ਕੁਦਰਤੀ ਆਫਤ ਮੌਕੇ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ: ਬੁੱਧ ਰਾਮ
ਪੱਤਰ ਪ੍ਰੇਰਕ
ਬੋਹਾ, 19 ਜੁਲਾਈ
ਹਲਕਾ ਬੁਢਲਾਡਾ ਦੇ ਵਿਧਾਇਕ ਅਤੇ ‘ਆਪ’ ਦੇ ਕਾਰਜਕਾਰੀ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੁਦਰਤ ਇਮਤਿਹਾਨ ਲੈਂਦੀ ਹੈ ਤਾਂ ਲੋਕ ਸਬਰ ਤੇ ਸੰਜਮ ਰੱਖਦੇ ਹੋਏ ਕੁਦਰਤੀ ਆਫ਼ਤ ਦਾ ਕਾਫੀ ਠਰੰਮੇ ਨਾਲ ਝੱਲ ਲੈਂਦੇ ਹਨ ਅਤੇ ਆਪਸੀ ਭਾਈਚਾਰਾ ਵੀ ਕਾਇਮ ਰੱਖਦੇ ਹਨ। ਉਹ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਦੌਰਾਨ ਬੋਲ ਰਹੇ ਸਨ।
ਪ੍ਰਿੰਸੀਪਲ ਬੁੱਧ ਰਾਮ ਨੇ ਆਪਣੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਪਾਣੀ ਨਾਲ ਘਿਰੇ ਪਿੰਡ ਰਿਉਂਦ ਕਲਾਂ ਵਿੱਚ ਜਾ ਕੇ ਲੋਕਾਂ ਨੂੰ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਮੌਕੇ ’ਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਲੋੜੀਂਦਾ ਸਾਮਾਨ ਵੀ ