ਗ੍ਰਾਮ ਪੰਚਾਇਤ ਡੰਗੌਲੀ ਦੂਜੀ ਵਾਰ ਵੀ ਨਾ ਛੁਡਵਾ ਸਕੀ ਨਾਜਾਇਜ਼ ਕਬਜ਼ੇ
ਜਗਮੋਹਨ ਸਿੰਘ
ਘਨੌਲੀ, 9 ਦਸੰਬਰ
ਇਥੋਂ ਨੇੜਲੇ ਪਿੰਡ ਡੰਗੌਲੀ ਦੀ ਗ੍ਰਾਮ ਪੰਚਾਇਤ ਕਬਜ਼ਾ ਵਾਰੰਟ ਹਾਸਲ ਹੋਣ ਦੇ ਬਾਵਜੂਦ ਵੀ ਨਾਜਾਇਜ਼ ਕਬਜ਼ਾ ਕਾਰਾਂ ਤੋਂ ਜ਼ਮੀਨ ਦਾ ਕਬਜ਼ਾ ਹਾਸਲ ਨਾ ਕਰ ਸਕੀ। ਪਿੰਡ ਦੇ ਸਰਪੰਚ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਰਸੂਖਵਾਨ ਵਿਅਕਤੀਆਂ ਨੇ ਪਿੰਡ ਦੀ ਸ਼ਾਮਲਾਤ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਕਬਜ਼ਾਕਾਰਾਂ ਦੇ ਅਸਰ ਰਸੂਖ ਸਦਕਾ ਗ੍ਰਾਮ ਪੰਚਾਇਤ ਡੰਗੌਲੀ ਕਬਜ਼ਾ ਵਾਰੰਟ ਹਾਸਲ ਕਰਨ ਦੇ ਬਾਵਜੂਦ ਦੂਜੀ ਵਾਰ ਵੀ ਕਬਜ਼ਾ ਹਾਸਲ ਨਹੀਂ ਕਰ ਸਕੀ।
ਉਨ੍ਹਾਂ ਦੱਸਿਆ ਕਿ ਪਹਿਲੀ ਵਾਰੀ ਗ੍ਰਾਮ ਪੰਚਾਇਤ ਨੂੰ ਸਮਾਂ ਦੇ ਕੇ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਸੀ ਤੇ ਬੀਤੇ ਦਿਨ ਦੂਜੀ ਵਾਰ ਮਾਲ ਮਹਿਕਮੇ ਅਤੇ ਪੰਚਾਇਤ ਮਹਿਕਮੇ ਦੇ ਅਧਿਕਾਰੀ ਤਾਂ ਮੌਕੇ ’ਤੇ ਪਹੁੰਚ ਗਏ ਪਰ ਪੁਲੀਸ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ। ਇਸ ਕਰ ਕੇ ਗ੍ਰਾਮ ਪੰਚਾਇਤ ਦੂਜੀ ਵਾਰ ਵੀ ਕਬਜ਼ਾ ਹਾਸਲ ਨਹੀਂ ਕਰ ਸਕੀ। ਉਨ੍ਹਾਂ ਦੱਸਿਆ ਕਿ ਕਬਜ਼ਾ ਹਾਸਿਲ ਨਾ ਕਰ ਸਕਣ ਕਾਰਨ, ਜਿੱਥੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ, ਉੱਥੇ ਹੀ ਦੋਵੇਂ ਵਾਰੀ ਦਸ-ਦਸ ਮਜ਼ਦੂਰਾਂ ਦਾ ਖਰਚਾ ਵੀ ਪੰਚਾਇਤ ਨੂੰ ਸਹਿਣ ਕਰਨਾ ਪਿਆ। ਇਸ ਮੌਕੇ ਨੰਬਰਦਾਰ ਪਵਨ ਸਿੰਘ ਤੋਂ ਇਲਾਵਾ ਪੰਚ ਜਰਨੈਲ ਸਿੰਘ ਤੇ ਗੁਰਨਾਮ ਸਿੰਘ ਵੀ ਹਾਜ਼ਰ ਸਨ। ਜਦੋਂ ਇਸ ਸੰਬੰਧ ਵਿੱਚ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਵਿੱਚ ਹਿਮਾਚਲ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਦੀ ਟੀਮ ਆ ਗਈ ਸੀ, ਜਿਸ ਕਰਕੇ ਉਨ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਮਸ਼ਰੂਫ ਹੋਣ ਕਾਰਨ ਪੁਲੀਸ ਲਈ ਡਗੌਲੀ ਪੁੱਜਣਾ ਮੁਸ਼ਕਲ ਹੋ ਗਿਆ।