For the best experience, open
https://m.punjabitribuneonline.com
on your mobile browser.
Advertisement

ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ

08:03 AM Mar 15, 2024 IST
ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ
Advertisement

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਵੱਡ-ਆਕਾਰੀ ਇਤਿਹਾਸਕ ਪੁਸਤਕ ‘ਸਾਖੀ ਪ੍ਰਥਾਇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਉਨ੍ਹਾਂ ਦੀਆ ਵੰਸ਼ਜਾਂ ਦੀ’ (1506-1923)’ (ਕੀਮਤ: 495 ਰੁਪਏ; ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ) ਦੀ ਲੇਖਿਕਾ ਡਾ. ਅਮਰਜੀਤ ਕੌਰ ਟਿੱਬਣ ਕਲਾਂ (ਅੰਮ੍ਰਿਤਸਰ) ਸਿੱਖ ਇਤਿਹਾਸ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਹੈ। ਉਸ ਦੀਆਂ ਸਿੱਖ ਇਤਿਹਾਸ ਬਾਰੇ ਦੋ ਦਰਜਨ ਕਿਤਾਬਾਂ ਛਪ ਚੁੱਕੀਆਂ ਹਨ। ਚਾਰ ਕਿਤਾਬਾਂ ਛਪਾਈ ਅਧੀਨ ਹਨ। ਹੱਥਲੀ ਪੁਸਤਕ ਦਾ ਪਹਿਲਾ ਐਡੀਸ਼ਨ (2023) ਛਪ ਕੇ ਆਇਆ ਹੈ। ਪੁਸਤਕ ਵਿੱਚ 33 ਰੰਗਦਾਰ ਦੁਰਲੱਭ ਤਸਵੀਰਾਂ ਹਨ। ਇਨ੍ਹਾਂ ਵਿੱਚ ਬਾਬਾ ਬੁੱਢਾ ਜੀ ਦੇ ਅੰਤਿਮ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕੋਲ ਬੈਠਣ, ਬਾਬਾ ਬੁੱਢਾ ਜੀ ਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਰਸਮ ਕਰਨ ਸਮੇਂ, ਬਾਬਾ ਬੁੱਢਾ ਜੀ ਦਾ ਜਨਮ ਸਥਾਨ, ਕੱਥੂ ਨੰਗਲ, ਬਾਉਲੀ ਸਾਹਿਬ, ਤਪ ਸਥਾਨ ਝੰਡੇ ਰਾਮਦਾਸਪੁਰ, ਬਾਬਾ ਜੀ ਦਾ ਪਲੰਘ, ਗੁਰਦੁਆਰਾ ਸਮਾਧਾਂ ਰਾਮਦਾਸ, ਗੁਰਦੁਆਰਾ ਬਾਬਾ ਕ੍ਰਿਸ਼ਨ ਕੁੰਵਰ ਜੀ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਚੇਤਨਪੁਰਾ, ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਦੇ ਪ੍ਰਮੁੱਖ ਸੇਵਾਦਾਰ ਬਾਬਾ ਦੀਦਾਰ ਸਿੰਘ ਰੰਧਾਵਾ, ਬਾਬਾ ਭਗਵੰਤ ਭਜਨ ਜੀ, ਬਾਬਾ ਰਛਪਾਲ ਸਿੰਘ ਜੀ ਸਰਦਾਰ ਕੁਲਵੰਤ ਸਿੰਘ ਕਥੂਨੰਗਲ ਮਾਤਾ ਹਰਮੋਹਿੰਦਰ ਕੌਰ ਜੀ, ਬੀਬੀ ਜਸਵਿੰਦਰ ਕੌਰ ਰਮਦਾਸ ਜੀ ਦੀਆਂ ਤਸਵੀਰਾਂ ਸ਼ਾਮਿਲ ਹਨ।
ਪੁਸਤਕ ਦੋ ਭਾਗਾਂ ਵਿੱਚ ਹੈ। ਪਹਿਲੇ ਭਾਗ ਵਿੱਚ ਬਾਬਾ ਬੁੱਢਾ ਜੀ ਦੀ ਬੰਸਾਵਲੀ ਹੈ। ਬਾਬਾ ਜੀ ਦੇ ਚਾਰ ਸਪੁੱਤਰ ਸਨ: ਸੁਧਾਰੀ, ਭਿਮਾਰੀ, ਮਹਿਮੂ ਤੇ ਭਾਨਾ। ਭਾਨਾ ਸਭ ਤੋਂ ਛੋਟਾ ਪੁੱਤਰ ਸੀ। ਭਾਨਾ ਦੇ ਦੋ ਪੁੱਤਰ ਸਰਵਣ ਤੇ ਜਲਾਲ ਸੀ। ਸਰਵਣ ਦਾ ਪੁੱਤਰ ਝੰਡਾ ਸੀ। ਝੰਡਾ ਦੇ ਪੁੱਤਰ ਗੁਰਦਿੱਤਾ ਤੇ ਹਰਦਿੱਤਾ ਸਨ। ਗੁਰਦਿੱਤਾ ਦਾ ਪੁੱਤਰ ਭਾਈ ਕੁਇਰ ਜੀ ਸਨ। ਇਉਂ ਇਹ ਪੀੜ੍ਹੀ ਹੁਣ ਤੱਕ ਚਲਦੀ ਆ ਰਹੀ ਹੈ। ਪੁਸਤਕ ਵਿੱਚ ਸਾਰਾ ਜ਼ਿਕਰ ਹੈ। ਭਾਈ ਕੁਇਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ ਸੀ ਤੇ ਉਨ੍ਹਾਂ ਦਾ ਨਾਮ ਗੁਰਬਖਸ਼ ਸਿੰਘ ਹੋ ਗਿਆ ਸੀ।
ਬਾਬਾ ਬੁੱਢਾ ਜੀ ਦੇ ਪਿਤਾ ਦਾ ਨਾਮ ਭਾਈ ਸੁਘਾ ਜੀ ਤੇ ਮਾਤਾ ਗੌਰਾਂ ਜੀ ਸਨ। ਮਾਤਾ ਸੁਲੱਖਣੀ ਜੀ (ਮਹਿਲ ਗੁਰੂ ਨਾਨਕ ਦੇਵ ਜੀ) ਨੇ ਆਪਣੇ ਪੇਕੇ ਅਚਲ ਬਟਾਲਾ ਤੋਂ ਬਾਬਾ ਬੁੱਢਾ ਜੀ ਨੂੰ ਰਿਸ਼ਤਾ ਲਿਆਂਦਾ ਸੀ। ਬਾਬਾ ਬੁੱਢਾ ਜੀ ਦੀ ਧਰਮ ਪਤਨੀ ਬੀਬੀ ਮਿਰੋਯਾ ਸੀ। ਬਾਬਾ ਬੁੱਢਾ ਜੀ ਦੇ ਵਿਆਹ ਵਿੱਚ ਗੁਰੂ ਨਾਨਕ ਸਾਹਿਬ, ਮਾਤਾ ਸੁਲੱਖਣੀ ਤੇ ਦੋਵੇਂ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਗਏ ਸਟ। ਬਾਬਾ ਜੀ ਦਾ ਵੱਡਾ ਪੁੱਤਰ ਸੁਧਾਰੀ ਸੀ। ਪਿੰਡ ਭਾਨਾ ਤਲਵੰਡੀ ਬਾਬਾ ਜੀ ਦੇ ਛੋਟੇ ਪੁੱਤਰ ਦੇ ਨਾਂ ’ਤੇ ਹੈ। ਪਿੰਡ ਝੰਡੇ ਰਾਮਦਾਸਪੁਰ ਬਾਬਾ ਜੀ ਨੇ ਵਸਾਇਆ ਸੀ। ਝੰਡਾ ਜੀ ਬਾਬਾ ਜੀ ਦੇ ਪੜਪੋਤਰੇ ਸਨ। ਲੇਖਿਕਾ ਦੀ ਖੋਜ ਅਨੁਸਾਰ ਬਾਬਾ ਜੀ ਦੇ ਪੁੱਤਰ ਸੁਧਾਰੀ ਜੀ ਦਾ ਵੰਸ਼ ਇਸ ਵੇਲੇ ਛੇਹਰਟਾ ਸਾਹਿਬ ਵਿੱਚ ਹੈ। ਬਾਬਾ ਜੀ ਦਾ ਹੋਰ ਪਰਿਵਾਰ ਡੇਰਾ ਬਾਬਾ ਨਾਨਕ, ਅਜਨਾਲਾ, ਪੱਖੋਕੀ ਆਦਿ ਪਿੰਡਾਂ ਵਿੱਚ ਵੱਸਦਾ ਹੈ। ਬਾਬਾ ਜੀ ਦੇ ਵੰਸ਼ ਵਿੱਚੋਂ ਭਾਈ ਚੰਨਣ ਸਿੰਘ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵਿੱਚ ਮੁਲਾਜ਼ਮ ਰਿਹਾ ਹੈ। ਪੁਸਤਕ ਦੇ ਪਹਿਲੇ ਭਾਗ ਵਿੱਚ ਬਾਬਾ ਬੁੱਢਾ ਜੀ ਵੱਲੋਂ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਲਾਉਣਾ, ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦਾ ਮਿਲਾਪ, ਬਾਦਸ਼ਾਹ ਅਕਬਰ ਦਾ ਗੋਇੰਦਵਾਲ ਆਉਣਾ, ਗੁਰੂ ਰਾਮਦਾਸ ਜੀ ਨੇ ਗੁਰੂ ਕਾ ਚੱਕ (ਅੰਮ੍ਰਿਤਸਰ) ਵਸਾਉਣਾ, ਪ੍ਰਿਥੀ ਚੰਦ ਨੇ ਬਾਬਾ ਜੀ ਨੂੰ ਕੁਬੋਲ ਬਚਨ ਕਰਨੇ, ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਵਿੱਚ ਸੇਵਾ ਕਰਨੀ, ਮਾਤਾ ਗੰਗਾ ਜੀ ਦਾ ਪੁੱਤਰ ਵਰ ਲੈਣ ਲਈ ਬੀੜ ਸਾਹਿਬ ਬਾਬਾ ਜੀ ਕੋਲ ਜਾਣਾ ਆਦਿ ਪ੍ਰਸੰਗ ਦਿਲਚਸਪ ਸ਼ੈਲੀ ਵਿੱਚ ਦਰਜ ਹਨ। ਸੰਖੇਪਤਾ ਇਸ ਕਿਤਾਬ ਦਾ ਵਿਸ਼ੇਸ਼ ਗੁਣ ਹੈ। ਛੇਵੇਂ ਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰਾਂ ਦੀ ਸਿਖਲਾਈ ਬਾਬਾ ਬੁੱਢਾ ਜੀ ਨੇ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪ੍ਰਸੰਗ ਹੈ। ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬਾਦਸ਼ਾਹ ਜਹਾਂਗੀਰ ਵੱਲੋਂ ਕੈਦ ਕਰਨ ਅਤੇ ਬਾਬਾ ਬੁੱਢਾ ਜੀ ਦਾ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਗਵਾਲੀਅਰ ਜਾਣ ਦੀ ਸਾਖੀ ਪੁਸਤਕ ਵਿੱਚ ਹੈ।
