For the best experience, open
https://m.punjabitribuneonline.com
on your mobile browser.
Advertisement

‘ਉਸਤਾਦ’ ਜ਼ਾਕਿਰ ਹੁਸੈਨ ਸਣੇ 5 ਭਾਰਤੀਆਂ ਨੂੰ ਗਰੈਮੀ ਪੁਰਸਕਾਰ

07:05 AM Feb 06, 2024 IST
‘ਉਸਤਾਦ’ ਜ਼ਾਕਿਰ ਹੁਸੈਨ ਸਣੇ 5 ਭਾਰਤੀਆਂ ਨੂੰ ਗਰੈਮੀ ਪੁਰਸਕਾਰ
ਖ਼ੁਸ਼ੀ ਦੇ ਰੌਂਅ ਵਿੱਚ ਗਾਇਕ ਸ਼ੰਕਰ ਮਹਾਦੇਵਨ, ਵਾਇਲਨਵਾਦਕ ਗਣੇਸ਼ ਰਾਜਾਗੋਪਾਲਨ, ਉਸਤਾਦ ਜ਼ਾਕਿਰ ਹੁਸੈਨ ਅਤੇ ਪਰਕਸ਼ਨਿਸਟ ਵੀ ਸੇਲਵਾਗਣੇਸ਼। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 5 ਫਰਵਰੀ
ਭਾਰਤੀ ਕਲਾਕਾਰਾਂ ਨੇ 2024 ਦੇ ਗਰੈਮੀ ਪੁਰਸਕਾਰਾਂ ਵਿਚ ਆਪਣਾ ਜਲਵਾ ਦਿਖਾਇਆ ਹੈ। ਉੱਘੇ ਤਬਲਾਵਾਦਕ ਜ਼ਾਕਿਰ ਹੁਸੈਨ ਸਣੇ 5 ਭਾਰਤੀਆਂ ਨੂੰ ਇਸ ਵੱਕਾਰੀ ਸੰਗੀਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਹੁਸੈਨ ਨੇ ਜਿੱਥੇ ਤਿੰਨ ਵਰਗਾਂ ਵਿਚ ਸਨਮਾਨ ਜਿੱਤਿਆ ਹੈ ਉੱਥੇ ਬੰਸਰੀਵਾਦਕ ਰਾਕੇਸ਼ ਚੌਰਸੀਆ ਨੂੰ ਦੋ ਵਰਗਾਂ ਵਿਚ ਸਨਮਾਨਿਤ ਕੀਤਾ ਗਿਆ ਹੈ। ਅਮਰੀਕਾ ਦੇ ਲਾਸ ਏਂਜਲਸ ਵਿਚ ਹੋਏ ਸਨਮਾਨ ਸਮਾਰੋਹ ਵਿਚ ਇਨ੍ਹਾਂ ਦੋਵਾਂ ਤੋਂ ਇਲਾਵਾ ਗਾਇਕ ਸ਼ੰਕਰ ਮਹਾਦੇਵਨ, ਵਾਇਲਨਵਾਦਕ ਗਣੇਸ਼ ਰਾਜਾਗੋਪਾਲਨ ਤੇ ‘ਪਰਕਸ਼ਨਿਸਟ’ ਸੇਲਵਾਗਣੇਸ਼ ਵਿਨਯਾਕ੍ਰਮ ਨੂੰ ਵੀ ਇਹ ਵੱਕਾਰੀ ਪੁਰਸਕਾਰ ਮਿਲਿਆ ਹੈ। ਇਨ੍ਹਾਂ ਸਾਰਿਆਂ ਨੇ ਜ਼ਾਕਿਰ ਹੁਸੈਨ ਨਾਲ ਫਿਊਜ਼ਨ ਗਰੁੱਪ ‘ਸ਼ਕਤੀ’ ਵਿਚ ਜੁਗਲਬੰਦੀ ਕੀਤੀ ਹੈ। ਇਸ ਜੁਗਲਬੰਦੀ ਲਈ ਸਾਰਿਆਂ ਨੂੰ ਵੱਖੋ-ਵੱਖਰੇ ਪੱਧਰ ਉਤੇ ਗਰੈਮੀ ਪੁਰਸਕਾਰ ਮਿਲਿਆ ਹੈ। ਐਤਵਾਰ ਰਾਤ ਨੂੰ ਹੋਏ ਸਮਾਰੋਹ ਵਿਚ ‘ਸ਼ਕਤੀ’ ਗਰੁੱਪ ਨੂੰ ਇਹ ਪੁਰਸਕਾਰ ਐਲਬਮ ‘ਦਿਸ ਮੋਮੈਂਟ’ ਲਈ ਸਰਵੋਤਮ ਆਲਮੀ ਸੰਗੀਤ ਵਰਗ ਵਿਚ ਮਿਲਿਆ ਹੈ। ਦੱਸਣਯੋਗ ਹੈ ਕਿ ਇਹ ਸਾਰੇ ਭਾਰਤੀ ਸ਼ਕਤੀ ਗਰੁੱਪ ਦੇ ਬਾਨੀ ਮੈਂਬਰ ਵੀ ਹਨ। ਭਾਰਤੀਆਂ ਤੋਂ ਇਲਾਵਾ ਇਸ ਐਲਬਮ ਵਿਚ ਬਰਤਾਨਵੀ ਗਿਟਾਰਵਾਦਕ ਜੌਹਨ ਮੈਕਲੌਲਿਨ ਦਾ ਵੀ ਯੋਗਦਾਨ ਹੈ। ਗਰੁੱਪ ਨੇ ਕਰੀਬ 45 ਸਾਲਾਂ ਬਾਅਦ ਆਪਣੀ ਇਹ ਪਹਿਲੀ ਐਲਬਮ ਜੂਨ 2023 ਵਿਚ ਰਿਲੀਜ਼ ਕੀਤੀ ਸੀ। ਇਸ ਨੂੰ ਕਾਫੀ ਸਰਾਹਿਆ ਗਿਆ ਸੀ। ‘ਸ਼ਕਤੀ’ ਲਈ ਮਿਲੇ ਸਨਮਾਨ ਤੋਂ ਇਲਾਵਾ ਹੁਸੈਨ ਨੂੰ ਦੋ ਹੋਰ ਵਰਗਾਂ- ਸਰਵੋਤਮ ਆਲਮੀ ਸੰਗੀਤ ਪੇਸ਼ਕਾਰੀ (ਪਸ਼ਤੋ) ਤੇ ਸਰਵੋਤਮ ਸਮਕਾਲੀ ‘ਇੰਸਟਰੂਮੈਂਟਲ’ ਐਲਬਮ ‘ਐਜ਼ ਵੁਈ ਸਪੀਕ’ ਲਈ ਵੀ ਗਰੈਮੀ ਦਿੱਤਾ ਗਿਆ ਹੈ। ਸਰਵੋਤਮ ਆਲਮੀ ਸੰਗੀਤ ਪੇਸ਼ਕਾਰੀ ਵਰਗ ਵਿਚ ‘ਅਬੰਡੈਂਸ ਇਨ ਮਿਲੈੱਟਸ’ ਗੀਤ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦਿਖਾਏ ਗਏ ਹਨ। -ਪੀਟੀਆਈ

