ਮੂੰਗੀ ਤੇ ਮੱਕੀ ਦੀ ਬੇਕਦਰੀ ਖ਼ਿਲਾਫ਼ ਸਰਕਾਰ ਦੀ ਅਰਥੀ ਫੂਕੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਜੁਲਾਈ
ਮੂੰਗੀ ਅਤੇ ਮੱਕੀ ਦੀ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੇਕਦਰੀ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇਥੇ ਨਵੀਂ ਦਾਣਾ ਮੰਡੀ ਵਿਖੇ ਰੋਹ ਮੁਜ਼ਾਹਰਾ ਹੋਇਆ। ਇਕ ਦਰਜਨ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਮਾਰਕੀਟ ਕਮੇਟੀ ਦਫ਼ਤਰ ਮੂਹਰੇ ਧਰਨਾ ਦਿੱਤਾ। ਉਪਰੰਤ ਅਰਥੀ ਫੂਕ ਮੁਜ਼ਾਹਰੇ ’ਚ ਮੂੰਗੀ ਅਤੇ ਮੱਕੀ ਦੀ ਐੱਮਐੱਸਪੀ ’ਤੇ ਖਰੀਦ ਯਕੀਨੀ ਬਣਾਉਣ ਦੀ ਮੰਗ ਕੀਤੀ। ਪੰਜਾਬ ਦੀਆਂ ਅਨਾਜ ਮੰਡੀਆਂ ’ਚ ਮੂੰਗੀ ਅਤੇ ਮੱਕੀ ਘੱਟੋ ਘੱਟ ਸਮਰਥਨ ਮੁੱਲ ’ਤੇ ਨਾ ਖਰੀਦ ਕੇ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਲੁੱਟਣ ਅਤੇ ਮੰਡੀਆਂ ’ਚ ਮਾੜੇ ਪ੍ਰਬੰਧਾਂ ਦੇ ਚਲਦਿਆਂ ਮੂੰਗੀ ਮੱਕੀ ਦੇ ਭਿੱਜਣ, ਰੁੜ੍ਹ ਜਾਣ, ਸਾਂਭ ਸੰਭਾਲ ਨਾ ਹੋਣ ਕਾਰਨ ਹੋ ਰਹੇ ਨੁਕਸਾਨ ਖ਼ਿਲਾਫ਼ ਪੰਜਾਬ ਦੀਆਂ ਛੇ ਅਨਾਜ ਮੰਡੀਆਂ ’ਚ ਪੁਤਲੇ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ।
ਧਰਨੇ ’ਚ ਹਰਿੰਦਰ ਸਿੰਘ ਲੱਖੋਵਾਲ, ਜਗਤਾਰ ਸਿੰਘ ਦੇਹੜਕਾ, ਹਰਨੇਕ ਸਿੰਘ ਗੁਜਰਵਾਲ, ਬੂਟਾ ਸਿੰਘ ਚਕਰ, ਅਵਤਾਰ ਸਿੰਘ ਰਸੂਲਪੁਰ, ਇੰਦਰਜੀਤ ਧਾਲੀਵਾਲ ਆਦਿ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਮੁਜ਼ਾਹਰੇ ’ਚ ਕੇਂਦਰ ਤੇ ਸੂਬਾ ਸਰਕਾਰ ’ਤੇ ਨਿਸ਼ਾਨਾ ਸੇਧਿਆ ਗਿਆ ਅਤੇ ਕਿਸਾਨਾਂ ਹਿੱਤਾਂ ਨੂੰ ਅਣਦੇਖਿਆ ਕਰਨ ਦੇ ਦੋਸ਼ ਮੜ੍ਹੇ ਗਏ। ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਪੂਰੇ ਦੇਸ਼ ’ਚ ਨਾ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰ ਰਹੀ ਹੈ ਤੇ ਨਾ ਹੀ ਤੇਈ ਫ਼ਸਲਾਂ ’ਤੇ ਐੱਮਐੱਸਪੀ ਲਾਗੂ ਕਰ ਰਹੀ ਹੈ।