ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਨੀ ਦੀ ਪੁਰਾਣੀ ਕਾਪੀ

05:24 AM Dec 18, 2024 IST

 

Advertisement

ਪਵਨਜੀਤ ਕੌਰ

ਦੋਵੇਂ ਨਾਨਾ ਨਾਨੀ ਜਦੋਂ ਅੱਗੜ ਪਿੱਛੜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਉਨ੍ਹਾਂ ਦਾ ਮਕਾਨ ਇੱਕ ਤਰ੍ਹਾਂ ਖਾਲੀ ਹੋ ਗਿਆ। ਇਹ ਵੀ ਅਜੀਬ ਦਾਸਤਾਂ ਹੈ ਕਿ ਇਨਸਾਨ ਪਹਿਲਾਂ ਮਿਹਨਤ, ਸੰਘਰਸ਼ ਤੇ ਚਾਵਾਂ ਨਾਲ ਤੀਲ੍ਹਾ ਤੀਲ੍ਹਾ ਜੋੜ ਕੇ ਆਪਣੇ ਰਹਿਣ ਲਈ ਮਕਾਨ ਬਣਾਉਂਦਾ ਹੈ, ਫਿਰ ਉਸ ਵਿੱਚ ਲੋੜੀਂਦਾ ਸਾਮਾਨ ਸਮੇਂ ਸਮੇਂ ਇਕੱਠਾ ਕਰਦਾ ਰਹਿੰਦਾ ਹੈ ਤੇ ਅਖੀਰ ਉਹ ਸਭ ਕੁਛ ਛੱਡ ਕੇ ਤੁਰ ਜਾਂਦਾ ਹੈ। ਨਾਨੇ ਦੇ ਭੋਗ ਤੋਂ ਬਾਅਦ ਦੂਰ ਦੂਰ ਦੇ ਰਿਸ਼ਤੇਦਾਰ ਤਾਂ ਆਪੋ ਆਪਣੇ ਟਿਕਾਣਿਆਂ ’ਤੇ ਚਲੇ ਗਏ ਤੇ ਹੁਣ ਘਰ ਦੇ ਹੀ ਭੈਣ ਭਰਾ ਤੇ ਉਨ੍ਹਾਂ ਦੇ ਬੱਚੇ ਹੀ ਰਹਿ ਗਏ ਸਨ। ਮੈਂ ਦੇਖਿਆ ਕਿ ਮਾਮਾ ਜੀ ਨਾਨਾ-ਨਾਨੀ ਦੇ ਸਭ ਕਾਗਜ਼ ਪੱਤਰ, ਫਾਈਲਾਂ ਤੇ ਚਿੱਠੀਆਂ ਵਗੈਰਾ ਸਾੜ ਰਹੇ ਸਨ ਕਿ ਇਨ੍ਹਾਂ ਨੂੰ ਹੁਣ ਕੀ ਕਰਨਾ ਹੈ, ਅਸੀਂ ਤਾਂ ਚਲੇ ਹੀ ਜਾਣਾ ਹੈ। ਮੈਂ ਚੁੱਪ ਕਰ ਕੇ ਇੱਕ ਪੁਰਾਣੀ ਘਸੀ ਕਾਪੀ ਚੁੱਕ ਕੇ ਨਾਲ ਲੈ ਆਈ।
ਦੇਖਿਆ ਤਾਂ ਉਹ ਮੇਰੇ ਨਾਨੀ ਜੀ ਦੀ ਲਿਖੀ ਖਸਤਾ ਹੋਈ ਕਾਪੀ ਸੀ, ਜਦੋਂ ਉਹ ਸੰਨ 1929 ਵਿੱਚ ਪੜ੍ਹਦੇ ਰਹੇ ਹੋਣਗੇ। ਨਾਨਾ ਜੀ ਜਦੋਂ ਬਰ੍ਹਮਾ ਵਿੱਚੋਂ ਨਾਨੀ ਜੀ ਨੂੰ ਵਿਆਹ ਕੇ ਲਿਆਏ ਸਨ ਤਾਂ ਸੁੰਦਰ ਲਿਖਾਈ ਲਿਖੀ ਵੇਖ ਕੇ ਯਾਦ ਵਾਸਤੇ ਇਧਰ ਨਾਲ ਹੀ ਲੈ ਆਏ ਸਨ। ਜਿਉਂ ਜਿਉਂ ਮੈਂ ਕਾਪੀ ਫਰੋਲੀ ਗਈ, ਹੈਰਾਨ ਹੋਈ ਜਾਵਾਂ ਕਿ ਮੇਰੇ ਨਾਨੀ ਜੀ ਨੇ ਕਿੰਨਾ ਸੋਹਣਾ ਲਿਖਿਆ ਹੋਇਆ ਹੈ। ਇਹ ਜਾਨਵਰਾਂ ਦੀਆਂ ਛੋਟੀਆਂ ਛੋਟੀਆਂ ਕਹਾਣੀਆਂ ਸਨ। ਇੱਕ ਪਾਸੇ ਇੰਗਲਿਸ਼ ’ਚ ਲਿਖਿਆ ਹੋਇਆ ਸੀ ਤੇ ਦੂਜੇ ਪਾਸੇ ਉਸੇ ਕਹਾਣੀ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਹੋਇਆ ਸੀ। ਨਾਲ ਇੰਗਲਿਸ਼ ਦੇ ਔਖੇ ਔਖੇ ਅਰਥ ਪੰਜਾਬੀ ਵਿੱਚ ਸਨ। ਯਾਨੀ ਕਿ ਉਹ ਅੰਗਰੇਜ਼ੀ ਤੇ ਪੰਜਾਬੀ ਖ਼ੂਬ ਪੜ੍ਹ ਲਿਖ ਲੈਂਦੇ ਸਨ। ਇੱਕ ਵਰਕੇ ’ਤੇ ਉਰਦੂ ’ਚ ਵੀ ਕੁਝ ਲਿਖਿਆ ਹੋਇਆ ਸੀ।
ਮੈਂ ਇਹ ਕਾਪੀ ਜਦੋਂ ਮੰਮੀ ਨੂੰ ਦਿਖਾਈ ਤਾਂ ਉਹ ਵੀ ਹੈਰਾਨ ਪਰੇਸ਼ਾਨ ਤੇ ਪਛਤਾਉਣ ਲੱਗੇ ਕਿ ਉਨ੍ਹਾਂ ਕਿਉਂ ਨਾ ਪਹਿਲੇ ਇਹ ਕਾਪੀ ਦੇਖੀ? ਉਨ੍ਹਾਂ ਮੈਨੂੰ ਸ਼ਾਬਾਸ਼ ਦਿੱਤੀ ਕਿ ਤੂੰ ਇਸ ਨੂੰ ਸੜਨ ਤੋਂ ਬਚਾ ਲਿਆ। ਤੇ ਫਿਰ ਉਹ ਦੱਸਣ ਲੱਗੇ ਕਿ ਬਰ੍ਹਮਾ ਵਿੱਚ ਉਨ੍ਹਾਂ ਦੇ ਪਿਤਾ ਜੀ (ਮੰਮੀ ਦੇ ਨਾਨਾ ਜੀ) ਜੇਲ੍ਹਰ ਸਨ ਤੇ ਉਹ ਵੀ ਚੰਗੇ ਪੜ੍ਹੇ ਲਿਖੇ ਸਨ। ਕੈਦੀਆਂ ਨਾਲ ਤਾਂ ਉਨ੍ਹਾਂ ਦਾ ਆਮ ਹੀ ਵਾਹ ਪੈਂਦਾ ਰਹਿੰਦਾ ਸੀ। ਨਾਨੀ ਜਦੋਂ ਛੋਟੀ ਸੀ ਤਾਂ ਕੈਦੀ ਉਨ੍ਹਾਂ ਨੂੰ ਖਿਡਾਉਂਦੇ ਰਹਿੰਦੇ ਸਨ। ਉਨ੍ਹਾਂ ਦੇ ਪਿਤਾ ਜੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਪੜ੍ਹਾਈ ਪੱਖੋਂ ਬਿਲਕੁਲ ਕੋਰੀ ਹੀ ਰਹਿ ਜਾਏ। ਨਾਨੀ ਕਦੇ ਸਕੂਲ ਨਹੀਂ ਗਏ, ਲੇਕਿਨ ਉਨ੍ਹਾਂ ਨੂੰ ਘਰ ’ਚ ਹੀ ਇੱਕ ਟੀਚਰ ਰੱਖ ਦਿੱਤਾ ਗਿਆ ਜੋ ਉਨ੍ਹਾਂ ਨੂੰ ਪੜ੍ਹਾ ਜਾਂਦਾ ਸੀ।
