ਅਧਿਆਪਕਾਂ ਦੀ ਮੌਤ ਲਈ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀ ਜ਼ਿੰਮੇਵਾਰ: ਡੀਟੀਐੱਫ
ਪੱਤਰ ਪ੍ਰੇਰਕ
ਜਲੰਧਰ, 23 ਅਗਸਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਲੁਧਿਆਣਾ) ਦੇ ਸਟਾਫ ਰੂਮ ਦਾ ਲੈਂਟਰ ਡਿੱਗਣ ਨਾਲ ਅਧਿਆਪਕਾਂ ਰਵਿੰਦਰ ਕੌਰ (ਐਸ.ਐਸ.ਮਿਸਟਰੈਸ) ਦੀ ਹੋਈ ਮੌਤ ਅਤੇ ਤਿੰਨ ਹੋਰ ਅਧਿਆਪਕਾਂ ਦੇ ਗੰਭੀਰ ਜ਼ਖਮੀ ਹੋਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਇਸ ਘਟਨਾ ਲਈ ਆਪ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀ ਨੂੰ ਜ਼ਿੰਮੇਵਾਰ ਦੱਸਿਆ। ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਸ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ ਤੇ ਹੋਰਨਾਂ ਨੇ ਕਿਹਾ ਕਿ ਪੁਰਾਣੀਆਂ ਖਸਤਾ ਇਮਾਰਤਾਂ ਨੂੰ ਰੰਗ-ਰੋਗਨ ਕਰਕੇ ਸਕੂਲ ਆਫ ਐਮੀਨੈਂਸ ਬਣਾਏ ਜਾਣ ਵਾਲੀ ਨੀਤੀ ਨੇ ਇਕ ਅਧਿਆਪਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਨੇਕਾਂ ਖਸਤਾ ਹਾਲਤ ਵਾਲੇ ਸਕੂਲਾਂ ਨੂੰ ਰੰਗ ਰੋਗਨ ਕਰਕੇ ਉਨ੍ਹਾਂ ਅੱਗੇ ਸਕੂਲ ਆਫ ਐਮੀਨੈਂਸ ਦੇ ਲੱਖਾਂ ਰੁਪਏ ਦੇ ਬੋਰਡ ਟੰਗ ਦਿੱਤੇ ਗਏ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਪ੍ਰਿੰਸੀਪਲਾਂ ਨੂੰ ਸਿੰਘਾਪੁਰ ਭੇਜਣ ਤੇ ਕਰੋੜਾਂ ਰੁਪਏ ਤਾਂ ਖਰਚ ਕਰ ਰਹੀ ਹੈ,ਪਰ ਸਕੂਲਾਂ ਦੀਆਂ ਇਮਾਰਤਾਂ ਉੱਪਰ ਧੇਲਾ ਵੀ ਖਰਚ ਨਹੀਂ ਕਰ ਰਹੀ,ਜਿਸ ਕਾਰਨ ਅੱਜ ਬੱਦੋਵਾਲ ਵਿਚ ਇਹ ਮੰਦਭਾਗੀ ਘਟਨਾ ਵਾਪਰ ਗਈ। ਉਨ੍ਹਾਂ ਮੰਗ ਕੀਤੀ ਕਿ ਸਮੂਹ ਸਕੂਲਾਂ ਦੀਆਂ ਇਮਾਰਤਾਂ ਅਤੇ ਸਮੁੱਚੇ ਰੱਖ ਰਖਾਵ ਦੇ ਪ੍ਰਬੰਧਾਂ ਦੀ ਤੁਰੰਤ ਚੈਕਿੰਗ ਕਰਵਾ ਕੇ ਸਕੂਲਾਂ ਦੀ ਮੁਰੰਮਤ ਕਰਵਾਈ ਜਾਵੇ।