ਹਲਕਾ ਡੇਰਾਬਸੀ ਦੀਆਂ ਸੜਕਾਂ ਦੀ ਨੁਹਾਰ ਬਦਲੇਗੀ ਸਰਕਾਰ: ਰੰਧਾਵਾ
ਹਰਜੀਤ ਸਿੰਘ/ਸਰਬਜੀਤ ਸਿੰਘ ਭੱਟੀ
ਡੇਰਾਬੱਸੀ/ ਲਾਲੜੂ, 7 ਜਨਵਰੀ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਹਲਕਾ ਡੇਰਾਬੱਸੀ ਦੀਆਂ ਲਿੰਕ ਸੜਕਾਂ ’ਤੇ ਪੈਂਦੇ ਪਿੰਡਾਂ ਲਈ ਵਿਕਾਸ ਪ੍ਰੋਜੈਕਟ ਦਾ ਐਲਾਨ ਕਰਦਿਆਂ ਵਿਸ਼ੇਸ਼ ਸਹਾਇਤਾ ਯੋਜਨਾ ਤਹਿਤ ਕੁੱਲ 16.38 ਕਿਲੋਮੀਟਰ ਦੀ ਲੰਬਾਈ ਵਾਲੀਆਂ ਸੜਕਾਂ ਨੂੰ ਸੀਮਿੰਟ ਕੰਕਰੀਟ ਨਾਲ 10-18 ਫੁੱਟ ਚੌੜਾ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਜੈਕਟ ’ਤੇ ਲਗਪਗ 13.10 ਕਰੋੜ ਰੁਪਏ ਦੀ ਲਾਗਤ ਆਵੇਗੀ।
ਸ਼੍ਰੀ ਰੰਧਾਵਾ ਨੇ ਦੱਸਿਆ ਕਿ ਸੜਕਾਂ ਨੂੰ ਚੌੜਾ ਕਰਨ ਤੋਂ ਇਲਾਵਾ ਸਰਕਾਰ ਨੇ ਕੁੱਲ 52.85 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਦੇ ਸੁਧਾਰ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਸੜਕਾਂ ‘ਤੇ ਕਰੀਬ 8.8 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਕਾਰਪੇਟ (ਪੀਸੀ)/ਲੁੱਕ ਦਾ ਕੰਮ ਕੀਤਾ ਜਾਵੇਗਾ। ਇਸ ਨਾਲ ਸੜਕਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ।
ਸ੍ਰੀ ਰੰਧਾਵਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੇਂਡੂ ਖੇਤਰਾਂ ਵਿੱਚ ਸਮੁੱਚੇ ਬੁਨਿਆਦੀ ਢਾਂਚੇ ਅਤੇ ਸੰਪਰਕ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਹਿੱਸਾ ਹੈ। ਇਨ੍ਹਾਂ ਸੜਕਾਂ ਨੂੰ ਚੌੜਾ ਕਰਨ ਅਤੇ ਸੁਧਾਰ ਕਰਨ ਨਾਲ ਨਾ ਸਿਰਫ਼ ਸਥਾਨਕ ਲੋਕਾਂ ਨੂੰ ਫ਼ਾਇਦਾ ਹੋਵੇਗਾ ਸਗੋਂ ਇਸ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।