ਫਿਰ ਮੰਮੀ ਨੇ ਦੱਸਿਆ, ‘‘ਨਾਨੀ ’ਚ ਹੋਰ ਵੀ ਬਹੁਤ ਸਾਰੇ ਗੁਣ ਸਨ। ਉਹ ਕਦੇ ਵਿਹਲੇ ਨਹੀਂ ਸਨ ਬੈਠਦੇ। ਜਦ ਅਸੀਂ ਛੋਟੀਆਂ ਕਲਾਸਾਂ ਵਿੱਚ ਪੜ੍ਹਦੇ ਸਾਂ ਤਾਂ ਸਾਨੂੰ ਜ਼ਰਬ ਤਕਸੀਮ ਦੇ ਸਵਾਲ ਸਮਝਾਉਂਦੇ ਤੇ ਕਦੇ ਲੇਖ ਵੀ ਲਿਖਵਾ ਦਿੰਦੇ ਸਨ। ਸਿਲਾਈ ਕਢਾਈ, ਕਰੋਸ਼ੀਏ, ਸਲਾਈਆਂ ਵਿੱਚ ਵੀ ਮਾਹਿਰ ਸਨ। ਸਾਡੇ ਕੱਪੜੇ ਉਹ ਖ਼ੁਦ ਸਿਉਂਦੇ ਸਨ।’’ ਉਨ੍ਹਾਂ ਦਾ ਬਣਾਇਆ ਮੋਤੀਆਂ ਦਾ ਰੁਮਾਲ, ਇੱਕ ਪਰਸ ਤੇ ਇੱਕ ਖਸਤਾ ਜਿਹਾ ਮੇਜ਼ਪੋਸ਼ ਜਿਸ ਦੇ ਚੁਫੇਰਿਉਂ ਧਾਗੇ ਕੱਢ ਕੇ ਵਿੱਚ ਡਿਜ਼ਾਈਨ ਪਾਏ ਹੋਏ ਸਨ, ਵੀ ਮੰਮੀ ਨੇ ਦਿਖਾਏ। ਮੰਮੀ ਨੂੰ ਅਫ਼ਸੋਸ ਸੀ ਕਿ ਉਨ੍ਹਾਂ ਨੇ ਆਪਣੀ ਮਾਂ ਪਾਸੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਕਦੇ ਕੁਝ ਨਾ ਪੁੱਛਿਆ ਕਿ ਉਹ ਬਰ੍ਹਮਾ ਵਿੱਚ ਕਿਵੇਂ ਰਹਿੰਦੇ ਸਨ। ਉਨ੍ਹਾਂ ਕਿਵੇਂ ਏਨੇ ਕੰਮ ਸਿੱਖ ਲਏ। ਮੰਮੀ ਨੇ ਤਾਂ ਉਨ੍ਹਾਂ ਨੂੰ ਹਮੇਸ਼ਾ ਚੁੱਲ੍ਹੇ ਉੱਪਰ ਤੌੜੀ ਵਿੱਚ ਸਾਗ, ਦਾਲ ਆਦਿ ਬਣਾਉਂਦੇ ਜਾਂ ਘਰ ਦੀ ਸਫਾਈ ਕਰਦੇ ਹੀ ਦੇਖਿਆ ਸੀ। ਮੰਮੀ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਸਕੂਲ ਚਲੇ ਜਾਣਾ, ਆ ਕੇ ਸਕੂਲ ਦਾ ਕੰਮ ਕਰਨਾ ਤੇ ਫਿਰ ਗੇਂਦ, ਗੀਟੇ ਤੇ ਸ਼ਟਾਪੂ ਆਦਿ ਖੇਡਣ ਲੱਗ ਜਾਣਾ ਤੇ ਆਪਣੀ ਮਾਂ ਨਾਲ ਕੋਈ ਕੰਮ ਨਾ ਕਰਾਉਣਾ। ਨਾਨੀ ਨੇ ਵਿਹਲੇ ਵੇਲੇ ਕੋਈ ਕਿਤਾਬ ਪੜ੍ਹਨੀ ਤੇ ਜਾਂ ਫਿਰ ਉਹ ਗੁਰੂ ਗਰੰਥ ਸਾਹਿਬ ਤੋਂ ਪਾਠ ਕਰਨ ਬੈਠ ਜਾਂਦੇ ਸਨ। ਉਨ੍ਹਾਂ ਦੇ ਲਾਗੇ ਇੱਕ ਸ਼ਬਦਕੋਸ਼ ਵੀ ਹੁੰਦਾ ਸੀ ਜਿਸ ਤੋਂ ਅਰਥ ਦੇਖ ਲੈਂਦੇ ਸਨ। ਨਾਨੀ ਨੇ ਮੰਮੀ ਹੋਰਾਂ ਨੂੰ ਭਰਵਾਂ ਤੋਪਾ, ਦਸੂਤੀ, ਕਰੋਸ਼ੀਆ ਆਦਿ ਸਿਖਾਇਆ ਤੇ ਵਿਆਹ ਲਈ ਚਾਦਰਾਂ ਮੇਜ਼ਪੋਸ਼ ਆਦਿ ਵੀ ਕੱਢ ਕੇ ਦਿਤੇ ਸਨ। ਉਹ ਚੌਵੀ ਘੰਟੇ ਦੇ ਕਾਮੇ ਸਨ ਪਰ ਉਨ੍ਹਾਂ ਦੇ ਮੂੰਹੋਂ ਕਦੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਸੀ ਸੁਣੀ। ਬਾਅਦ ਵਿੱਚ ਉਨ੍ਹਾਂ ਦਾ ਕੁੱਬ ਜਿਹਾ ਨਿਕਲ ਆਇਆ ਸੀ। ਮੰਮੀ ਨੇ ਦੱਸਿਆ ਕਿ ਜਦ ਪਿੰਡ ਦਾ ਮਕਾਨ ਬਣ ਰਿਹਾ ਸੀ ਤਾਂ ਉਹ ਇਕੇਰਾਂ ਚੁਬਾਰੇ ਤੋਂ ਡਿੱਗ ਪਏ ਸਨ ਤੇ ਰੀੜ੍ਹ ਦੀ ਹੱਡੀ ਚ ਐਸਾ ਨੁਕਸ ਪਿਆ ਕਿ ਠੀਕ ਹੀ ਨਾ ਹੋ ਸਕਿਆ। ਤੇ ਭਾਪਾ ਜੀ ਵੀ ਐਸੇ ਬਿਮਾਰ ਪਏ ਕਿ ਠੀਕ ਤਾਂ ਹੋ ਗਏ, ਪਰ ਉਹਨਾਂ ਦੀਆਂ ਲੱਤਾਂ ਖਲੋ ਗਈਆਂ। ਸੋ ਬੀਜੀ ਤਾਂ ਉਨ੍ਹਾਂ ਦੀ ਸੇਵਾ ਵਿਚ ਹੀ ਲੱਗੇ ਰਹਿੰਦੇ ਸਨ।
ਨਾਨਾ ਜੀ ਵੀ ਸਾਹਿਤਕ ਰੁਚੀਆਂ ਦੇ ਮਾਲਕ ਸਨ। ਉਨ੍ਹਾਂ ਕਈ ਲੇਖ ਤੇ ਕਵਿਤਾਵਾਂ ਲਿਖੀਆਂ ਜੋ ਪੁਰਾਣੇ ਮੈਗਜ਼ੀਨਾਂ ਵਿੱਚ ਛਪਦੀਆਂ ਰਹੀਆਂ ਸਨ। ਮੇਰੇ ਪਾਪਾ ਨੇ ਦੱਸਿਆ ਕਿ ਇਕੇਰਾਂ ਵਿਆਹ ਤੋਂ ਬਾਅਦ ਜਦੋਂ ਉਹ ਪਿੰਡ ਗਏ ਤਾਂ ਉਨ੍ਹਾਂ ਚੁਬਾਰੇ ਵਿੱਚ ਅਲਮਾਰੀ ’ਚ ਸ਼ੈਲਫਾਂ ਉੱਪਰ ਹੋਰ ਕਿਤਾਬਾਂ ਤੇ ਰੀਡਰ ਡਾਇਜੈਸਟ ਨਾਲ ਇੱਕ ਸ਼ੈਲਫ ’ਤੇ ਲਿਸ਼ਕਾਂ ਮਾਰਦੀਆਂ ਗਿਆਰਾਂ ਜਿਲਦਾਂ ਵਿੱਚ ‘ਬੁੱਕ ਆਫ ਨੌਲਿਜ’ ਤਰਤੀਬਵਾਰ ਪਈਆਂ ਦੇਖੀਆਂ। ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਬੀਜੀ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਦਾਜ ਵਿੱਚ ਦਿੱਤੀਆਂ ਸਨ। ਭਾਵੇਂ ਨਾਨੀ ਜੀ ਹੁਣ ਇਸ ਦੁਨੀਆ ਵਿੱਚ ਨਹੀਂ, ਪਰ ਉਨ੍ਹਾਂ ਦੀ ਹੱਥ ਲਿਖਤ ਵਾਲੀ ਕਾਪੀ ਮੈਨੂੰ ਅੱਜ ਵੀ ਉਨ੍ਹਾਂ ਦੇ ਨੇੜੇ ਤੇੜੇ ਹੋਣ ਦਾ ਅਹਿਸਾਸ ਦਿਵਾਉਂਦੀ ਹੈ।

Advertisement

Advertisement