ਅਨਾਜ ਘੁਟਾਲਾ: ਵਿਜੀਲੈਂਸ ਵੱਲੋਂ ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਗ੍ਰਿਫ਼ਤਾਰ
ਗਗਨਦੀਪ ਅਰੋੜਾ
ਲੁਧਿਆਣਾ, 19 ਸਤੰਬਰ
ਵਿਜੀਲੈਂਸ ਬਿਊਰੋ ਨੇ ਸੂਬੇ ਦੇ ਚਰਚਿਤ ਅਨਾਜ ਘੁਟਾਲੇ ਦੇ ਮਾਮਲੇ ਦੇ ਭਗੌੜੇ ਮੁਲਜ਼ਮ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੇ ਸਾਥੀ ਬੱਤਰਾ ਫਾਰਮਾਸਿਊਟੀਕਲਜ਼ ਦੇ ਡਿਸਟਰੀਬਿਊਟਰ ਅਨੁਰਾਗ ਬੱਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ’ਤੇ ਸਿੰਗਲਾ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨ ਦਾ ਦੋਸ਼ ਹੈ। ਮੁਲਜ਼ਮ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰਾਂ ਖ਼ਿਲਾਫ਼ ਦਰਜ ਕੇਸ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਸਿੰਗਲਾ ਨੇ ਆਪਣੇ ਅਤੇ ਆਪਣੀ ਪਤਨੀ ਦੇ ਨਾਂ ’ਤੇ 12 ਜਾਇਦਾਦਾਂ ਖਰੀਦੀਆਂ ਸਨ। ਮਗਰੋਂ ਸਿੰਗਲਾ ਨੂੰ ਇਸ ਕੇਸ ਵਿੱਚ ਭਗੌੜਾ ਕਰਾਰ ਦੇ ਦਿੱਤਾ ਸੀ। ਇਸ ਉਪਰੰਤ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਆਰਕੇ ਸਿੰਗਲਾ ਨੇ ਖੁਰਾਕ ਵਿਭਾਗ ’ਚ ਤਾਇਨਾਤੀ ਦੌਰਾਨ ਲਗਪਗ 5 ਕਰੋੜ ਰੁਪਏ ਦੀਆਂ 12 ਜਾਇਦਾਦਾਂ ਖਰੀਦੀਆਂ ਸਨ। ਇਹ ਵੀ ਸਾਹਮਣੇ ਆਇਆ ਹੈ ਕਿ ਅਨੁਰਾਗ ਬੱਤਰਾ ਵਾਸੀ ਐੱਸਸੀਓ 360, ਸੈਕਟਰ 32 ਡੀ, ਚੰਡੀਗੜ੍ਹ ਨੇ ਆਰਕੇ ਸਿੰਗਲਾ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨ ਵਿੱਚ ਮਦਦ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਬੱਤਰਾ ਨੇ ਜੁਰਮ ਕਬੂਲ ਲਿਆ ਹੈ ਅਤੇ ਖੁਲਾਸਾ ਕੀਤਾ ਕਿ ਉਸ ਦੇ ਦੋਸਤ ਨੇ ਉਸ ਨੂੰ ਆਰਕੇ ਸਿੰਗਲਾ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨ ਲਈ ਕਿਹਾ ਸੀ।