ਗੋਇਲ ਦੀ ਪੁਸਤਕ ‘ਸਾਹਿਤ ਸੰਜੀਵਨੀ’ ਨੂੰ ਮਿਲਿਆ ‘ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ’
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 19 ਨਵੰਬਰ
ਪੰਜਾਬੀ ਸਾਹਿਤ ਸਭਾ ਬਲਾਚੌਰ ਵੱਲੋਂ ਆਪਣਾ 48ਵਾਂ ਸਥਾਪਨਾ ਦਿਵਸ ਭਗਵੰਤ ਕਰਮ ਸਿੰਘ ਸ਼ੇਤਰਾ ਖੇਤੀਬਾੜੀ ਫਾਰਮ ਕੌਲਗੜ੍ਹ ਵਿੱਚ ਮਨਾਇਆ ਗਿਆ। ਇਸ ਮੌਕੇ ਸਭਾ ਵੱਲੋਂ ਸੰਨ 1986 ਤੋਂ ਦਿੱਤਾ ਜਾਂਦਾ ‘ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ’ ਇਸ ਵਾਰ ਪੁਸਤਕ ‘ਸਾਹਿਤ ਸੰਜੀਵਨੀ’ ਦੇ ਲੇਖਕ ਜੰਗ ਬਹਾਦਰ ਗੋਇਲ ਨੂੰ ਭੇਟ ਕੀਤਾ ਗਿਆ, ਜਿਸ ’ਚ 21 ਹਜ਼ਾਰ ਦੀ ਨਕਦੀ ਅਤੇ ਲੋਈ ਸ਼ਾਮਲ ਸੀ। ਪੁਸਤਕ ‘ਸਾਹਿਤ ਸੰਜੀਵਨੀ’ ਉੱਤੇ ਡਾ. ਨਵਜੋਤ ਨੇ ਆਪਣਾ ਖੋਜ ‘ਸਾਹਿਤ ਦੇ ਸਫਿਆਂ ’ਚ ਲੁਕੀ ਸੰਜੀਵਨੀ’ ਪੜ੍ਹਿਆ।
ਖੋਜ ਪੱਤਰ ’ਤੇ ਬਹਿਸ ਦਾ ਆਰੰਭ ਕਰਦਿਆਂ ਪ੍ਰੋ. ਸੁਰਜੀਤ ਜੱਜ ਨੇ ਪੁਸਤਕ ਲਈ ਸ੍ਰੀ ਗੋਇਲ ਦਾ ਧੰਨਵਾਦ ਕੀਤਾ। ਪੇਪਰ ’ਤੇ ਡਾ. ਕੇਵਲ ਰਾਮ ਨਵਾਂ ਸ਼ਹਿਰ ਨੇ ਵੀ ਵਿਚਾਰ ਰੱਖੇ। ਪ੍ਰੋ. ਸ਼ਾਮ ਸਿੰਘ ‘ਅੰਗ ਸੰਗ’ ਵੱਲੋਂ ਕੈਨੇਡਾ ਤੋਂ ਭੇਜਿਆ ਸ੍ਰੀ ਗੋਇਲ ਅਤੇ ‘ਸਾਹਿਤ ਸੰਜੀਵਨੀ’ ਬਾਰੇ ਲਿਖਿਆ ਸੁਨੇਹਾ ਵੀ ਸੁਣਾਇਆ ਗਿਆ। ਮਹਿੰਦਰ ਸਿੰਘ ਦੁਸਾਂਝ ਨੇ ਸਾਹਿਤ ਸਭਾ ਬਲਾਚੌਰ ਦੇ ਪਿਛੋਕੜ ਅਤੇ ਸ੍ਰੀ ਗੋਇਲ ਵੱਲੋਂ ਨਵਾਂ ਸ਼ਹਿਰ ਵਿੱਚ ਐੱਸਡੀਐੱਮ ਅਤੇ ਡੀਸੀ ਹੁੰਦਿਆਂ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪਾਏ ਯੋਗਦਾਨ ਬਾਰੇ ਦੱਸਿਆ। ਸਭਾ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਨੇ ਦੱਸਿਆ ਕਿ ਸੰਨ 1984 ’ਚ ਡਾ. ਹਮਦਰਦ ਜੀ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਾਏ ਯੋਗਦਾਨ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਦੀ ਯਾਦ ’ਚ ਪੁਰਸਕਾਰ ਦੇਣ ਬਾਰੇ ਫੈਸਲਾ ਲਿਆ ਗਿਆ। ਇਸ ਮੌਕੇ ਡਾ. ਨੀਲਮ ਗੋਇਲ, ਮਨਮੋਹਨ ਸਿੰਘ ਖੇਲਾ, ਦੀਪ ਕਲੇਰ, ਜਸਵੰਤ ਖਟਕੜ, ਮੋਹਣ ਸਿੰਘ ਰਾਏ, ਗੁਰਨੇਕ ਸਿੰਘ ਸ਼ੇਰ, ਪਰਮਜੀਤ ਦੇਹਲ, ਜਸਬੀਰ ਸਿੰਘ ਨੂਰਪੁਰ, ਜਤਿੰਦਰਪਾਲ ਸਿੰਘ ਜੋਗ ਚੰਡੀਗੜ੍ਹ, ਜਸਬੀਰ ਦੀਪ, ਨਿਰਮਲ ਨਵਾਂਗਰਾਂਈਂ ਅਤੇ ਨਿਰਮਲਜੀਤ ਸਿੰਘ ਚਾਹਲ ਨੇ ਵਿਚਾਰ ਰੱਖੇ।