ਰਾਜਪਾਲ ਵੱਲੋਂ ਖਟਕੜ ਕਲਾਂ ਤੋਂ ‘ਨਸ਼ਾ ਮੁਕਤ-ਰੰਗਲਾ ਪੰਜਾਬ’ ਮੁਹਿੰਮ ਸ਼ੁਰੂ
ਸੁਰਜੀਤ ਮਜਾਰੀ/ਹਤਿੰਦਰ ਮਹਿਤਾ
ਬੰਗਾ/ਜਲੰਧਰ, 10 ਦਸੰਬਰ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ‘ਨਸ਼ਾ ਮੁਕਤ-ਰੰਗਲਾ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦਿਆਂ ਨਸ਼ਾ ਮੁਕਤ, ਸਿਹਤਮੰਦ ਅਤੇ ਅਗਾਂਹਵਧੂ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੰਜਾਬ ਦੇ ਅਮੀਰ ਸੱਭਿਆਚਾਰਕ ਜੀਵਨ ਨੂੰ ਬਹਾਲ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਯਕੀਨੀ ਬਣਾਉਣ ਲਈ ਅਹਿਮ ਉਪਰਾਲਾ ਹੈ।
ਇਸ ਮੌਕੇ ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਉਨਾਂ ਯਾਦਗਾਰ ਵਿਚਲੇ ਮਿਊਜ਼ੀਅਮ ਦਾ ਦੌਰਾ ਵੀ ਕੀਤਾ।
ਇਸ ਉਪਰੰਤ ਰਾਜਪਾਲ ਸ੍ਰੀ ਕਟਾਰੀਆ ਨੇ ਜਲੰਧਰ ਨੇੜਲੇ ਇਤਿਹਾਸਕ ਬਿਆਸ ਪਿੰਡ ਤੋਂ ‘ਨਸ਼ਾ ਮੁਕਤ-ਰੰਗਲਾ ਪੰਜਾਬ’ ਮੁਹਿੰਮ ਤਹਿਤ ਦੋ ਰੋਜ਼ਾ ਪੈਦਲ ਯਾਤਰਾ ਸ਼ੁਰੂ ਕਰਦਿਆਂ ਔਰਤਾਂ ਨੂੰ ਇਸ ਸਮਾਜਿਕ ਬੁਰਾਈ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਵਿਸ਼ਵ ਪ੍ਰਸਿੱਧ ਦੌੜਾਕ ਫੌਜਾ ਸਿੰਘ ਦੇ ਘਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੀ ਅਗਵਾਈ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰਾਂ ਵੱਲੋਂ ਆਪਣੇ ਪੱਧਰ ’ਤੇ ਵਿਆਪਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਾਰੇ ਨਾਗਰਿਕਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਖਾਸਕਰ ਔਰਤਾਂ ਨੂੰ ਅੱਗੇ ਆ ਕੇ ਨਸ਼ਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਕਰਨ ਨਾਲ ਸਿਰਫ਼ ਵਿਅਕਤੀ ਦੀ ਸਿਹਤ ’ਤੇ ਹੀ ਮਾੜਾ ਅਸਰ ਨਹੀਂ ਪੈਂਦਾ ਸਗੋਂ ਉਸ ਦੇ ਪਰਿਵਾਰ ਨੂੰ ਵੀ ਇਸ ਦਾ ਸੰਤਾਪ ਭੁਗਤਣਾ ਪੈਂਦਾ ਹੈ, ਜਿਸ ਦਾ ਜ਼ਿਆਦਾ ਸ਼ਿਕਾਰ ਔਰਤਾਂ ਹੁੰਦੀਆਂ ਹਨ। ਰਾਜਪਾਲ ਨੇ ਕਿਹਾ ਕਿ ਨਸ਼ੇ ਕਰਨ ਵਾਲਾ ਵਿਅਕਤੀ ਨਸ਼ੇ ਦੀ ਪੂਰਤੀ ਲਈ ਅਪਰਾਧ ਦੇ ਰਾਹ ’ਤੇ ਵੀ ਤੁਰਨ ਤੋਂ ਗੁਰੇਜ਼ ਨਹੀਂ ਕਰਦਾ। ਸ੍ਰੀ ਕਟਾਰੀਆ ਨੇ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫ਼ਲ ਨਹੀਂ ਹੋ ਸਕਦੀ। ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਮੁਕਤ ਭਵਿੱਖ ਸਿਰਜਣ ਲਈ ਇਸ ਅਭਿਆਨ ਵਿੱਚ ਸਰਗਰਮ ਭਾਗੀਦਾਰ ਬਣਨ ਦਾ ਹੋਕਾ ਦਿੱਤਾ।
ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ, ਸੋਸ਼ਲ ਵਰਕਰ ਤੇ ਲੇਖਕ ਖੁਸ਼ਵੰਤ ਸਿੰਘ ਦੇ ਯਤਨਾਂ ਸਦਕਾ ਕੱਢੀ ਪੈਦਲ ਯਾਤਰਾ ਪਿੰਡ ਭੱਠੇ ਵਿੱਚ ਸਮਾਪਤ ਹੋਈ। ਕਰੀਬ 8 ਕਿਲੋਮੀਟਰ ਦੀ ਇਸ ਯਾਤਰਾ ਦੀ ਅਗਵਾਈ ਰਾਜਪਾਲ ਪੰਜਾਬ ਵੱਲੋਂ ਖੁਦ ਪੈਦਲ ਚੱਲ ਕੇ ਕੀਤੀ ਗਈ। ਕਰੀਬ 113 ਸਾਲਾ ਦੌੜਾਕ ਫੌਜਾ ਸਿੰਘ ਨੇ ਵੀ ਇਸ ਪੈਦਲ ਯਾਤਰਾ ਵਿੱਚ ਭਾਗ ਲਿਆ ਅਤੇ ਕਰੀਬ ਇਕ ਕਿਲੋਮੀਟਰ ਪੈਦਲ ਤੁਰੇ। ਇਹ ਯਾਤਰਾ ਬੁੱਧਵਾਰ ਨੂੰ ਪਿੰਡ ਭੱਠੇ ਤੋਂ ਚੱਲ ਕੇ 7 ਕਿਲੋਮੀਟਰ ਦੂਰੀ ਤੈਅ ਕਰ ਕੇ ਜੰਗ-ਏ-ਆਜ਼ਾਦੀ ਕਰਤਾਰਪੁਰ ਵਿਖੇ ਸਮਾਪਤ ਹੋਵੇਗੀ। ਇਸ ਵਿੱਚ ਸਕੂਲਾਂ ਦੇ ਵਿਦਿਆਰਥੀਆਂ, ਪੰਚਾਇਤਾਂ ਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।