ਪੰਜਾਬ ਦੇ ਰਾਜਪਾਲ ਕਟਾਰੀਆ ਵੱਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ
ਮਲਕੀਅਤ ਸਿੰੰਘ/ਪਰਮਜੀਤ ਸਿੰਘ
ਜਲਾਲਾਬਾਦ/ਫ਼ਾਜ਼ਿਲਕਾ, 5 ਨਵੰਬਰ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਜ਼ਿਲ੍ਹਿਆਂ ਦੇ ਆਪਣੇ ਚਾਰ ਦਿਨਾਂ ਦੌਰੇ ਦੀ ਇੱਥੋਂ ਸੁਰੂਆਤ ਕਰਦਿਆਂ ਅੱਜ ਕਿਹਾ ਕਿ ਰਾਜ ਦੇ 6 ਸਰਹੱਦੀ ਜ਼ਿਲ੍ਹਿਆਂ ਵਿੱਚ ਪਿੰਡ ਸੁਰੱਖਿਆ ਕਮੇਟੀਆਂ ਦਾ ਕਾਇਮ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਕਮੇਟੀ ਮੈਂਬਰ ਦਾ ਰਾਜ ਭਵਨ ਨਾਲ ਸਿੱਧਾ ਸੰਪਰਕ ਕੀਤਾ ਜਾਵੇਗਾ ਤਾਂ ਜੋ ਉਹ ਸਰਹੱਦੀ ਖੇਤਰਾਂ ਦੀਆਂ ਮੁਸ਼ਕਲਾਂ ਅਤੇ ਸਮਰੱਥਾਵਾਂ ਨੂੰ ਬਿਹਤਰ ਤਰੀਕੇ ਨਾਲ ਜਾਣ ਸਕਣ। ਭਾਰਤ ਪਾਕਿ ਸਰਹੱਦ ਦੇ ਬਿਲਕੁਲ ਨਾਲ ਵਸੇ ਪਿੰਡ ਜੋਧਾ ਭੈਣੀ ਵਿੱਚ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਿੰਡ ਸੁਰੱਖਿਆ ਕਮੇਟੀਆਂ ਦੀ ਮਹੀਨੇ ਵਿੱਚ ਘੱਟੋ ਘੱਟ ਇਕ ਵਾਰ ਬੈਠਕ ਜ਼ਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਪਿੰਡ ਦੀ ਸੁਰੱਖਿਆ ਕਮੇਟੀ ਲਈ ਅਧਿਕਾਰੀ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਵਧੀਆ ਤਾਲਮੇਲ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਪਹਿਲਾਂ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ ਅਤੇ ਪਿੰਡ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੇ ਵੀ ਆਪਣੀ ਗੱਲ ਰਾਜਪਾਲ ਸਾਹਮਣੇ ਰੱਖੀ। ਇਸ ਮੌਕੇ ਪ੍ਰਿੰਸੀਪਲ ਸਕੱਤਰ ਵੀਕੇ ਮੀਨਾ, ਵਧੀਕ ਮੁੱਖ ਸਕੱਤਰ ਟੂ ਗਵਰਨਰ ਕੇ ਸ਼ਿਵਾ ਪ੍ਰਸ਼ਾਦ, ਕਮਿਸ਼ਨਰ ਅਰੁਣ ਸੇਖੜੀ, ਡੀਆਈਜੀ ਰਣਜੀਤ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐੱਸਐੱਸਪੀ ਵਰਿੰਦਰ ਸਿੰਘ ਬਰਾੜ, ਬੀਐੱਸਐੱਫ ਕਮਾਂਡੈਂਟ ਰਵੀ ਰੰਜਨ ਵੀ ਹਾਜ਼ਰ ਸਨ।
ਨਸ਼ੇ ਖ਼ਿਲਾਫ਼ ਸਾਂਝੇ ਯਤਨ ਕਰਨ ਦਾ ਸੱਦਾ
