ਸ਼ੁਕਰਗੁਜ਼ਾਰੀ ਵਿਲੱਖਣ ਗੁਣ
ਪ੍ਰਿੰਸੀਪਲ ਵਿਜੈ ਕੁਮਾਰ
ਸੰਸਾਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਦੀ ਜ਼ਿੰਦਗੀ ਵਿੱਚ ਕਦੇ ਔਖੀ ਘੜੀ ਨਾ ਆਈ ਹੋਵੇ। ਜਿਸ ਨੇ ਉਸ ਔਖੇ ਵੇਲੇ ਵਿੱਚ ਕਿਸੇ ਦੀ ਮਦਦ ਨਾ ਲੋਚੀ ਹੋਵੇ। ਜੇਕਰ ਕੋਈ ਇਨਸਾਨ ਧਨ ਦੌਲਤ, ਰਾਜਸੀ ਤਾਕਤ, ਪਹੁੰਚ ਅਤੇ ਜਿਸਮਾਨੀ ਤੰਦੁਰਸਤੀ ਦੇ ਨਸ਼ੇ ਅਤੇ ਘੁਮੰਡ ਵਿੱਚ ਇਹ ਸੋਚੇ ਤੇ ਕਹੇ ਕਿ ਉਸ ਨੂੰ ਕਦੇ ਕਿਸੇ ਦੀ ਲੋੜ ਨਹੀਂ ਪੈਣੀ ਤਾਂ ਉਹ ਬਹੁਤ ਵੱਡੇ ਮੁਗਾਲਤੇ ਵਿੱਚ ਹੈ। ਅਸੀਂ ਇੱਕ ਦੂਜੇ ਬਿਨਾ ਅਧੂਰੇ ਹਾਂ। ਮਨੁੱਖ ਨੂੰ ਆਪਣੇ ਜੀਵਨ ਵਿੱਚ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਉਸ ਨੂੰ ਕਦੇ ਵੀ ਕਿਸੇ ਦੀ ਵੀ ਲੋੜ ਪੈ ਸਕਦੀ ਹੈ। ਮੈਂ ਕਿਸੇ ਨੂੰ ਕੀ ਸਮਝਦਾ, ਮੈਂ ਵੱਡਿਆਂ ਵੱਡਿਆਂ ਦੀ ਪਰਵਾਹ ਨਹੀਂ ਕਰਦਾ, ਮੈਂ ਟੁੰਡੀ ਲਾਟ ਨੂੰ ਨਹੀਂ ਮੰਨਦਾ, ਇਸ ਤਰ੍ਹਾਂ ਦੇ ਵਾਕ ਉਨ੍ਹਾਂ ਲੋਕਾਂ ਦੇ ਮੂੰਹਾਂ ਵਿੱਚੋਂ ਨਿਕਲਦੇ ਹਨ ਜਿਨ੍ਹਾਂ ਨੂੰ ਹੰਕਾਰ ਵਿੱਚ ਧਰਤੀ ਨਜ਼ਰ ਨਹੀਂ ਆਉਂਦੀ। ਉੱਪਰ ਵਾਲਾ ਘੜੀ ਪਲਾਂ ਵਿੱਚ ਮਨੁੱਖ ਨੂੰ ਉਸ ਦੀ ਥਾਂ ਵਿਖਾ ਦਿੰਦਾ ਹੈ। ਜ਼ਿੰਦਗੀ ਦੇ ਔਖੇ ਪਲਾਂ ਵਿੱਚ ਜ਼ਿਆਦਾਤਰ ਲੋਕ ਅੱਖਾਂ ਫੇਰ ਲੈਂਦੇ ਹਨ। ਮਾੜੇ ਸਮੇਂ ਵਿੱਚ ਲੋਕਾਂ ਨੇ ਬਾਂਹ ਤਾਂ ਕੀ ਫੜਨੀ ਹੁੰਦੀ ਹੈ, ਉਲਟਾ ਉਹ ਉਸ ਦਾ ਮਜ਼ਾਕ ਉਡਾਉਣ ਲੱਗਦੇ ਹਨ। ਉਸ ‘ਤੇ ਤਨਜ਼ ਕੱਸਣ ਲੱਗਦੇ ਹਨ। ਤਾੜੀਆਂ ਮਾਰਨ ਲੱਗ ਪੈਂਦੇ ਹਨ। ਉਸ ਦੇ ਜਲੇ ‘ਤੇ ਲੂਣ ਛਿੜਕਣ ਲੱਗਦੇ ਹਨ। ਕਿਹਾ ਇਹ ਵੀ ਜਾਂਦਾ ਹੈ ਕਿ ਧਰਤੀ ‘ਤੇ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ। ਤੁਹਾਡੀ ਮਾੜੇ ਦੌਰ ਵਿੱਚੋਂ ਲੰਘ ਰਹੀ ਜ਼ਿੰਦਗੀ ਦੀ ਕਿਸ਼ਤੀ ਨੂੰ ਪਾਰ ਲੰਘਾਉਣ ਲਈ ਕੋਈ ਨਾ ਕੋਈ ਵਿਅਕਤੀ ਮਸੀਹਾ ਬਣ ਕੇ ਆ ਬਹੁੜਦਾ ਹੈ। ਉਸ ਮਸੀਹੇ ਨੇ ਤੁਹਾਡੇ ਕੋਲੋਂ ਕੁਝ ਲੈਣਾ ਨਹੀਂ ਹੁੰਦਾ। ਉਸ ਦੇ ਇਵਜ਼ ਵਿੱਚ ਉਹ ਤੁਹਾਡੇ ਕੋਲੋਂ ਚਾਹੁੰਦਾ ਵੀ ਕੁਝ ਨਹੀਂ ਹੁੰਦਾ। ਉਸ ਦੀ ਇਹ ਇੱਛਾ ਵੀ ਨਹੀਂ ਹੁੰਦੀ ਕਿ ਤੁਸੀਂ ਉਸ ਦੇ ਪ੍ਰਤੀ ਸ਼ੁਕਰਗੁਜ਼ਾਰ ਹੋਵੋ। ਦੂਜਿਆਂ ਦੇ ਸੰਕਟ ਵਿੱਚ ਮਦਦ ਲਈ ਆ ਖੜ੍ਹਨਾ ਉਸ ਦੀ ਫਿਤਰਤ ਦਾ ਹਿੱਸਾ ਹੁੰਦਾ ਹੈ, ਪਰ ਉਸ ਦਰਵੇਸ਼ ਵਿਅਕਤੀ ਦੁਆਰਾ ਕੀਤੀ ਗਈ ਸਹਾਇਤਾ ਲਈ ਉਸ ਦਾ ਸ਼ੁਕਰਗੁਜ਼ਾਰ ਹੋਣਾ ਤੁਹਾਡਾ ਇਖਲਾਕੀ ਫਰਜ਼ ਬਣਦਾ ਹੈ।
ਸ਼ੁਕਰਗੁਜ਼ਾਰ ਹੋਣ ਦਾ ਅਰਥ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਦਾ ਸ਼ੁਕਰਾਨਾ ਜਾਂ ਧੰਨਵਾਦ ਕਰਕੇ ਵਿਹਲੇ ਹੋ ਜਾਓ। ਉਸ ਤੋਂ ਬਾਅਦ ਉਸ ਨੂੰ ਕਦੇ ਮਿਲੋ-ਜੁਲੋ ਵੀ ਨਾ। ਉਸ ਦਾ ਦੁੱਖ ਸੁੱਖ ਵੀ ਨਾ ਪੁੱਛੋ। ਜਦੋਂ ਉਸ ਨੂੰ ਤੁਹਾਡੀ ਲੋੜ ਪਵੇ ਤਾਂ ਤੁਸੀਂ ਕੋਈ ਨਾ ਕੋਈ ਮਜਬੂਰੀ ਦੱਸ ਕੇ ਜਾਂ ਬਹਾਨਾ ਬਣਾ ਕੇ ਉਸ ਤੋਂ ਪੱਲਾ ਛੁਡਾਉਣ ਲੱਗ ਪਵੋ। ਸਾਡੇ ਸਮਾਜ ਵਿੱਚ ਨਾਸ਼ੁਕਰਿਆਂ, ਅਹਿਸਾਨਫਰਾਮੋਸ਼ਾਂ ਅਤੇ ਅਕ੍ਰਿਤਘਣਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇੱਕ ਨੂੰਹ ਨੂੰ ਉਸ ਦੇ ਪੇਕੇ ਜਣੇਪੇ ਤੋਂ ਬਾਅਦ ਪੈਸੇ ਖਰਚਣ ਦੇ ਮਾਰੇ ਹਸਪਤਾਲ ਵਿੱਚ ਹੀ ਛੱਡ ਗਏ। ਉਸ ਦੀ ਸੱਸ ਉਸ ਨੂੰ ਤਿੰਨ ਮਹੀਨੇ ਹਸਪਤਾਲ ਵਿੱਚ ਲੈ ਕੇ ਬੈਠੀ ਰਹੀ। ਠੀਕ ਹੋਣ ਤੋਂ ਬਾਅਦ ਘਰ ਆ ਕੇ ਉਸ ਨੂੰਹ ਨੇ ਆਪਣੇ ਪੇਕਿਆਂ ਨੂੰ ਮਾੜਾ ਕਹਿਣ ਦੀ ਬਜਾਏ ਆਪਣੀ ਸੱਸ ਨੂੰ ਕਿਹਾ ਕਿ ਉਸ ਨੇ ਹਸਪਤਾਲ ਵਿੱਚ ਉਸ ਦੀ ਸੇਵਾ ਨਹੀਂ ਕੀਤੀ। ਅਸਲੀਅਤ ਇਹ ਹੈ ਕਿ ਜੇਕਰ ਉਸ ਦੀ ਸੱਸ ਉਸ ਨੂੰ ਹਸਪਤਾਲ ਲੈ ਕੇ ਨਾ ਪਹੁੰਚਦੀ ਤਾਂ ਅੱਜ ਉਹ ਇਸ ਦੁਨੀਆ ਵਿੱਚ ਨਾ ਹੁੰਦੀ। ਨਾਸ਼ੁਕਰਿਆਂ, ਅਕ੍ਰਿਤਘਣਾਂ, ਅਹਿਸਾਨਫਰਾਮੋਸ਼ਾਂ ਅਤੇ ਮਤਬਲਪ੍ਰਸਤ ਲੋਕਾਂ ਦੀ ਗਿਣਤੀ ਵਧਣ ਕਾਰਨ ਸਮਾਜ ਦਾ ਮਾਹੌਲ ਪਲੀਤ ਹੋ ਰਿਹਾ ਹੈ। ਇੱਕ ਦੂਜੇ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਵਧ ਰਹੀ ਹੈ। ਜ਼ਿਆਦਾਤਰ ਲੋਕ ਔਖੇ ਵੇਲੇ ਇੱਕ ਦੂਜੇ ਦਾ ਸਾਥ ਦੇਣ ਤੋਂ ਹਿਚਕਿਚਾ ਰਹੇ ਹਨ। ਔਖੀ ਘੜੀ ਜਾਂ ਮੁਸੀਬਤ ਵੇਲੇ ਕਿਸੇ ਵੱਲੋਂ ਕੀਤੀ ਗਈ ਸਹਾਇਤਾ ਲਈ ਕਿਸੇ ਦਾ ਸ਼ੁਕਰਾਨਾ ਕਰਨ ਜਾਂ ਕਿਸੇ ਦੇ ਅਹਿਸਾਨ ਨੂੰ ਯਾਦ ਰੱਖਣ ਵਾਲੇ ਲੋਕਾਂ ਦੀ ਸ਼ਖ਼ਸੀਅਤ ਵਿਲੱਖਣ ਹੁੰਦੀ ਹੈ। ਲੋਕਾਂ ਦੀ ਨਜ਼ਰ ਵਿੱਚ ਉਨ੍ਹਾਂ ਦਾ ਸਨਮਾਨ ਹੁੰਦਾ ਹੈ। ਇਸ ਦੁਨੀਆ ਤੋਂ
ਚਲੇ ਜਾਣ ਤੋਂ ਬਾਅਦ ਵੀ ਉਹ ਜਿਉਂਦੇ ਰਹਿੰਦੇ ਹਨ।
