ਸਰਕਾਰਾਂ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ: ਸੰਦੀਪ ਕੌਰ ਖਾਲਸਾ
ਮਹਿੰਦਰ ਸਿੰਘ ਰੱਤੀਆਂ
ਮੋਗਾ,1 ਨਵੰਬਰ
ਝੋਨੇ ਦੀ ਨਿਰਵਿਘਨ ਖਰੀਦ ਤੇ ਚੁਕਾਈ ਸੰੰਘਰਸ਼ਸ਼ੀਲ ਕਿਸਾਨਾਂ ਨੇ ਮਜਬੂਰ ਹੋ ਕੇ ਦੀਵਾਲੀ ’ਤੇ ਮੰਡੀਆਂ ’ਚ ਦੁੱਖਾਂ ਦੇ ਦੀਵੇ ਬਾਲੇ ਹਨ। ਇਸ ਦੌਰਾਨ ਫ਼ਰੀਦਕੋਟ ਲੋਕ ਸਭਾ ਹਲਕਾ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਸੰਦੀਪ ਕੌਰ ਖਾਲਸਾ ਨੇ ਸਥਾਨਕ ਅਨਾਜ ਮੰਡੀ ’ਚ ਕਿਸਾਨਾਂ ਮਜ਼ਦੂਰਾਂ ਦਾ ਦਰਦ ਸੁਣਿਆ ਤੇ ਉਨ੍ਹਾਂ ਨੂੰ ਮਠਿਆਈ ਵੰਡੀ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸਾਨਾਂ ਦੀ 24 ਘੰਟਿਆਂ ’ਚ ਫ਼ਸਲ ਚੁੱਕਣ ਦਾ ਵਾਅਦਾ ਚੇਤੇ ਕਰਵਾਉਂਦੇ ਆਖਿਆ ਕਿ ਸਰਕਾਰਾਂ ਦੀ ਮਾੜੀ ਨੀਅਤ ਕਾਰਨ ਕਿਸਾਨਾਂ ਨੂੰ ਮੰਡੀਆਂ ’ਚ ਖ਼ੁਆਰ ਹੋਣਾ ਪੈ ਰਿਹਾ ਹੈ। ਸੰਦੀਪ ਕੌਰ ਨੇ ਆਖਿਆ ਕਿ ਕਿਸਾਨਾਂ ਦੇ ਰੋਹ ਕਾਰਨ ਹਾਕਮ ਧਿਰ ਦੇੇ ਵਿਧਾਇਕ ਮੰਡੀਆਂ ’ਚ ਜਾਣ ਤੋਂ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਜਿੱਥੇ ਦੀਵਾਲੀ ਮਨਾਈ ਜਾ ਰਹੀ ਹੈੈ ਉਥੇ ਕਿਸਾਨ ਮੰਡੀਆਂ ਵਿੱਚ ਦੀਵਾਲੀ ਮਨਾਉਣ ਲਈ ਮਜਬੂਰ ਹੈ। ਸੂਬੇ ਦੇ ਆਗੂ ਦਿੱਲੀ ਬੈਠੇ ਅਕਾਵਾਂ ਨੂੰ ਮਹਿੰਗੇ ਤੋਹਫੇ ਭੇਟ ਕਰ ਰਹੇ ਜਦਕਿ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ।