For the best experience, open
https://m.punjabitribuneonline.com
on your mobile browser.
Advertisement

ਅਪਾਰ ਕਿਰਪਾ

06:11 AM Jun 12, 2024 IST
ਅਪਾਰ ਕਿਰਪਾ
Advertisement

ਕਮਲੇਸ਼ ਉੱਪਲ

Advertisement

ਕੰਮ ਆਖ਼ਿਰਕਾਰ ਹੋ ਗਿਆ ਸੀ। ਪ੍ਰੋਫੈਸਰੀ ਵਾਸਤੇ ਮੇਰੀ ਇੰਟਰਵਿਊ ਦੀ ਤਰੀਕ ਰੱਖੀ ਗਈ ਸੀ। ਯੂਨੀਵਰਸਿਟੀਆਂ ਵਿਚ ਕਰੀਅਰ ਐਡਵਾਂਸਮੈਂਟ ਸਕੀਮ (ਕੈਸ) ਵਾਲੀਆਂ ਇੰਟਰਵਿਊ ਕਦੇ-ਕਦੇ ਰੱਫੜ ਅਤੇ ਵਿਵਾਦ ਦਾ ਬਾਇਸ ਬਣ ਜਾਂਦੀਆਂ। ਅਜਿਹਾ ਉਦੋਂ ਹੁੰਦਾ ਜਦੋਂ ਤਰੱਕੀ ਦੇ ਹੱਕਦਾਰ ਮਨਮਾਨੇ ਢੰਗ ਨਾਲ ਚੁਣ ਲਏ ਜਾਣ। ਇਸ ਵਿਚ ਦੋਸ਼ ਕੁਝ ਕੁ ਅਧਿਆਪਕਾਂ ਦਾ ਵੀ ਹੁੰਦਾ ਹੈ। ਜਦੋਂ ਦਾ ਇਹ ਵਾਕਿਆ ਹੈ, ਉਦੋਂ ਅਕਾਦਮਿਕ ਭਾਈਚਾਰਾ ਦੋ ਧੜਿਆਂ ਵਿਚ ਵੰਡਿਆ ਗਿਆ ਸੀ। ਇਕ ਧੜਾ ਵੀਸੀ ਪੱਖੀ ਤੇ ਦੂਜਾ ਅਧਿਆਪਕ ਪੱਖੀ ਹੋ ਗਿਆ ਸੀ। ਦੋਹਾਂ ਧੜਿਆਂ ਵਿਚ ਰੱਸਾਕਸ਼ੀ ਚੱਲ ਰਹੀ ਸੀ। ਮਸਕਾ ਲਗਾਉਣ ਵਾਲੇ ਦੂਜਿਆਂ ਨਾਲੋਂ ਪਹਿਲਾਂ ਪ੍ਰੋਫੈਸਰ ਬਣ ਗਏ ਪਰ ਜੋ ਕਹਾਣੀ ਮੈਂ ਬਿਆਨਣ ਲੱਗੀ ਹਾਂ, ਉਹ ਬਿਨਾਂ ਸਵੈ-ਮਾਣ ਜਾਂ ਸਵੈ-ਤਰਸ ਦੀ ਭਾਵਨਾ ਤੋਂ ਹੈ।
ਇਸ ਕੇਸ ਵਿਚ ਬੜੀ ਦੇਰ ਬਾਅਦ ਇੰਟਰਵਿਊ ਦੀ ਤਰੀਕ ਤਾਂ ਨਿਸਚਿਤ ਹੋ ਗਈ ਪਰ ਉਸ ਤੋਂ ਪਹਿਲਾਂ ਅਣਕਿਆਸਿਆ ਅਤੇ ਅਸਾਧਾਰਨ ਭਾਣਾ ਵਾਪਰ ਗਿਆ। ਬੜੀ ਉਡੀਕ ਮਗਰੋਂ ਮਿਲੀ ਨਸੀਬਾਂ ਵਾਲੀ ਘੜੀ ਤੋਂ ਪੂਰੇ ਚੌਵੀ ਘੰਟੇ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ। ਤੇਜ਼ ਰਫ਼ਤਾਰ ਵਿਦਿਆਰਥੀ ਸਕੂਟਰ ਸਵਾਰ ਨੇ ਮੈਨੂੰ ਸਾਈਕਲ ਤੋਂ ਸੁੱਟ ਦਿਤਾ। ਸਿਰ ’ਤੇ ਸੱਟ ਵੱਜੀ ਤੇ ਮੇਰੀ ਪੈਲਵਿਸ ਦੀ ਹੱਡੀ ਟੁੱਟ ਗਈ। ਸਿਰ ਦੀ ਸੱਟ ਨੂੰ ਤਾਂ ਡਾਕਟਰ ਨੇ ਟਾਂਕੇ ਲਾ ਕੇ ਸਿਉਂ ਦਿਤਾ ਪਰ ਪੈਲਵਿਸ (ਸਰੀਰ ਦੀ ਕੇਂਦਰੀ ਹੱਡੀ) ਨੂੰ ਜੋੜਨ ਲਈ ਜੋ ਖਿੱਚ (ਟਰੈਕਸ਼ਨ) ਲਗਣੀ ਸੀ, ਉਸ ਨੂੰ ਮੈਂ ਇਕ ਦਿਨ ਲਈ ਟਾਲ ਦਿਤਾ। ਮੇਰੇ ਸੁਆਰਥੀ ਨਿੱਜ ਨੇ ਹੱਡੀ ਜੁੜਵਾਉਣ ਦੀ ਚਾਰਾਜੋਈ ਇੰਟਰਵਿਊ ਲੰਘ ਜਾਣ ਤਕ ਮੁਲਤਵੀ ਕਰ ਦਿੱਤੀ। ਪਹਿਲਾਂ ਇੰਟਰਵਿਊ, ਹੱਡੀ ਜੁੜਵਾਉਣਾ ਮਗਰੋਂ। ਇਹ ਵੀ ਭਾਵੀ ਦਾ ਭਾਣਾ ਸਮਝੋ ਕਿ ਜ਼ਰੂਰੀ ਕਾਰਵਾਈ ਉਸ ਸਮੇਂ ਦੇ ਯੂਟੀ ਦੇ ਅਫਸਰ ਜਿਨ੍ਹਾਂ ਕੋਲ ਯੂਨੀਵਰਸਿਟੀ ਦੇ ਵੀਸੀ ਦਾ ਅਹੁਦਾ ਵੀ ਸੀ, ਦੇ ਦਫ਼ਤਰ ਦੀ ਬਿਲਡਿੰਗ ਵਿਚ ਹੋਣੀ ਸੀ। ਇਸ ਲਈ ਟੁੱਟ ਕੇ ਲਟਕਦੀ ਹੱਡੀ ਵਾਲੀ ਹਾਲਤ ਵਿਚ ਮੈਨੂੰ ਪਟਿਆਲਿਉਂ ਚੰਡੀਗੜ੍ਹ ਸੈਕਟਰ 9 ਵਾਲੇ ਸਕੱਤਰੇਤ ਜਾਣਾ ਪਿਆ। ਕਿਸੇ ਵਾਕਿਫ਼ਕਾਰ ਦਾ ‘ਵਾਕਰ’ ਕੰਮ ਆ ਗਿਆ ਤੇ ਮੈਂ ਠੀਕ ਵਕਤ ’ਤੇ ਪਹੁੰਚ ਗਈ। ਵੀਸੀ ਅਤੇ ਮਾਹਿਰ ਦੇਖ ਕੇ ਹੈਰਾਨ ਹੋਏ ਜਦੋਂ ਮੈਂ ਦੱਸਿਆ ਕਿ ਐਕਸੀਡੈਂਟ ਚੌਵੀ ਘੰਟੇ ਪਹਿਲਾਂ ਹੀ ਹੋਇਆ ਹੈ। ਉਨ੍ਹਾਂ ਇੰਟਰਵਿਊ ਲਈ। ਮੇਰੀਆਂ ਲਿਖੀਆਂ ਕਿਤਾਬਾਂ ਫੋਲ-ਫੋਲ ਕੇ ਸਵਾਲ ਕੀਤੇ, ਹਾਂ-ਪੱਖੀ ਟਿੱਪਣੀਆਂ ਕੀਤੀਆਂ ਤੇ “ਬੁਲਾ ਲਓ ਆਪਣੇ ਲੈ ਜਾਣ ਵਾਲ਼ਿਆਂ ਨੂੰ” ਕਹਿ ਕੇ ਵਿਹਲੀ ਕਰ ਦਿਤਾ।
ਉਂਝ, ਵਾਰਦਾਤ ਦਾ ਇਕ ਹੋਰ ਜ਼ਰੂਰੀ ਪੱਖ ਦੱਸਣਾ ਰਹਿ ਗਿਆ ਹੈ। ਐਕਸੀਡੈਂਟ ਵਾਲੇ ਦਿਨ ਓਰਥੋਪੀਡਿਸਟ (ਹੱਡੀਆਂ ਵਾਲਾ) ਅਤੇ ਰੇਡੀਓਲੋਜਿਸਟ (ਐਕਸਰੇ ਵਾਲਾ) ਵੱਲ ਜਾਂਦਿਆਂ ਜਦੋਂ ਮੈਂ ਸਿਰ ਉਤੇ ਹੱਥ ਫੇਰਿਆਂ ਤਾਂ ਪਰੇਸ਼ਾਨ ਹੋ ਗਈ। ਮੇਰਾ ਵਾਲਾਂ ’ਤੇ ਲਾਉਣ ਵਾਲਾ ਸੁਨਹਿਰੀ ਹੇਅਰਬੈਂਡ ਗਾਇਬ ਸੀ। ਸਿਰ ਦੀ ਸੱਟ ’ਤੇ ਟਾਂਕੇ ਲਵਾ ਕੇ, ਪੱਟੀ ਬਨ੍ਹਵਾ ਕੇ, ਇੰਟਰਵਿਊ ਦੇ ਆਈ ਸਾਂ ਪਰ ਮੈਨੂੰ ਗੁਆਚੇ ਹੇਅਰਬੈਂਡ ਦਾ ਖ਼ਿਆਲ ਸਤਾ ਰਿਹਾ ਸੀ। ਖ਼ਿਆਲ ਆਇਆ ਕਿ 14 ਕੈਰਟ ਸੋਨੇ ਦਾ ਹੇਅਰਬੈਂਡ ਉਦੋਂ ਜ਼ਰੂਰ ਕਿਸੇ ਦੇ ਹੱਥ ਲੱਗ ਗਿਆ ਹੋਣੈ ਜਦੋਂ ਟੱਕਰ ਮਾਰਨ ਵਾਲੇ ਜਾਂ ਕਿਸੇ ਹੋਰ ਨੇ ਮੇਰਾ ਦੁਪੱਟਾ ਮੇਰੇ ਸਿਰ ਦੀ ਸੱਟ ’ਤੇ ਬੰਨ੍ਹਿਆ। ਇਕ ਭਲੇ ਪ੍ਰੋਫੈਸਰ ਮੈਨੂੰ ਆਪਣੀ ਕਾਰ ਵਿਚ ਬਿਠਾ ਕੇ ਮੁੱਢਲੀ ਦਵਾ-ਦਾਰੂ ਲਈ ਨੇੜਲੇ ਹਸਪਤਾਲ ਲੈ ਗਏ। ਬੈਂਡ ਕਿਸੇ ਦੇ ਹੱਥ ਲੱਗਾ ਜਾਂ ਸੜਕ ’ਤੇ ਹੀ ਕਿਤੇ ਡਿੱਗ ਪਿਆ, ਕੁਝ ਪਤਾ ਨਹੀਂ ਪਰ ਮੈਨੂੰ ਉਸ ਦੇ ਗੁੰਮ ਜਾਣ ਦਾ ਦੁੱਖ ਜ਼ਰੂਰ ਸੀ।...
ਮਗਰੋਂ ਮੇਰੀ ਵੱਡੀ ਭੈਣ ਨੇ ਕਿਹਾ, “ਸੋਨੇ ਦੇ ਹੇਅਰਬੈਂਡ ਨੂੰ ਨਾ ਰੋ। ਸ਼ੁਕਰ ਕਰ ਦਾਤੇ ਦਾ ਕਿ ਇਸ ਅਚਾਨਕ ਹੋ ਗਏ ‘ਦਾਨ’ ਨੇ ਤੇਰੀ ਜਾਨ ਬਚਾ ਦਿਤੀ।... ਐਕਸੀਡੈਂਟ ਤੋਂ ਤੀਸਰੇ ਹੀ ਦਿਨ ਸਾਡੇ ਘਰ ਪਿਆਰੀ ਤੇ ਗੋਭਲੀ ਜਿਹੀ ਪੋਤਰੀ (ਸਰਗਮ) ਨੇ ਜਨਮ ਲਿਆ। ਪੈਰਾਂ ਨੂੰ ਇੱਟਾਂ ਬੰਨ੍ਹ ਕੇ ਖਿੱਚ ਲਵਾਉਣ ਦੇ ਦੋ ਹਫ਼ਤਿਆਂ ਬਾਅਦ ਹੀ ਮੈਨੂੰ ਖ਼ਬਰ ਮਿਲ ਗਈ ਕਿ ਯੂਜੀਸੀ ਨੇ ਮੇਰੀ ਪ੍ਰੋਫੈਸਰੀ ਲਈ ਮਨਜ਼ੂਰੀ (ਕਲੀਅਰੈਂਸ) ਭੇਜ ਦਿਤੀ ਹੈ।...
ਦੋ ਦਹਾਕੇ ਪਹਿਲਾਂ ਦੀ ਇਸ ਘਟਨਾਵਲੀ ਬਾਰੇ ਹੁਣ ਵੀ ਇਹੋ ਸੋਚਦੀ ਹਾਂ ਕਿ ਜ਼ਿੰਦਗੀ ਬਹੁਰੰਗੀ ਵੀ ਹੈ ਤੇ ਬੁਝਾਰਤ ਵੀ। ਬੰਦਾ ਕੁਝ ਹਾਸਿਲ ਕਰ ਕੇ ਹੁੱਬਦਾ ਹੈ, ਭੰਗੜੇ ਪਾਉਂਦਾ ਹੈ, ਇਹ ਸਮਝਣ ਦੀ ਕੋਸ਼ਿਸ਼ ਕਦੇ ਨਹੀਂ ਕਰਦਾ ਕਿ ਕੁਝ ਦੇ ਕੇ ਹੀ ਕੁਝ ਮਿਲਦਾ ਹੈ। ਉਸ ਦੀ ਅਪਾਰ ਕਿਰਪਾ, ਉਸ ਦੀ ਰਜ਼ਾ ਤੇ ਦਿਆਲਤਾ, ਹੋਣੀ ਜਾਂ ਭਾਵੀ ਆਦਿ ਸਭ ਅਟਲ ਹਨ।
ਸੰਪਰਕ: 98149-02564

Advertisement
Author Image

joginder kumar

View all posts

Advertisement
Advertisement
×