ਬਾਬਾ ਜੀ ਦੇ ਵੰਸ਼ਜਾਂ ਵੱਲੋਂ ਸਮੇਂ ਸਮੇਂ ’ਤੇ ਵਿਖਾਈਆਂ ਕੁਝ ਕਰਾਮਾਤਾਂ ਦਾ ਜ਼ਿਕਰ ਹੈ। ਇੱਕ ਸਿੱਖ ਕਾਬਲ ਤੋਂ ਛੇਵੇਂ ਗੁਰੂ ਸਾਹਿਬ ਲਈ ਘੋੜਾ ਲਿਆ ਰਿਹਾ ਸੀ। ਰਸਤੇ ਵਿੱਚ ਮੁਗ਼ਲਾਂ ਦੇ ਸੂਬੇਦਾਰ ਨੇ ਖੋਹ ਲਿਆ। ਉਹ ਸਿੱਖ ਬਾਬਾ ਬੁੱਢਾ ਜੀ ਪਾਸ ਫਰਿਆਦ ਲੈ ਕੇ ਆਇਆ। ਉਹ ਘੋੜਾ ਬਾਬਾ ਜੀ ਨੇ ਬਹੁਤ ਕਲਾਮਈ ਜੁਗਤ ਨਾਲ ਵਾਪਸ ਲਿਆ। ਇਹ ਸਾਖੀ ਪੁਸਤਕ ਵਿੱਚ ਦਰਜ ਹੈ। ਪੁਸਤਕ ਦੇ ਪਹਿਲੇ ਭਾਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦੀ ਰਸਮ, ਦੋ ਤਲਵਾਰਾਂ ਪਹਿਨਣ ਦਾ ਹੁਕਮ, ਸੈਨਿਕ ਭਰਤੀ ਕਰਨੇ, ਅੰਮ੍ਰਿਤਸਰ ਸਾਹਿਬ ਦੀ ਕਿਲ੍ਹੇਬੰਦੀ, ਬੀਬੀ ਕੌਲਾਂ ਦਾ ਸਿੱਖੀ ਪਿਆਰ, ਗੁਰੂ ਹਰਿਗੋਬਿੰਦ ਸਾਹਿਬ ਦਾ ਬੀਬੀ ਕੋਲਾਂ ਕੋਲ ਜਾਣਾ, ਬਾਬਾ ਜੀ ਨੇ ਬਬਿੇਕਸਰ ਦੀ ਸਥਾਪਨਾ ਕਰਨੀ (ਪੰਨਾ 191-194) ਤੇ ਸੰਗਤਾਂ ਨੂੰ ਵਰ ਦੇਣੇ ਆਦਿ ਦੇ ਵੇਰਵੇ ਦਰਜ ਹਨ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਨਾ, ਬੀਬੀ ਕੌਲਾਂ ਦੀ ਉਮਰ 24 ਦਿਨ ਰਹਿਣ ਦੀ ਭਵਿੱਖਵਾਣੀ, ਕਰਤਾਰਪੁਰ (ਜਲੰਧਰ) ਵਸਾਉਣ ਤੇ ਬੀਬੀ ਕੌਲਾਂ ਦਾ ਚੌਵੀ ਦਿਨਾਂ ਪਿੱਛੋਂ ਕਰਤਾਰਪੁਰ ਵਿੱਚ ਅਕਾਲ ਚਲਾਣਾ ਕਰਨ ਦਾ ਬਿਰਤਾਂਤ ਹੈ। ਇਹ ਜ਼ਿਕਰ ਵੀ ਹੈ ਕਿ ਬਾਬਾ ਅਟਲ ਰਾਏ ਜੀ ਨੂੰ ਗੁਰੂ ਸਾਹਿਬ ਨੇ ਬੀਬੀ ਕੌਲਾਂ ਦੀ ਝੋਲੀ ਪਾ ਦਿੱਤਾ ਸੀ। ਮਾਂ ਕੌਲਾਂ ਤੇ ਪੁੱਤਰ ਬਾਬਾ ਅਟਲ ਰਾਏ ਜੀ ਦੀ ਯਾਦਗਾਰ ਕੌਲਸਰ ਸਰੋਵਰ ਦੇ ਕੰਢੇ ’ਤੇ ਹੈ। ਬਾਬਾ ਜੀ ਨੇ ਆਪਣਾ ਅੰਤਿਮ ਸਮਾਂ ਵੇਖ ਕੇ ਹੁਕਮ ਕੀਤਾ ਕਿ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੇਰੇ ਕੋਲ ਲਿਆਓ। ਇਸ ਸਮੇਂ ਬਾਬਾ ਜੀ ਦੇ ਚਾਰੇ ਪੁੱਤਰ, ਗੁਰੂ ਸਾਹਿਬ ਤੇ ਹੋਰ ਸੇਵਕ ਕੋਲ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ। ਬਾਬਾ ਬਿਧੀ ਚੰਦ ਜੀ ਨੇ ਜਪੁਜੀ ਸਾਹਿਬ ਦਾ ਪਾਠ ਉੱਚੀ ਬੋਲ ਕੇ ਕੀਤਾ। ਭਾਈ ਗੁਰਦਾਸ ਜੀ ਨੇ ਕੀਰਤਨ ਸੋਹਿਲਾ ਤੇ ਅਲਾਹੁਣੀਆਂ ਦਾ ਪਾਠ ਕੀਤਾ। ਭਾਨਾ ਜੀ ਨੇ ਬਾਬਾ ਜੀ ਦੀ ਦੇਹ ਨੂੰ ਅਗਨੀ ਵਿਖਾਈ। ਬਾਬਾ ਬੁੱਢਾ ਜੀ ਦੀ ਦੁਨਿਆਵੀ ਆਯੂ 125 ਸਾਲ ਸੀ (ਜਨਮ 22 ਅਕਤੂਬਰ 1506 ਭਾਵ 14 ਮੱਘਰ 1631 ਈਸਵੀ)। ਬਾਬਾ ਜੀ ਦੇ ਅਕਾਲ ਚਲਾਣੇ ਸਮੇਂ ਬਹੁਤ ਸਾਰੇ ਪਕਵਾਨ ਬਣਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਗੁਰਬਾਣੀ ਕੀਰਤਨ ਹੋਇਆ।
ਪੁਸਤਕ ਦੇ ਦੂਸਰੇ ਭਾਗ ਵਿੱਚ ਬਾਬਾ ਜੀ ਦੇ ਚਾਰ ਪੁੱਤਰਾਂ ਦਾ ਜੀਵਨ ਪ੍ਰਸੰਗ ਹੈ। ਭਾਈ ਭਾਨਾ ਜੀ ਨੇ ਗੁਰੂ ਸਾਹਿਬ ਨੂੰ ਗੁਰਿਆਈ ਦੇਣ ਦੀ ਰਸਮ ਨਿਭਾਈ। ਭਾਨਾ ਜੀ ਨੇ ਹੀ ਉਦਾਸੀ ਸੰਪ੍ਰਦਾਇ ਦੀਆਂ ਪੱਗਾਂ ਬੰਨ੍ਹੀਆਂ। ਇਸ ਭਾਗ ਵਿੱਚ ਬਾਬਾ ਜੀ ਦੀਆਂ ਅਗਲੀਆਂ ਪੀੜ੍ਹੀਆ ਦਾ ਜ਼ਿਕਰ ਹੈ। ਭਾਈ ਭਾਨਾ ਜੀ ਦੇ ਸਪੁੱਤਰ ਭਾਈ ਸਰਵਣ ਜੀ ਸਨ। ਭਾਈ ਸਰਵਣ ਜੀ ਗੁਰੂ ਹਰਿਰਾਇ ਸਾਹਿਬ ਕੋਲ ਰਹੇ। ਭਾਈ ਸਰਵਣ ਜੀ ਦੇ ਘਰ ਭਾਈ ਝੰਡਾ ਜੀ ਹੋਏ। ਭਾਈ ਝੰਡਾ ਜੀ ਦੇ ਘਰ ਭਾਈ ਗੁਰਦਿੱਤਾ ਜੀ ਤੇ ਭਾਈ ਹਰਦਿੱਤਾ ਜੀ ਸਨ। ਭਾਈ ਗੁਰਦਿੱਤਾ ਜੀ ਦੇ ਘਰ ਭਾਈ ਕੁਇਰ ਜੀ ਹੋਏ। ਭਾਈ ਝੰਡਾ ਜੀ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਤਿਲਕ ਲਾਇਆ, ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਲਾਇਆ, ਭਾਈ ਕੁਇਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤੇ ਨਾਮ ਗੁਰਬਖਸ਼ ਸਿੰਘ ਹੋਇਆ। ਭਾਈ ਕੁਇਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਿਆਈ ਦੀ ਰਸਮ ਪੂਰੀ ਕੀਤੀ। ਬਾਬਾ ਜੀ ਦੇ ਵੰਸ਼ਜ ਦੀਆਂ ਸਾਖੀਆਂ ਤੇ ਕਰਾਮਾਤਾਂ ਦਾ ਜ਼ਿਕਰ ਪੁਸਤਕ ਵਿੱਚ ਹੈ। ਬਾਬਾ ਜੀ ਦਾ ਇਹ ਸਾਰਾ ਪਰਿਵਾਰ ਇਤਿਹਾਸ ਵਿੱਚ ਬ੍ਰਿਧ ਕਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪ੍ਰਸਿੱਧ ਪੁਸਤਕ ‘ਸੌ ਸਾਖੀ’ ਦਾ ਖੋਜਮਈ ਜ਼ਿਕਰ ਹੈ। ਸੌ ਸਾਖੀ ਦਾ ਸਿੱਖਾਂ ਵਿੱਚ ਕਾਫ਼ੀ ਸਮਾਂ ਪ੍ਰਚਲਣ ਰਿਹਾ ਹੈ। ਇਸ ਤੋਂ ਇਲਾਵਾ ਇਸ ਪਰਿਵਾਰ ਦੇ ਭਾਈ ਰਾਮਾ ਜੀ, ਭਾਈ ਸੁਖਾ ਜੀ, ਮਾਤਾ ਪ੍ਰਧਾਨ ਕੌਰ, ਭਾਈ ਮੋਹਰ ਸਿੰਘ ਜੀ, ਭਾਈ ਕ੍ਰਿਸ਼ਨ ਕੁੰਵਰ ਜੀ ਦਾ ਜੀਵਨ ਵੇਰਵਾ ਹੈ। ਇੱਕ ਸਾਖੀ ਸੂਫ਼ੀ ਕਵੀ ਸ਼ਾਹ ਹੁਸੈਨ ਦੇ ਗੁਰਬਖਸ਼ ਸਿੰਘ ਨਾਲ ਰੂਹਾਨੀ ਮਿਲਾਪ ਦੀ ਹੈ। ਮਹੰਤਾਂ ਦੇ ਸੇਵਾਕਾਲ ਦਾ ਜ਼ਿਕਰ ਹੈ। 1923 ਵਿੱਚ ਝੰਡੇ ਰਾਮਦਾਸਪੁਰ ਦਾ ਸਾਰਾ ਪ੍ਰਬੰਧ ਗੁਰਦੁਆਰਾ ਸੁਧਾਰ ਲਹਿਰ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਚਲਾ ਜਾਂਦਾ ਹੈ। 1506-1923 ਦੇ ਸਮੇਂ ਦੀ ਇਤਿਹਾਸਕ ਪੁਸਤਕ ਦਾ ਸਿੱਖ ਇਤਿਹਾਸ ਦੇ ਜਗਿਆਸੂ ਪਾਠਕਾਂ, ਪ੍ਰਚਾਰਕ ਸਾਹਿਬਾਨ, ਖੋਜੀ ਵਿਦਵਾਨਾਂ ਅਤੇ ਢਾਡੀ ਸਿੰਘਾਂ ਲਈ ਬਹੁਤ ਮਹੱਤਵ ਹੈ। ਇਹ ਪੁਸਤਕ ਸਿੱਖ ਵਿਦਿਅਕ ਅਦਾਰਿਆਂ ਵਾਸਤੇ ਕੀਮਤੀ ਸੌਗਾਤ ਹੈ।

Advertisement

ਸੰਪਰਕ: 98148-56160

Advertisement
Author Image

sukhwinder singh

View all posts

Advertisement
Advertisement
×