Advertisement

ਰਾਕੇਸ਼ ਚੌਰਸੀਆ ਨੇ ਜਿੱਤੇ ਦੋ ਗਰੈਮੀ

ਦੋ ਗਰੈਮੀ ਜਿੱਤਣ ਵਾਲੇ ਰਾਕੇਸ਼ ਚੌਰਸੀਆ ਮਹਾਨ ਬੰਸਰੀ ਵਾਦਕ ਹਰੀਪ੍ਰਸਾਦ ਚੌਰਸੀਆ ਦੇ ਭਤੀਜੇ ਹਨ। ਦੂਜਾ ਖ਼ਿਤਾਬ ਉਨ੍ਹਾਂ ਅਮਰੀਕੀ ਬੈਂਜੋ ਵਾਦਕ ਬੇਲਾ ਫਲੈੱਕ ਤੇ ‘ਬਾਸਿਸਟ’ ਐਡਗਰ ਮੇਅਰ ਦੇ ਨਾਲ ‘ਪਸ਼ਤੋ’ ਲਈ ਜਿੱਤਿਆ ਹੈ। ਹੁਸੈਨ ਨੇ ਪੁਰਸਕਾਰ ਜਿੱਤਣ ਤੋਂ ਬਾਅਦ ਅਮਰੀਕਾ ਦੀ ‘ਰਿਕਾਰਡਿੰਗ ਅਕੈਡਮੀ’, ਸਾਥੀ ਸੰਗੀਤਕਾਰਾਂ ਤੇ ਆਪਣੇ ਪਰਿਵਾਰ ਦਾ ਸ਼ੁਕਰੀਆ ਅਦਾ ਕੀਤਾ। ਦੱਸਣਯੋਗ ਹੈ ਕਿ ਹੁਸੈਨ ਪਹਿਲਾਂ ਵੀ 1991, 1996 ਤੇ 2008 ਵਿਚ ਵਿਅਕਤੀਗਤ ਪੱਧਰ ਅਤੇ ਹੋਰ ਵਰਗਾਂ ਵਿਚ ਗਰੈਮੀ ਜਿੱਤ ਚੁੱਕੇ ਹਨ। ਇਸ ਮੌਕੇ ਹਾਜ਼ਰ ਸ਼ੰਕਰ ਮਹਾਦੇਵਨ ਨੇ ਪੁਰਸਕਾਰ ਆਪਣੀ ਪਤਨੀ ਸੰਗੀਤਾ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸੈਨ, ਚੌਰਸੀਆ, ਮਹਾਦੇਵਨ, ਰਾਜਾਗੋਪਾਲਨ ਤੇ ਸੇਲਵਾਗਣੇਸ਼ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਂ ਕਲਾਕਾਰਾਂ ਨੇ ਭਾਰਤ ਨੂੰ ਵੱਡਾ ਮਾਣ ਦਿਵਾਇਆ ਹੈ।

Advertisement
Author Image

joginder kumar

View all posts

Advertisement
Advertisement
×