ ਹਰਾਮ ਕਰੀ ਰੱਖਦੇ ਹਨ। ਅਜਿਹੇ ਲੋਕਾਂ ਲਈ ਕਾਨੂੰਨ ਦੀਆਂ ਬਾਹਾਂ ਵੀ ਬੌਣੀਆਂ ਸਾਬਤ ਹੁੰਦੀਆਂ ਹਨ ਜੋ ਉਨ੍ਹਾਂ ਦਾ ਵਾਲ ਵਿੰਗਾ ਵੀ ਨਹੀਂ ਕਰ ਸਕਦੀਆਂ। ਇਸੇ ਕਰ ਕੇ ਅਜਿਹੇ ਲੋਕ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦੇ ਹਨ ਤੇ ਰਾਤ ਦਿਨ ਦਨਦਨਾਉਂਦੇ ਫਿਰਦੇ ਹਨ।
ਦੁਨੀਆ, ਬੇਸ਼ੱਕ, ਉਪਰੋਕਤ ਕਿਸਮ ਦੇ ਲੋਕਾਂ ਨਾਲ ਭਰੀ ਪਈ ਹੈ। ਫਿਰ ਵੀ ਅਜਿਹੇ ਲੋਕ ਵੀ ਕਿਤੇ ਨਾ ਕਿਤੇ ਮਿਲ ਜਾਂਦੇ ਹਨ ਜਿਹੜੇ ਕੁਦਰਤ ਦੀ ਦਿੱਤੀ ਹੋਈ ਇਕ ਹੋਰ ਕਲਾ ਦਾ ਸਮੇਂ ਸਮੇਂ ਪ੍ਰਯੋਗ ਕਰਦੇ ਰਹਿੰਦੇ ਹਨ। ਇਸ ਕਲਾ ਨੂੰ ਬ੍ਰੇਕ ਵੀ ਕਿਹਾ ਜਾ ਸਕਦਾ ਹੈ ਤੇ ਸੰਜਮ ਵੀ। ਜਿਹੜਾ ਬੰਦਾ ਆਪਣੇ ਲਾਲਚ, ਚਾਹਤ ਤੇ ਉਮੀਦ ਦੀ ਲਗਾਮ ਖਿੱਚ ਕੇ ਨਹੀਂ ਰੱਖਦਾ, ਬ੍ਰੇਕ ਨਹੀਂ ਲਗਾਉਂਦਾ ਜਾਂ ਸੰਜਮ ਨਹੀਂ ਵਰਤਦਾ, ਉਹ ਬੰਦਾ ਸਿਰਫ ਬੰਦਾ ਹੈ, ਇਨਸਾਨ ਨਹੀਂ। ਇਨਸਾਨ ਉਹੀ ਹੈ ਜਿਸ ਨੂੰ ਪਤਾ ਹੋਵੇ ਕਿ ਲਾਲਚ, ਚਾਹਤ ਤੇ ਉਮੀਦ ਨੂੰ ਕਿਥੇ ਨੱਪਣਾ ਹੈ ਤੇ ਕਿੱਥੇ ਨਹੀਂ।
ਪੰਜਾਬ ਯੂਨੀਵਰਸਿਟੀ ਵਿਚ ਮੇਰੇ ਅਧਿਆਪਕ ਡਾ. ਸੱਚਰ ਦੱਸਦੇ ਸਨ ਕਿ ਉਨ੍ਹਾਂ ਨੂੰ ਸੁਰਤ ਸੰਭਾਲਦੇ ਹੀ ਇਨਸਾਨੀਅਤ ਦੇ ਅਜਿਹੇ ਸਬਕ ਸਿਖਾਏ ਗਏ ਕਿ ਉਹ ਲਾਲਚ, ਚਾਹਤ ਤੇ ਉਮੀਦ ਦੀ ਬ੍ਰੇਕ ਹਮੇਸ਼ਾ ਨੱਪੀ ਰੱਖਦੇ ਸਨ। ਉਹ ਮੁਹੱਬਤ ਦੇ ਠਾਠਾਂ ਮਾਰਦੇ ਸਮੁੰਦਰ ਸਨ ਤੇ ਬੜੇ ਹੀ ਸ਼ਾਹਾਨਾ ਅੰਦਾਜ਼ ਵਿਚ ਇੱਜ਼ਤਦਾਰ ਜੀਵਨ ਜਿਊਂਦੇ ਸਨ ਜਿਸ ਕਰ ਕੇ ਉਨ੍ਹਾਂ ਨੂੰ ਪਦਾਰਥ ਦੀ ਲੋੜ ਵੀ ਰਹਿੰਦੀ ਸੀ, ਮੁਹੱਬਤ ਅਤੇ ਇੱਜ਼ਤ ਦੇ ਵੀ ਉਹ ਪੁੱਜ ਕੇ ਹੱਕਦਾਰ ਸਨ ਪਰ ਉਹ ਕਈ ਵਾਰੀ ਹੱਸਦੇ ਹੋਏ ਦੱਸਦੇ ਸਨ ਕਿ ਉਹ ਅਨਾੜੀ ਡਰਾਈਵਰ ਵਾਂਗ ਸਦਾ ਹੀ ਬ੍ਰੇਕ ’ਤੇ ਪੈਰ ਰੱਖੀ ਰੱਖਦੇ ਰਹੇ ਹਨ ਜਿਸ ਕਰ ਕੇ ਉਨ੍ਹਾਂ ਦੇ ਸੱਜਣ ਮਿੱਤਰ ਸਾਰੇ ਸਮਝਦੇ ਹਨ ਜਿਵੇਂ ਉਨ੍ਹਾਂ ਨੂੰ ਪਦਾਰਥ, ਮੁਹੱਬਤ ਤੇ ਇੱਜ਼ਤ ਦੀ ਕੋਈ ਲੋੜ ਹੀ ਨਹੀਂ ਹੁੰਦੀ। ਉਨ੍ਹਾਂ ਨੇ ਆਪਣੀਆਂ ਤਮਾਮ ਲੋੜਾਂ ਨੂੰ ਇੰਨਾ ਸੰਕੋਚਿਆ ਤੇ ਸੰਜਮ ਵਿਚ ਲਪੇਟਿਆ ਹੋਇਆ ਸੀ ਕਿ ਉਹ ਇਨਸਾਨ ਤੋਂ ਵੀ ਵੱਧ ਕੋਈ ਦੇਵਪੁਰਸ਼ ਲਗਦੇ ਸਨ।
ਉਹ ਦੱਸਦੇ ਸਨ ਕਿ ਆਪਣੀਆਂ ਲੋੜਾਂ ਨੂੰ ਜਿੰਨਾ ਮਰਜ਼ੀ ਨੱਪੀ ਰੱਖੋ, ਫਿਰ ਵੀ ਕਈ ਸੱਜਣ ਅਕਸਰ ਆ ਜਾਂਦੇ ਹਨ ਤੇ ਮੱਲੋ-ਮੱਲੀ ਕਿਸੇ ਲੋੜ ਨੂੰ ਉਕਸਾ ਕੇ ਹਵਾ ਦੀ ਝੱਲ ਮਾਰ ਜਾਂਦੇ ਹਨ। ਜੇ ਕਿਸੇ ਦੇ ਮਨ ਅੰਦਰ ਸੱਚਮੁਚ ਕੋਈ ਇੱਛਾ ਜਾਗ ਪਵੇ ਤਾਂ ਉਹ ਸੱਜਣ ਐਨ ਆਖ਼ਰੀ ਮੌਕੇ ਇਹੋ ਜਿਹਾ ਕੋਰਾ