ਜੇਕਰ ਕੋਈ ਵਿਅਕਤੀ ਹਸਦ ਦਾ ਮਾਰਾ ਕਿਸੇ ਦੇ ਸਾਹਮਣੇ ਉਸ ਦੀ ਆਲੋਚਨਾ ਕਰਦਾ ਹੈ ਤਾਂ ਉਹ ਵਿਅਕਤੀ ਆਲੋਚਨਾ ਕਰਨ ਵਾਲੇ ਨੂੰ ਹੀ ਅਕ੍ਰਿਤਘਣ ਸਮਝਦੇ ਹਨ। ਵਿਲੱਖਣ ਸ਼ਖ਼ਸੀਅਤ ਵਾਲੇ ਮੇਰੇ ਇੱਕ ਦੋਸਤ ਦਾ ਇਹ ਗੁਣ ਹੈ ਕਿ ਉਹ ਅਖ਼ਬਾਰ ਵਿੱਚ ਪੜ੍ਹ ਕੇ ਅਤੇ ਸੋਸ਼ਲ ਮੀਡੀਆ ‘ਤੇ ਸੁਣ ਕੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਤਿਆਰ ਹੋ ਜਾਂਦਾ ਹੈ। ਉਸ ਨੇ ਮੇਰੇ ਸਕੂਲ ਦੇ ਕੈਂਸਰ ਦੀ ਬਿਮਾਰੀ ਦੇ ਸ਼ਿਕਾਰ ਸੱਤ ਸਾਲ ਦੇ ਇੱਕ ਬੱਚੇ ਨੂੰ ਡੇਢ ਲੱਖ ਰੁਪਏ ਦੀ ਰਕਮ ਸਹਾਇਤਾ ਵਜੋਂ ਭੇਜ ਕੇ ਮੈਨੂੰ ਰਿਣੀ ਬਣਾ ਲਿਆ ਹੈ। ਮੈਂ ਕੇਵਲ ਇਸ ਜਨਮ ਵਿੱਚ ਨਹੀਂ ਸਗੋਂ ਜਨਮ ਜਨਮ ਤੱਕ ਉਸ ਦਾ ਰਿਣੀ ਅਤੇ ਸ਼ੁਕਰਗੁਜ਼ਾਰ ਰਹਾਂਗਾ।
ਲੁਧਿਆਣੇ ਵਸਦੀ ਇੱਕ ਦਾਨਿਸ਼ਮੰਦ ਰਹਿਮਦਿਲ ਪਰਿਵਾਰ ਦੀ ਔਰਤ ਮੇਰੇ ਲੇਖਾਂ ਨੂੰ ਪੜ੍ਹ ਕੇ ਮੇਰੇ ਸਕੂਲ ਦੇ ਗ਼ਰੀਬ ਬੱਚਿਆਂ ਨੂੰ ਹਰ ਸਾਲ ਉਨ੍ਹਾਂ ਦੀ ਫੀਸ ਲਈ ਹਜ਼ਾਰਾਂ ਰੁਪਏ ਭੇਜਦੀ ਹੈ, ਉਸ ਔਰਤ ਦੇ ਸਹੁਰੇ ਅਤੇ ਪੇਕੇ ਪਰਿਵਾਰ ਨੂੰ ਮੇਰਾ ਸਿਰ ਝੁਕਾ ਕੇ ਪ੍ਰਣਾਮ ਕਰਨਾ ਬਣਦਾ ਹੈ। ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਉਸ ਦੇ ਪਰਿਵਾਰ ਲਈ ਸਦਾ ਅਸੀਸਾਂ ਨਿਲਦੀਆਂ ਰਹਿਣਗੀਆਂ ਤੇ ਮੈਂ ਉਸ ਦਾ ਜਨਮਾਂ ਤੱਕ ਸ਼ੁਕਰਗੁਜ਼ਾਰ ਰਹਾਂਗਾ। ਔਖੇ ਵੇਲੇ ਕਿਸੇ ਵੱਲੋਂ ਕੀਤੀ ਗਈ ਸਹਾਇਤਾ ਲਈ ਸ਼ੁਕਰਗੁਜ਼ਾਰ ਉਹੀ ਵਿਅਕਤੀ ਹੋ ਸਕਦਾ ਹੈ ਜਿਸ ਦਾ ਦਿਲ ਵੱਡਾ ਹੋਵੇ, ਫਰਾਖਦਿਲ ਹੋਵੇ, ਜਿਸ ਨੂੰ ਆਪਣੇ ਪਰਿਵਾਰ ਤੋਂ ਚੰਗੇ ਸੰਸਕਾਰ ਮਿਲੇ ਹੋਣ। ਜੋ ਲੈਣਾ ਹੀ ਨਹੀਂ, ਦੂਜਿਆਂ ਨੂੰ ਦੇਣਾ ਵੀ ਜਾਣਦਾ ਹੋਵੇ। ਜਿਸ ਦੇ ਪੱਲੇ ਚੰਗੀ ਸੀਰਤ ਅਤੇ ਗੈਰਤ ਹੋਵੇ। ਹਿੰਦੀ ਭਾਸ਼ਾ ਦੇ ਮਹਾਨ ਲੇਖਕ ਮਹਾਂਵੀਰ ਪ੍ਰਸਾਦ ਦਿਵੇਦੀ ਦਾ ਕਹਿਣਾ ਹੈ ਕਿ ਨਿੱਜਤਾ ਤੱਕ ਮਹਿਦੂਦ ਰਹਿਣ ਵਾਲੇ ਅਤੇ ਮੌਕਾਪ੍ਰਸਤ ਲੋਕ ਕਦੇ ਵੀ ਕਿਸੇ ਵੱਲੋਂ ਕੀਤੀ ਗਈ ਸਹਾਇਤਾ ਲਈ ਸ਼ੁਕਰਗੁਜ਼ਾਰ ਨਹੀਂ ਹੋ ਸਕਦੇ। ਪ੍ਰਿੰਸੀਪਲ ਦੇ ਅਹੁਦੇ ‘ਤੇ ਕੰਮ ਕਰਦਿਆਂ ਮੇਰਾ ਵਾਹ ਇੱਕ ਅਜਿਹੇ ਅਧਿਆਪਕ ਨਾਲ ਪਿਆ ਜਿਸ ਦੀ ਸ਼ਿਕਾਇਤੀ ਆਧਾਰ ‘ਤੇ ਮੇਰੇ ਸਕੂਲ ਵਿੱਚ ਬਦਲੀ ਹੋਈ ਸੀ ਤੇ ਉਸ ਦੀਆਂ ਆਰਥਿਕ ਤਰੱਕੀਆਂ ਰੋਕੀਆਂ ਹੋਈਆਂ ਸਨ। ਇੱਕ ਦਿਨ ਤਨਖ਼ਾਹ ਬਿਲਾਂ ‘ਤੇ ਹਸਤਾਖਰ ਕਰਦਿਆਂ ਮੈਂ ਆਪਣੇ ਕਲਰਕ ਨੂੰ ਉਸ ਦੀ ਤਨਖ਼ਾਹ ਘੱਟ ਹੋਣ ਦਾ ਕਾਰਨ ਪੁੱਛਿਆ। ਕਲਰਕ ਨੇ ਮੈਨੂੰ ਸਾਰੀ ਕਹਾਣੀ ਸੁਣਾ ਦਿੱਤੀ। ਮੈਂ ਉਸ ਅਧਿਆਪਕ ਨੂੰ ਬੁਲਾ ਕੇ ਕਿਹਾ, ”ਤੁਸੀਂ ਕਲਰਕ ਨੂੰ ਆਪਣਾ ਬੇਨਤੀ ਪੱਤਰ ਦਿਓ, ਜ਼ਿਲ੍ਹਾ ਸਿੱਖਿਆ ਅਫ਼ਸਰ ਮੇਰਾ ਜਾਣੂੰ ਹੈ।” ਉਸ ਨੇ ਕਲਰਕ ਨੂੰ ਬੇਨਤੀ ਪੱਤਰ ਦਿੱਤਾ। ਕਲਰਕ ਨੇ ਉਸ ਦਾ ਪੱਤਰ ਲੈ ਕੇ ਮੈਨੂੰ ਕਿਹਾ, ”ਸਰ, ਇਸ ਦੀ ਮਦਦ ਨਾ ਕਰੋ। ਇਹ ਬਹੁਤ ਹੀ ਨਾਸ਼ੁਕਰਾ ਅਤੇ ਅਹਿਸਾਨਫਰਾਮੋਸ਼ ਬੰਦਾ ਹੈ।” ਮੈਂ ਆਪਣੇ ਕਲਰਕ ਨੂੰ ਕਿਹਾ ਕਿ ਇਸ ਦੇ ਔਗੁਣਾਂ ਨੂੰ ਵੇਖ ਕੇ ਜੇਕਰ ਮੈਂ ਆਪਣੇ ਗੁਣ ਛੱਡ ਦਿੱਤੇ ਤਾਂ ਮੇਰੇ ਅਤੇ ਇਸ ਵਿੱਚ ਕੀ ਫ਼ਰਕ ਰਿਹਾ। ਖ਼ੈਰ! ਉਸ ਅਕਾਲ ਪੁਰਖ ਦੀ ਕਿਰਪਾ ਨਾਲ ਉਸ ਦਾ ਕੰਮ ਹੋ ਗਿਆ। ਉਸ ਅਧਿਆਪਕ ਨੂੰ ਲੱਖਾਂ ਰੁਪਏ ਬਕਾਇਆ ਮਿਲ ਗਿਆ। ਕਲਰਕ ਨੇ ਉਸ ਅਧਿਆਪਕ ਨੂੰ ਕਿਹਾ, ”ਯਾਰ, ਤੂੰ ਦਫ਼ਤਰ ਵਿੱਚ ਜਾ ਕੇ ਸਰ ਦਾ ਇੱਕ ਵਾਰ ਧੰਨਵਾਦ ਤਾਂ ਕਰ ਦੇਣਾ ਸੀ।” ਉਸ ਅਧਿਆਪਕ ਨੇ ਅੱਗੋਂ ਜੋ ਕਿਹਾ, ਉਹ ਉਸ ਦੀ ਫਿਤਰਤ ਨੂੰ ਦਰਸਾਉਣ ਵਾਲਾ ਸੀ। ਉਸ ਨੇ ਕਲਰਕ ਨੂੰ ਜਵਾਬ ਦਿੱਤਾ, ”ਯਾਰ, ਇਸ ਵਿੱਚ ਧੰਨਵਾਦ ਕਰਨ ਵਾਲੀ ਕਿਹੜੀ ਗੱਲ ਹੈ। ਇਹ ਉਨ੍ਹਾਂ ਦੀ ਡਿਊਟੀ ਦਾ ਹਿੱਸਾ ਹੈ।” ਮੈਂ ਉਸ ਦੀ ਇਸ ਅਕ੍ਰਿਤਘਣਤਾ ਨੂੰ ਇਹ ਸੋਚ ਕੇ ਭੁੱਲ ਗਿਆ ਕਿ ਮੇਰਾ ਉਹ ਫ਼ਰਜ਼ ਹੀ ਸੀ।
ਕਿਸੇ ਵੱਲੋਂ ਕੀਤੀ ਗਈ ਸਹਾਇਤਾ ਲਈ ਉਸ ਦੇ ਸ਼ੁਕਰਗੁਜ਼ਾਰ ਹੋਣ ਦਾ ਸਬਕ ਮਨੁੱਖ ਆਪਣੇ ਪਰਿਵਾਰ, ਚੰਗੇ ਦੋਸਤਾਂ ਦੀ ਸੰਗਤ, ਚੰਗਾ ਸਾਹਿਤ ਪੜ੍ਹਨ ਤੋਂ ਸਿੱਖਦਾ ਹੈ। ਸਾਨੂੰ ਸ਼ੁਕਰਗੁਜ਼ਾਰ ਹੋਣ ਲਈ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਸ ਨਾਲ ਸਾਡਾ ਦੂਜਿਆਂ ‘ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਜ਼ਿੰਦਗੀ ਵਿੱਚ ਸਾਨੂੰ ਸਿਰਫ਼ ਇੱਕ ਵਾਰ ਹੀ ਨਹੀਂ ਸਗੋਂ ਅਨੇਕਾਂ ਵਾਰ ਦੂਜਿਆਂ ਦੀ ਸਹਾਇਤਾ ਦੀ ਲੋੜ ਪੈਂਦੀ ਹੈ। ਸਾਡੇ ਸ਼ੁਕਰਗੁਜ਼ਾਰ ਹੋਣ ਦੇ ਗੁਣ ਨੂੰ ਵੇਖ ਕੇ ਹੋਰ ਲੋਕ ਵੀ ਸਾਡੀ ਮਦਦ ਲਈ ਝੱਟ ਤਿਆਰ ਹੋ ਸਕਣਗੇ।
ਸੰਪਰਕ: 98726-27136