ਚੰਡੀਗੜ੍ਹ ਕਾਰਨੀਵਾਲ-2024 ਦੀ ਸ਼ਾਨਦਾਰ ਸ਼ੁਰੂਆਤ
ਕੁਲਦੀਪ ਸਿੰਘ
ਚੰਡੀਗੜ੍ਹ, 25 ਅਕਤੂਬਰ
ਚੰਡੀਗੜ੍ਹ ਦੇ ਸੈਕਟਰ-10 ਸਥਿਤ ਲਈਅਰ ਵੈਲੀ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਦਾ ਚੰਡੀਗੜ੍ਹ ਕਾਰਨੀਵਾਲ-2024 ਅੱਜ ਤੋਂ ਸ਼ੁਰੂ ਹੋ ਗਿਆ। ਲਈਅਰ ਵੈਲੀ ਵਿੱਚ ਸ਼ੁਰੂ ਹੋਏ ਇਸ ਕਾਰਨੀਵਾਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ। ਇਸ ਮੌਕੇ ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਢਲੋੜ, ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਸਕੱਤਰ ਸੈਰ ਸਪਾਟਾ ਹਰਗੁਨਜੀਤ ਕੌਰ ਸਮੇਤ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਮੇਲੇ ਦੀ ਸ਼ੁਰੂਆਤ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਰਾਸ਼ਟਰੀ ਗਾਨ ਨਾਲ ਹੋਈ, ਜਿਸ ਉਪਰੰਤ ਪੰਜਾਬੀ ਭੰਗੜੇ ਦੇ ਧੂਮ ਧੜੱਕੇ ਨੇ ਮੇਲੇ ਵਿੱਚ ਜੋਸ਼ ਭਰ ਦਿੱਤਾ। ਇਸ ਦੌਰਾਨ ਸਰਕਾਰ ਆਰਟ ਕਾਲਜ, ਸੈਕਟਰ-10 ਦੇ ਵਿਦਿਆਰਥੀਆਂ ਨੇ ਆਪਣੇ ਵੱਲੋਂ ਤਿਆਰ ਕੀਤੇ ਗਏ ਫਲੋਟਾਂ ਨੂੰ ਝਾਕੀਆਂ ਦੇ ਰੂਪ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਘੁਮਾਇਆ ਅਤੇ ਇਹ ਫਲੋਟ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ।
ਸ਼ੁਰੂਆਤ ਵਿੱਚ ਪ੍ਰਸ਼ਾਸਕ ਸ੍ਰੀ ਕਟਾਰੀਆ ਨੇ ਕਾਰਨੀਵਾਲ ਪਰੇਡ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਵਿੱਚ ਚੰਡੀਗੜ੍ਹ ਆਰਟਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਫਲੋਟਾਂ ਦੀਆਂ ਝਾਕੀਆਂ ਸ਼ਾਮਲ ਸਨ। ਪ੍ਰਸ਼ਾਸਕ ਨੇ ਕਾਰਨੀਵਾਲ ਵਿੱਚ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਸ਼ਹਿਰਾਂ ਦੇ ਕਲਾਕਾਰਾਂ ਨਾਲ ਗੱਲਬਾਤ ਕੀਤੀ।
ਸਰਕਾਰੀ ਵਿਭਾਗਾਂ ਨੇ ਭਾਰਤ ਸਰਕਾਰ ਦੀਆਂ ਸਕੀਮਾਂ, ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵੱਖ-ਵੱਖ ਸਰਕਾਰੀ ਸੁਸਾਇਟੀਆਂ ਦੇ ਉਤਪਾਦ ਅਤੇ ਟਰੈਫ਼ਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰਦਰਸ਼ਨੀ ਸਟਾਲ ਲਗਾਏ। ਦੱਸਣਯੋਗ ਹੈ ਕਿ ਇਸ ਕਾਰਨੀਵਾਲ ਵਿੱਚ ਲਾਈਵ ਪੇਂਟਿੰਗ ਸੈਸ਼ਨ ਵੀ ਹੋਏ। ਮੇਲੇ ਵਿੱਚ ਘੁੰਮਣ ਅਤੇ ਸ਼ਾਪਿੰਗ ਕਰਨ ਦੇ ਸ਼ੌਕੀਨ ਸ਼ਾਪਿੰਗ ਦੇ ਨਾਲ-ਨਾਲ ਫੂਡ ਸਟਾਲਾਂ ’ਤੇ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਤਦੇ ਪਕਵਾਨਾਂ ਦਾ ਆਨੰਦ ਲੈ ਸਕਦੇ ਹਨ ਅਤੇ ਮਨੋਰੰਜਨ ਪਾਰਕ ’ਤੇ ਦਿਲਚਸਪ ਝੂਟੇ ਲੈ ਸਕਦੇ ਹਨ।
ਚੰਡੀਗੜ੍ਹ ਕਾਰਨੀਵਾਲ ਨੇ ਪਹਿਲੀ ਵਾਰ ਅੰਗਹੀਣ ਵਿਅਕਤੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਸਮੇਤ ਸਿਵਲ ਸੁਸਾਇਟੀ ਸੰਸਥਾਵਾਂ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਇਕੱਠੇ ਕੀਤਾ ਹੈ। ਇਸ ਵਾਰ ਦੇ ਚੰਡੀਗੜ੍ਹ ਕਾਰਨੀਵਾਲ ਵਿੱਚ ਹੋਰ ਖਾਸ ਗੱਲਾਂ ਤੋਂ ਇਲਾਵਾ, ‘ਹੌਪ ਔਨ ਹੌਪ ਔਫ’ ਬੱਸ ਵਿੱਚ ਤਿੰਨ ਦਿਨਾਂ ਲਈ ਹਰੇਕ ਕਿਸੇ ਨੂੰ ਮੁਫ਼ਤ ਸੈਰ ਸਪਾਟੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਮੇਲੇ ਨੂੰ ਸਿਖ਼ਰ ’ਤੇ ਪਹੁੰਚਾਇਆ
ਚੰਡੀਗੜ੍ਹ ਕਾਰਨੀਵਾਲ ਦੇ ਪਹਿਲੇ ਦਿਨ ਅੱਜ ਦੇਰ ਸ਼ਾਮ ਸੈਕਟਰ-10 ਸਥਿਤ ਲਈਅਰ ਵੈਲੀ ਵਿੱਚ ਪੰਜਾਬੀ ਅਤੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ਅਤੇ ਮੇਲੇ ਨੂੰ ਸ਼ਿਖਰਾਂ ਉੱਤੇ ਪਹੁੰਚਾ ਦਿੱਤਾ। ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਸ਼ਾਮ ਸਮੇਂ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਵੱਲੋਂ ਆਪਣੇ ਵੱਖ ਵੱਖ ਮਸ਼ਹੂਰ ਗੀਤਾਂ ਦੀ ਸ਼ਾਨਦਾਰ ਲਾਈਵ ਪੇਸ਼ਕਾਰੀ ਦਿੱਤੀ ਗਈ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸਰਤਾਜ ਦੇ ਗੀਤ ਸੁਣਨ ਲਈ ਲਈਅਰ ਵੈਲੀ ਵਿੱਚ ਦਰਸ਼ਕਾਂ ਦੀ ਕਾਫੀ ਭੀੜ ਦੇਖੀ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ 27 ਅਕਤੂਬਰ ਨੂੰ ਗਾਇਕ ਮੁਹੰਮਦ ਇਰਫਾਨ ਵੱਲੋਂ ਵੀ ਸ਼ਾਨਦਾਰ ਲਾਈਵ ਪ੍ਰਦਰਸ਼ਨ ਕੀਤਾ ਜਾਵੇਗਾ।