ਜਵਾਬ ਦੇ ਜਾਂਦੇ ਹਨ ਕਿ ਬੰਦਾ ਹੱਥ ਮਲ਼ਦਾ ਰਹਿ ਜਾਂਦਾ ਹੈ। ਉਹ ਇਕ ਉਦਾਹਰਨ ਦੇ ਕੇ ਦੱਸਦੇ ਹੁੰਦੇ ਸਨ ਕਿ ਜਿਵੇਂ ਕਿਸੇ ਕੋਲ ਕੋਈ ਜਾਵੇ ਤੇ ਕਹੇ- ‘ਯਾਰ ਤੂੰ ਕਾਰ ਲੈ ਲਾ, ਮੇਰਾ ਦੋਸਤ ਬੈਂਕ ਮੈਨੇਜਰ ਹੈ, ਤੈਨੂੰ ਘੱਟ ਵਿਆਜ ’ਤੇ ਲੋਨ ਲੈ ਦਿੰਦਾ ਹਾਂ।’ ਅਗਲਾ ਜਵਾਬ ਦੇਵੇ- ‘ਨਹੀਂ ਯਾਰ ਮੈਂ ਕਾਰ ਨਹੀਂ ਲੈਣੀ’ ਪਰ ਉਹ ਧੱਕੇ ਨਾਲ ਅਗਲੇ ਨੂੰ ਕਾਰ ਦਾ ਸੁਫ਼ਨਾ ਦਿਖਾ ਦਿੰਦਾ ਹੈ ਤੇ ਜੇ ਉਹ ਸੱਚਮੁਚ ਕਾਰ ਲੈਣ ਲਈ ਮਨ ਬਣਾ ਲਵੇ ਤਾਂ ਉਹ ਮਿੱਤਰ ਆਨਾਕਾਨੀ ਕਰਦਾ ਹੋਇਆ ਕੋਰਾ ਜਵਾਬ ਦੇ ਦਿੰਦਾ ਹੈ।
ਡਾ. ਸੱਚਰ ਦੱਸਦੇ ਸਨ ਕਿ ਜਿਹੜੇ ਬੰਦੇ ਨੂੰ ਬੇਵਜ੍ਹਾ ਸੁਫ਼ਨੇ ਦੇਖਣ ਦੀ ਆਦਤ ਨਾ ਹੋਵੇ, ਉਹਨੂੰ ਧੱਕੇ ਨਾਲ ਸੁਫ਼ਨੇ ਦਿਖਾ ਕੇ ਮੁੱਕਰ ਜਾਣਾ ਬਹੁਤ ਵੱਡਾ ਗੁਨਾਹ ਹੈ। ਅਜਿਹੇ ਮੌਕੇ ਉਹ ‘ਰਾਮ ਔਰ ਸਿ਼ਆਮ’ ਫਿਲਮ ਵਿਚ ਨੌਸ਼ਾਦ ਦੇ ਸੰਗੀਤ ਵਿਚ ਲਤਾ ਮੰਗੇਸ਼ਕਰ ਦੇ ਗਾਏ ਅਤੇ ਸ਼ਕੀਲ ਬਦਾਯੂਨੀ ਦੇ ਲਿਖੇ ਗਾਣੇ ਦੀ ਲਾਈਨ ਸੁਣਾਉਂਦੇ ਹੁੰਦੇ ਸਨ: ਮੈਨੇ ਕਬ ਤੁਮਸੇ ਕਹਾ ਥਾ ਕਿ ਮੁਝੇ ਪਿਆਰ ਕਰੋ, ਪਿਆਰ ਜਬ ਤੁਮ ਨੇ ਕੀਆ ਥਾ ਤੋ ਨਿਭਾਇਆ ਹੋਤਾ।
ਅੱਜ ਕੱਲ੍ਹ ਬਹੁਤ ਸਾਰੇ ਸੱਜਣ ਮਿੱਤਰ ਅਜਿਹੇ ਹਨ ਜਿਹੜੇ ਅਕਸਰ ਬੜਾ ਹੇਜ ਦਿਖਾਉਂਦੇ ਹਨ ਤੇ ਆਪਣੀ ਸਮਰੱਥਾ ਅਤੇ ਇਰਾਦੇ ਦੀ ਦ੍ਰਿੜਤਾ ਨਾਪੇ ਤੋਲੇ ਬਿਨਾਂ ਆ ਕੇ ਬੜੀ ਮੁਸ਼ਕਿਲ ਨਾਲ ਸਮਝਾਏ ਤੇ ਸੁਲਾਏ ਹੋਏ ਸੁਫ਼ਨੇ ਜਗਾਉਣ ਲੱਗ ਪੈਂਦੇ ਹਨ। ਨਾਂਹ ਨਾਂਹ ਕਰਨ ਦੇ ਬਾਵਜੂਦ ਉਹ ਅਜਿਹਾ ਉਕਸਾਉਂਦੇ ਹਨ ਕਿ ਹਠੀਲੇਪਣ ਤੋਂ ਪਰਹੇਜ਼ ਕਰਨ ਵਾਲ਼ੇ ਸੋਚਣ ਲੱਗ ਪੈਂਦੇ ਹਨ ਕਿ ਚਲੋ ਖ਼ੈਰਖ਼ਾਹ ਮਿੱਤਰ ਹੈ, ਇਹਦਾ ਦਿਲ ਕਾਹਨੂੰ ਤੋੜਨਾ। ਇੰਨੇ ਤਿਹੁ ਨਾਲ ਕਹਿੰਦਾ ਹੈ ਤਾਂ ਮੰਨਣ ਵਿਚ ਕੀ ਹਰਜ਼ ਹੈ! ਨਾਲੇ ਇੰਨੀ ਇੱਜ਼ਤ ਨਾਲ ਦੌਲਤ, ਸ਼ੁਹਰਤ, ਪ੍ਰੇਮ, ਪਿਆਰ ਤੇ ਮਾਣ ਸਨਮਾਨ ਮਿਲਦਾ ਕਿਹਨੂੰ ਬੁਰਾ ਲਗਦਾ ਹੈ। ਇਹੋ ਜਿਹੀਆਂ ਸੋਚਾਂ ਸੋਚਦਿਆਂ ਬਦੋ-ਬਦੀ ਮਿੱਤਰਾਂ ਨੂੰ ‘ਹਾਂ’ ਹੋ ਜਾਂਦੀ ਹੈ।
ਪਤਾ ਉਦੋਂ ਲਗਦਾ ਹੈ ਜਦ ਉਸ ਮਿੱਤਰ ਨੂੰ ਭੁੱਲ ਭੁਲਾ ਹੀ ਗਿਆ ਹੁੰਦਾ ਹੈ ਕਿ ਉਸ ਨੇ ਕਿਸੇ ਨੂੰ, ਕਿਸੇ ਵੇਲੇ, ਕੋਈ ਲਾਰਾ ਲਾਇਆ ਸੀ ਤੇ ਲਾਰਾ ਵੀ ਉਸ ਨੂੰ ਲਾਇਆ ਸੀ ਜਿਸ ਨੇ ਉਸ ਨੂੰ ਕਦੇ ਕਿਹਾ ਵੀ ਨਹੀਂ ਸੀ। ਅਜਿਹੇ ਮਿੱਤਰਾਂ ਦਾ ਕੋਈ ਕਿਆ ਕਰੇ, ਜਿਹੜੇ ਕਿਸੇ ਦੀਆਂ ਸੁੱਤੀਆਂ ਕਲਾਂ ਜਗਾ ਕੇ ਆਪ ਸੌਂ ਜਾਂਦੇ ਹਨ ਤੇ ਮੁੜ ਕੇ ਇਸ ਤਰ੍ਹਾਂ ਹੋ ਜਾਂਦੇ ਹਨ ਜਿਵੇਂ ਕੋਈ ਗੱਲ ਹੀ ਨਾ ਹੋਈ ਹੋਵੇ।
ਉਸ ਸਮੇਂ ਡਾ. ਸੱਚਰ ਵਾਲਾ ਉਪਰੋਕਤ ਗਾਣਾ ਹੀ ਗਾਇਆ ਜਾ ਸਕਦਾ ਹੈ: ਮੈਨੇ ਕਬ ਤੁਮਸੇ ਕਹਾ ਥਾ ਕਿ ਮੁਝੇ ਪਿਆਰ ਕਰੋ, ਪਿਆਰ ਜਬ ਤੁਮ ਨੇ ਕੀਆ ਥਾ ਤੋ ਨਿਭਾਇਆ ਹੋਤਾ।
ਸੰਪਰਕ: 94175-18384

Advertisement
Author Image

Advertisement
Advertisement
×