ਗ੍ਰਾਮ ਸਭਾ: ਖੇਡ ਸਟੇਡੀਅਮ ਤੇ ਪਲਾਟਾਂ ਦੇ ਮਤੇ ਨਾ ਹੋਏ ਪਾਸ
ਕਰਮਵੀਰ ਸਿੰਘ ਸੈਣੀ
ਮੂਨਕ, 21 ਸਤੰਬਰ
ਪਿੰਡ ਬਿਸ਼ਨਪੁਰਾ ਖੋਖਰ ਵਿੱਚ ਅੱਜ ਗ੍ਰਾਮ ਸਭਾ ਕੀਤੀ ਗਈ। ਇਸ ਵਿੱਚ ਬੀਡੀਪੀਓ ਦਫ਼ਤਰ ਮੂਨਕ ਵੱਲੋਂ ਪੰਚਾਇਤੀ ਅਫ਼ਸਰ ਸੈਕਟਰੀ ਸ਼ੁਰੇਸ਼ ਕੁਮਾਰ, ਪ੍ਰਬੰਧਕ ਅਫ਼ਸਰ ਤਨੀਸ਼ ਜੈਨ ਤੇ ਸਹਾਇਕ ਸੈਕਟਰੀ ਪ੍ਰਿਥੀ ਸਿੰਘ ਮੌਜੂਦ ਰਹੇ। ਇਸ ਦੌਰਾਨ ਪਿੰਡ ਵਾਸੀਆਂ ਦੇ ਖੇਡ ਸਟੇਡੀਅਮ ’ਤੇ ਪਲਾਟ ਕੱਟਣ ਮਸਲੇ ’ਤੇ ਵਿਚਾਰ ਜਾਣੇ ਗਏ ਜੋ ਖੇਡ ਸਟੇਡੀਅਮ ਦੀ ਜ਼ਮੀਨ ਵਿੱਚ ਕੱਟੇ ਗਏ ਹਨ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸਟੇਡੀਅਮ ਤੇ ਪਲਾਟਾਂ ਨਾਲ ਲੱਗਦੀ ਪੰਚਾਇਤੀ ਜ਼ਮੀਨ ਵਿੱਚ ਤਬਾਦਲਾ ਕਰਨ ਦੀ ਪੇਸ਼ਕਸ਼ ਰੱਖੀ ਗਈ। ਇਸ ਬਾਰੇ ਕੋਈ ਸਹਿਮਤੀ ਨਾ ਬਣਨ ’ਤੇ ਗ੍ਰਾਮ ਸਭਾ ਦਾ ਮਤਾ ਪਾਸ ਨਾ ਹੋ ਸਕਿਆ ਤੇ ਅਧਿਕਾਰੀਆਂ ਨੂੰ ਬੇਰੰਗ ਹੀ ਮੁੜਨਾ ਪਿਆ।
ਪਿੰਡ ਦੇ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਭੱਠਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੀਡੀਪੀਓ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ। ਪਲਾਟ ਵੈਰੀਫਿਕੇਸ਼ਨ ਵਿੱਚ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ ਅਤੇ ਬੀਡੀਪੀਓ ਜਾਣਬੁੱਝ ਕੇ ਫਾਈਲ ਉੱਪਰ ਸਾਈਨ ਨਹੀਂ ਕਰ ਰਹੇ। ਹੁਣ ਨਗਰ ਵਾਸੀ ਆਉਣ ਵਾਲੇ ਦਿਨਾਂ ਵਿੱਚ ਖੇਡ ਸਟੇਡੀਅਮ ਲਈ ਵੱਡਾ ਸਘੰਰਸ਼ ਕਰਨ ਜਾ ਰਹੇ ਹਨ।
ਇਸ ਮੌਕੇ ਨਗਰ ਵਾਸੀ ਜਸਵਿੰਦਰ ਸਿੰਘ, ਮਨਜਿੰਦਰ ਸਿੰਘ, ਡਾ. ਦਲਬਾਰਾ ਸਿੰਘ, ਡਾ. ਚਮਕੌਰ ਸਿੰਘ, ਗੁਰਮੇਲ ਸਿੰਘ, ਤਰਸੇਮ ਸਿੰਘ, ਸਤਗੁਰ ਸਿੰਘ, ਲਾਡੀ ਸਿੰਘ, ਮੱਖਣ ਸਿੰਘ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ, ਬਲਰਾਜ ਸਿੰਘ, ਚਤਰਾ ਸਿੰਘ, ਹੈਰੀ ਔਲਖ, ਤਾਰਾ ਸਿੰਘ, ਲੀਲਾ ਸਿੰਘ, ਬਲਕਾਰ ਸਿੰਘ, ਸੋਨੀ ਗਿੱਲ, ਨਿਰਮਲ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ, ਮੋਦਨ ਸਿੰਘ, ਅਮਰੀਕ ਸਿੰਘ ਤੇ ਹੋਰ ਨਗਰ ਵਾਸੀ ਮੌਜੂਦ ਸਨ।