ਰਾਣੀਆਂ ਸੀਟ ’ਤੇ ਦਾਦਾ-ਪੋਤਾ ਆਹਮੋ-ਸਾਹਮਣੇ
ਜਗਤਾਰ ਸਮਾਲਸਰ
ਏਲਨਾਬਾਦ, 11 ਸਤੰਬਰ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕ ਜਿਉਂ-ਜਿਉਂ ਨੇੜੇ ਆ ਰਹੀ ਹੈ, ਚੋਣ ਮੈਦਾਨ ਭਖਣਾ ਸ਼ੁਰੂ ਹੋ ਗਿਆ। ਹਿਸਾਰ ਲੋਕ ਸਭਾ ਸੀਟ ’ਤੇ ਆਹਮਣੇ-ਸਾਹਮਣੇ ਹੋਣ ਮਗਰੋਂ ਰਾਣੀਆ ਵਿਧਾਨ ਸਭਾ ਸੀਟ ’ਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਚੌਟਾਲਾ ਪਰਿਵਾਰ ਇੱਕ ਵਾਰ ਫਿਰ ਆਹਮਣੇ-ਸਾਹਮਣੇ ਹੈ। ਇੱਥੇ ਚੌਟਾਲਾ ਪਰਿਵਾਰ ਦੇ ਦਾਦਾ-ਪੋਤਾ ਇੱਕ ਦੂਜੇ ਖ਼ਿਲਾਫ਼ ਚੋਣ ਮੈਦਾਨ ਵਿੱਚ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੇ ਚੌਧਰੀ ਰਣਜੀਤ ਸਿੰਘ ਚੌਟਾਲਾ ਦਾ ਮੁਕਾਬਲਾ ਇਸ ਵਾਰ ਚੌਟਾਲਾ ਪਰਿਵਾਰ ਦੇ ਹੀ ਇਨੈਲੋ ਉਮੀਦਵਾਰ ਅਰਜੁਨ ਚੌਟਾਲਾ ਨਾਲ ਹੈ। ਰਣਜੀਤ ਸਿੰਘ ਚੌਟਾਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਹਨ, ਜਦਕਿ ਅਰਜੁਨ ਚੌਟਾਲਾ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਅਤੇ ਅਭੈ ਸਿੰਘ ਚੌਟਾਲਾ ਦੇ ਛੋਟੇ ਪੁੱਤਰ ਹਨ। 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਣਜੀਤ ਸਿੰਘ ਚੌਟਾਲਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਿਆਂ ਇੱਥੇ ਹਲੋਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ 19,431 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਬਾਅਦ ਵਿੱਚ ਰਣਜੀਤ ਚੌਟਾਲਾ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਵਾਰ ਭਾਜਪਾ ਵੱਲੋਂ ਉਨ੍ਹਾਂ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਉਹ ਫਿਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ ਪਰ ਇਸ ਵਾਰ ਇੱਥੇ ਸਮੀਕਰਨ ਬਦਲੇ ਨਜ਼ਰ ਆ ਰਹੇ ਹਨ ਕਿਉਂਕਿ ਰਣਜੀਤ ਸਿੰਘ ਚੌਟਾਲਾ ਨੂੰ ਹੁਣ ਆਪਣੇ ਹੀ ਪਰਿਵਾਰ ਦੇ ਇੱਕ ਧੜੇ (ਇਨੈਲੋ) ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਅਜੈ ਚੌਟਾਲਾ ਦੀ ਪਾਰਟੀ ਜਜਪਾ ਵੱਲੋਂ ਇੱਥੋਂ ਕੋਈ ਉਮੀਦਵਾਰ ਨਾ ਖੜ੍ਹਾ ਕੇ ਚੌਧਰੀ ਰਣਜੀਤ ਚੌਟਾਲਾ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਲਈ ਇਹ ਸੀਟ ਇਨੈਲੋ ਅਤੇ ਜਜਪਾ ਲਈ ਵੱਕਾਰ ਦਾ ਸਵਾਲ ਵੀ ਬਣ ਗਈ ਹੈ।