ਰਾਜਪਾਲ ਕਟਾਰੀਆ ਨੇ ਪੰਜਾਬ ਤੇ ਚੰਡੀਗੜ੍ਹ ਦੇ ਮੁੱਦੇ ਕੇਂਦਰੀ ਮੰਤਰੀਆਂ ਕੋਲ ਚੁੱਕੇ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦਿੱਲੀ ਵਿੱਚ ਦੋ ਦਿਨਾਂ ਫੇਰੀ ਦੌਰਾਨ ਪੰਜਾਬ ਤੇ ਚੰਡੀਗੜ੍ਹ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦੇ ਹੱਲ ਲਈ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵੱਖ-ਵੱਖ ਖੇਤਰੀ ਮੁੱਦਿਆਂ ਦਾ ਮਿਲ ਕੇ ਹੱਲ ਲੱਭਣ ਦੇ ਉਦੇਸ਼ ਨਾਲ ਚਰਚਾ ਕੀਤੀ। ਇਸ ਦੌਰਾਨ ਸ੍ਰੀ ਕਟਾਰੀਆ ਨੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਨਿਤਿਨ ਗਡਕਰੀ, ਜਗਤ ਪ੍ਰਕਾਸ਼ ਨੱਢਾ, ਮਨੋਹਰ ਲਾਲ ਖੱਟਰ, ਅਸ਼ਵਨੀ ਵੈਸ਼ਨਵ, ਡਾ. ਵੀਰੇਂਦਰ ਕੁਮਾਰ, ਗਜੇਂਦਰ ਸਿੰਘ ਸ਼ੇਖਾਵਤ, ਮਨਸੁਖ ਮਾਂਡਵੀਆ, ਗੋਵਿੰਦ ਮੋਹਨ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਮੰਤਰੀਆਂ ਕੋਲ ਪੰਜਾਬ ਤੇ ਚੰਡੀਗੜ੍ਹ ਦੇ ਬੁਨਿਆਦੀ ਢਾਂਚੇ ਦਾ ਵਿਕਾਸ, ਸਰਹੱਦੀ ਮੁੱਦਿਆਂ, ਸਰੋਤਾਂ ਦੀ ਵੰਡ, ਕਿਰਤ ਭਲਾਈ ਪਹਿਲਕਦਮੀਆਂ ਅਤੇ ਹੋਰਾਂ ਮੁੱਦਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਤੇ ਚੰਡੀਗੜ੍ਹ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵੱਧ ਸਕਦਾ ਹੈ ਅਤੇ ਕੇਂਦਰ ਸਰਕਾਰ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।