ਮਨੀਪੁਰ ਤੇ ਉੜੀਸਾ ਦੇ ਰਾਜਪਾਲ ਨੇ ਹਲਫ਼ ਲਿਆ
ਇੰਫਾਲ/ਭੁਬਨੇਸ਼ਵਰ, 3 ਜਨਵਰੀ
ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਅੱਜ ਮਨੀਪੁਰ, ਜਦਕਿ ਹਰੀ ਬਾਬੂ ਕੰਭਮਪਤੀ ਨੇ ਉੜੀਸਾ ਦੇ ਰਾਜਪਾਲ ਵਜੋਂ ਹਲਫ ਲਿਆ ਹੈ। ਭੱਲਾ ਨੂੰ ਮਨੀਪੁਰ ਹਾਈ ਕੋਰਟ ਦੇ ਚੀਫ ਜਸਟਿਸ ਡੀ. ਕ੍ਰਿਸ਼ਨਕੁਮਾਰ ਨੇ ਸੂਬੇ ਦੇ 19ਵੇਂ ਰਾਜਪਾਲ ਵਜੋਂ ਹਲਫ਼ ਦਿਵਾਇਆ। ਇਸ ਮਗਰੋਂ ਭੱਲਾ ਨੇ ਮਨੀਪੁਰ ਰਾਈਫ਼ਲਜ਼ ਅਮਲੇ ਦੇ ਗਾਰਡ ਆਫ ਆਨਰ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕੇਂਦਰੀ ਗ੍ਰਹਿ ਸਕੱਤਰ ਵਜੋਂ ਪੰਜ ਸਾਲ ਦਾ ਆਪਣਾ ਕਰੀਅਰ ਪਿਛਲੇ ਸਾਲ ਅਗਸਤ ’ਚ ਪੂਰਾ ਕੀਤਾ।
ਉਹ ਇੰਨਾ ਲੰਮਾ ਇਸ ਅਹੁਦੇ ’ਤੇ ਰਹਿਣ ਵਾਲੇ ਪਹਿਲੇ ਵਿਅਕਤੀ ਹਨ। ਉਹ 1984 ਬੈਚ ਦੇ ਅਸਾਮ-ਮੇਘਾਲਿਆ ਕੇਡਰ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਕੋਲ ਮਨੀਪੁਰ ਦਾ ਵਧੀਕ ਚਾਰਜ ਸੀ। ਭੱਲਾ ਵੀਰਵਾਰ ਨੂੰ ਇੰਫਾਲ ਪੁੱਜੇ ਸਨ ਤੇ ਮੁੱਖ ਮੰਤਰੀ ਐੱਨ.ਬੀਰੇਨ ਨੇ ਰਾਜ ਭਵਨ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਸੇ ਤਰ੍ਹਾਂ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਚੱਕਰਧਾਰੀ ਸ਼ਰਨ ਸਿੰਘ ਨੇ ਹਰੀ ਬਾਬੂ ਕੰਭਮਪਤੀ ਨੂੰ ਮੁੱਖ ਮੰਤਰੀ ਮੋਹਨ ਚਰਨ ਮਾਝੀ, ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ, ਰਾਜ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ, ਭਾਜਪਾ ਆਗੂਆਂ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਉੜੀਸਾ ਦੇ 27ਵੇਂ ਰਾਜਪਾਲ ਵਜੋਂ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। -ਪੀਟੀਆਈ