ਰਾਜਪਾਲ ਨੇ ਕਿਹਾ ਕਿ ਗੁਆਂਢੀ ਮੁਲਕ ਨੂੰ ਹੁਣ ਸਮਝ ਆ ਗਈ ਹੈ ਕਿ ਉਹ ਭਾਰਤ ਦਾ ਟਾਕਰਾ ਕਰਨ ਦੀ ਸਮੱਰਥਾ ਨਹੀਂ ਰੱਖਦਾ, ਇਸ ਲਈ ਉਹ ਕੋਝੀਆਂ ਹਰਕਤਾਂ ਕਰਦਾ ਹੈ ਅਤੇ ਡਰੋਨਾਂ ਨਾਲ ਨਸ਼ੇ ਭੇਜਣ ਦੀ ਕੋਸ਼ਿਸ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਸੁਰੱਖਿਆ ਕਮੇਟੀਆਂ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਜਿੱਥੇ ਜਾਗਰੂਕਤਾ ਦਾ ਕੰਮ ਕਰਦੀਆਂ ਹਨ ਉਥੇ ਹੀ ਇਹ ਕਮੇਟੀਆਂ ਮਾੜੇ ਅਨਸਰਾਂ ਸਬੰਧੀ ਸੂਚਨਾ ਪੁਲੀਸ ਅਤੇ ਬੀਐੱਸਐੱਫ ਨੂੰ ਦਿੰਦੀਆਂ ਹਨ। ਅਜਿਹੀਆਂ ਸੂਚਨਾਵਾਂ ਦੇਣ ਵਾਲਿਆਂ ਨੂੰ ਯੋਗ ਸਨਮਾਨ ਦਿੱਤਾ ਜਾਵੇਗਾ। ਨਸ਼ੇ ਵਰਗੀਆਂ ਸਮਾਜਿਕ ਬੁਰਾਇਆਂ ਖ਼ਿਲਾਫ਼ ਉਨ੍ਹਾਂ ਨੇ ਸਾਂਝੇ ਯਤਨ ਕਰਨ ਦਾ ਸੱਦਾ ਦਿੰਦਿਆਂ ਕਿ ਜੇ ਸਾਰਾ ਸਮਾਜ ਇੱਕਮੁਠ ਹੋ ਕੇ ਕੰਮ ਕਰੇਗਾ ਤਾਂ ਅਸੀਂ ਹਰ ਮੁਹਾਜ ’ਤੇ ਜਿੱਤ ਦਰਜ ਕਰਾਂਗੇ।
ਰਾਜਪਾਲ ਵੱਲੋਂ ਹੁਸੈਨੀਵਾਲਾ ਸ਼ਹੀਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫ਼ਿਰੋਜ਼ਪੁਰ ਫ਼ੇਰੀ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸ਼ਹੀਦ ਸੁਖਦੇਵ ਅਤੇ ਕ੍ਰਾਂਤੀਕਾਰੀ ਬੀਕੇਦੱਤ ਨੂੰ ਹੁਸੈਨੀਵਾਲਾ ਵਿੱਚ ਸ਼ਹੀਦੀ ਸਮਾਰਕ ’ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਾਉਣ ਲਈ ਅਨੇਕਾਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਜਿਨ੍ਹਾਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਆਖਿਆ ਕਿ ਸਾਨੂੰ ਸ਼ਹੀਦਾਂ ਦੇ ਸੁਫ਼ਨਿਆਂ ਦਾ ਭਾਰਤ ਸਿਰਜਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਰਾਜਪਾਲ ਨੇ ਬੀਐੱਸਐੱਫ਼, ਆਰਮੀ, ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰਕੇ ਸਰਹੱਦੀ ਖੇਤਰ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ, ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਅਤੇ ਹੋਰ ਅਹਿਮ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮਗਰੋਂ ਰਾਜਪਾਲ ਨੇ ਬੀਐੱਸਐੱਫ਼ ਦੇ ਇੰਟਰ ਡਿਸਟ੍ਰਿਕਟ ਫ਼ਾਈਨਲ ਕਬੱਡੀ ਮੈਚ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।