For the best experience, open
https://m.punjabitribuneonline.com
on your mobile browser.
Advertisement

ਰਾਜਪਾਲ ਦੀ ਖਿਚਾਈ

07:09 AM Apr 09, 2025 IST
ਰਾਜਪਾਲ ਦੀ ਖਿਚਾਈ
Advertisement

ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਦੀ ਸੁਪਰੀਮ ਕੋਰਟ ਵੱਲੋਂ ਕੀਤੀ ਖਿਚਾਈ ਦੇਸ਼ ਭਰ ’ਚ ਕੇਂਦਰ ਸਰਕਾਰ ਦੇ ਅਜਿਹੇ ਨੁਮਾਇੰਦਿਆਂ ਲਈ ਚਿਤਾਵਨੀ ਹੋਣੀ ਚਾਹੀਦੀ ਹੈ, ਖ਼ਾਸ ਤੌਰ ’ਤੇ ਉੱਥੇ ਜਿੱਥੇ ਭਾਜਪਾ ਸੱਤਾ ’ਚ ਨਹੀਂ। ਡੀਐੱਮਕੇ ਸਰਕਾਰ ਦੇ ਪੱਖ ’ਚ ਵੱਡਾ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਰਾਜਪਾਲ ਰਵੀ ਵੱਲੋਂ 10 ਬਿੱਲ ਰਾਸ਼ਟਰਪਤੀ ਦੇ ਗ਼ੌਰ ਲਈ ਰਾਖਵੇਂ ਰੱਖਣਾ ਗ਼ੈਰ-ਕਾਨੂੰਨੀ, ਪੱਖਪਾਤੀ ਤੇ ਸੰਵਿਧਾਨਕ ਤਜਵੀਜ਼ਾਂ ਦੇ ਖ਼ਿਲਾਫ਼ ਹੈ। ਅਦਾਲਤ ਵੱਲੋਂ ਅਤਿ ਮਹੱਤਵਪੂਰਨ ਸੁਨੇਹਾ ਇਹ ਹੈ ਕਿ ਰਾਜਪਾਲ ਨੂੰ ਤਾਂ ਆਦਰਸ਼ ਰੂਪ ’ਚ ਰਾਜ ਸਰਕਾਰ ਦਾ ਮਿੱਤਰ, ਦਾਰਸ਼ਨਿਕ ਤੇ ਮਾਰਗਦਰਸ਼ਕ ਹੋਣਾ ਚਾਹੀਦਾ ਹੈ; ਬਲਕਿ ਉਸ ਨੂੰ ਤਾਂ ਚਾਹੀਦਾ ਹੈ ਕਿ ਉਹ ਰਾਜਨੀਤਕ ਵਿਚਾਰਾਂ ਨੂੰ ਸੰਵਿਧਾਨ ਪ੍ਰਤੀ ਆਪਣੇ ਸਮਰਪਣ ਦੇ ਰਾਹ ਵਿੱਚ ਬਿਲਕੁਲ ਨਾ ਆਉਣ ਦੇਵੇ।
ਵਿਰੋਧੀ ਪਾਰਟੀਆਂ ਵੱਲੋਂ ਸ਼ਾਸਿਤ ਰਾਜਾਂ ’ਚ ਮੁੱਖ ਮੰਤਰੀਆਂ ਤੇ ਰਾਜਪਾਲਾਂ ਵਿਚਾਲੇ ਟਕਰਾਅ ਆਮ ਹੋ ਚੁੱਕੇ ਹਨ। ਪਿਛਲੇ ਕੁਝ ਸਾਲਾਂ ’ਚ, ਤਾਮਿਲਨਾਡੂ ਵਿੱਚ ਸਥਿਤੀ ਬਦਤਰ ਹੋ ਗਈ ਹੈ, ਜਿੱਥੇ ਐੱਮਕੇ ਸਟਾਲਿਨ ਦੀ ਸਰਕਾਰ ਕਈ ਮੁੱਦਿਆਂ ’ਤੇ ਰਾਜਪਾਲ ਰਵੀ ਨਾਲ ਟਕਰਾਅ ’ਚ ਰਹੀ ਹੈ, ਰਾਜ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਪ੍ਰਵਾਨਗੀ ਦੇਣ ਵਿੱਚ ਕੀਤੀ ਬੇਹਿਸਾਬੀ ਦੇਰੀ ਇਨ੍ਹਾਂ ’ਚੋਂ ਇੱਕ ਪ੍ਰਮੁੱਖ ਮੁੱਦਾ ਹੈ। ਸਾਲ 2023 ਵਿੱਚ, ਰਾਜਪਾਲ ਮੁੱਖ ਮੰਤਰੀ ਨੂੰ ਪੁੱਛੇ ਬਿਨਾਂ ਇੱਕ ਦਾਗ਼ੀ ਮੰਤਰੀ ਨੂੰ ਰਾਜ ਕੈਬਨਿਟ ਵਿੱਚੋਂ ਬਰਖ਼ਾਸਤ ਕਰਨ ਤੱਕ ਚਲੇ ਗਏ ਸਨ। ਉਹ ਗ਼ਲਤੀ ਸੁਧਾਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਖ਼ਲ ਦੇਣਾ ਪਿਆ ਸੀ, ਜੋ ਰਾਜ ਸਰਕਾਰ ਨੂੰ ਨੀਵਾਂ ਦਿਖਾਉਣ ਜਾਂ ਪ੍ਰਭਾਵਹੀਣ ਕਰਨ ਵੱਲ ਸੇਧਿਤ ਸੀ। ਇਸ ਤੋਂ ਇਲਾਵਾ ਹੋਰਨਾਂ ਰਾਜਾਂ ਵਿੱਚ ਵੀ ਰਾਜਪਾਲ ਤੇ ਸਰਕਾਰਾਂ ਦਰਮਿਆਨ ਟਕਰਾਅ ਦੇਖੇ ਗਏ ਹਨ ਜਿੱਥੇ ਅਹਿਮ ਕਾਰਜ ਦੋਵਾਂ ਧਿਰਾਂ ਦੇ ਆਹਮੋ-ਸਾਹਮਣੇ ਹੋਣ ਕਾਰਨ ਰੁਕੇ ਰਹੇ।
ਇਹ ਸਮਝਣਾ ਬਿਲਕੁਲ ਔਖਾ ਨਹੀਂ ਕਿ ਚੰਗਾ ਸ਼ਾਸਨ ਮੁੱਖ ਮੰਤਰੀ ਤੇ ਰਾਜਪਾਲ ਦੋਵਾਂ ਦੀ ਸਿਖ਼ਰਲੀ ਤਰਜੀਹ ਹੋਣੀ ਚਾਹੀਦੀ ਹੈ। ਅਦਾਲਤ ਨੇ ਦਰੁਸਤ ਫਰਮਾਇਆ ਹੈ ਕਿ ਵਿਧਾਨਪਾਲਿਕਾ ਦੇ ਮੈਂਬਰ, ਚੁਣੇ ਹੋਏ ਪ੍ਰਤੀਨਿਧੀਆਂ ਦੇ ਤੌਰ ’ਤੇ, ਰਾਜ ਦੇ ਲੋਕਾਂ ਦਾ ਕਲਿਆਣ ਯਕੀਨੀ ਬਣਾਉਣ ਲਈ ਜ਼ਿਆਦਾ ਤਿਆਰੀ ਨਾਲ ਲੈਸ ਹੁੰਦੇ ਹਨ। ਸਿਆਸੀ ਕਾਰਨਾਂ ਕਰ ਕੇ ਅੜਿੱਕੇ ਖੜ੍ਹੇ ਕਰਨਾ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਫੱਬਦਾ ਨਹੀਂ। ਕੇਂਦਰ ਨੂੰ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਹ ਰਾਜਪਾਲਾਂ ਨੂੰ ਮਨਮਰਜ਼ੀ ਨਾ ਕਰਨ ਦੇਵੇ, ਜਿਸ ਨਾਲ ਰਾਜ ਸਰਕਾਰਾਂ ਦੀ ਕਾਰਜਪ੍ਰਣਾਲੀ ਪ੍ਰ੍ਭਾਵਿਤ ਹੋਵੇ, ਕਿਉਂਕਿ ਇਸ ਦਾ ਖਮਿਆਜ਼ਾ ਆਮ ਲੋਕ ਭੁਗਤਦੇ ਹਨ। ਇਸ ਤਰ੍ਹਾਂ ਕੇਂਦਰ-ਰਾਜ ਦੇ ਰਿਸ਼ਤਿਆਂ ਵਿੱਚ ਅਤਿ-ਲੋੜੀਂਦਾ ਤਵਾਜ਼ਨ ਬਹਾਲ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਤੇ ਰਾਜਪਾਲ ਦੇ ਲੈਅਬੱਧ ਰਿਸ਼ਤਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਕਿ ਰਾਜ ਦੀ ਸਰਬ-ਪੱਖੀ ਤਰੱਕੀ ਬੇਸੁਆਦੇ ਵਿਵਾਦਾਂ ਕਾਰਨ ਪੱਟੜੀਓਂ ਨਾ ਲੱਥੇ।

Advertisement

Advertisement
Advertisement
Advertisement
Author Image

joginder kumar

View all posts

Advertisement