ਗੋਇਲ ਦੀ ‘ਸਾਹਿਤ ਸੰਜੀਵਨੀ’ ਨੂੰ ਮਿਲੇਗਾ ਹਮਦਰਦ ਪੁਰਸਕਾਰ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 7 ਨਵੰਬਰ
ਇਸ ਵਾਰ ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ ਜੇਬੀ ਗੋਇਲ ਦੀ ਪੁਸਤਕ ‘ਸਾਹਿਤ ਸੰਜੀਵਨੀ’ ਨੂੰ ਦਿੱਤਾ ਜਾਵੇਗਾ। ਪੰਜਾਬੀ ਸਾਹਿਤ ਸਭਾ ਬਲਾਚੌਰ ਦੇ ਪ੍ਰਧਾਨ ਅਤੇ ਜ਼ਿਲ੍ਹਾ ਸਾਹਿਤ ਤੇ ਕਲਾ ਮੰਚ ਨਵਾਂਸ਼ਹਿਰ ਦੇ ਜਨਰਲ ਸਕੱਤਰ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਨੇ ਦੱਸਿਆ ਕਿ ਇਹ ਪੁਸਤਕ ਸਾਡੇ ਸਮਿਆਂ, ਇੱਕੀਵੀਂ ਸਦੀ ਦੇ ਆਗਾਜ਼ ਦੀ ਉੱਤਮ ਰਚਨਾ ਵਜੋਂ ਜਾਣੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਇਹ ਸਨਮਾਨ ਸਮਾਗਮ ਲਿਖਾਰੀ ਸਭਾ ਜਗਤਪੁਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਜ਼ਿਲ੍ਹਾ ਯੂਨਿਟ ਨਵਾਂਸ਼ਹਿਰ ਅਤੇ ਜ਼ਿਲ੍ਹਾ ਸਾਹਿਤ ਅਤੇ ਕਲਾ ਮੰਚ ਨਵਾਂਸ਼ਹਿਰ ਦੇ ਸਹਿਯੋਗ ਨਾਲ 10 ਨਵੰਬਰ ਨੂੰ ਭਗਵੰਤ ਕਰਮ ਸਿੰਘ ਸ਼ੇਤਰਾ ਖੇਤੀਬਾੜੀ ਫ਼ਾਰਮ (ਬੀਕੇ ਫ਼ਾਰਮ ਹਾਊਸ) ਕੌਲਗੜ੍ਹ ਵਿੱਚ ਕਰਵਾਇਆ ਜਾਵੇਗਾ। ਇਕੱਠ ਵਿੱਚ ਡਾ. ਜੇਬੀ ਗੋਇਲ ਦੀ ਪੁਸਤਕ ‘ਸਾਹਿਤ ਸੰਜੀਵਨੀ’ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਨਵਜੋਤ ਖੋਜ ਪੱਤਰ ਪੜ੍ਹਨਗੇ ਤੇ ਹਾਜ਼ਰ ਵਿਦਵਾਨ ਆਪਣੇ ਵਿਚਾਰ ਰੱਖਣਗੇ। ਸ਼ੇਤਰਾ ਮੁਤਾਬਕ ਇਸ ਪੁਰਸਕਾਰ ਵਿਚ 21 ਹਜ਼ਾਰ ਰੁਪਏ, ਲੋਈ, ਯਾਦਗਾਰੀ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।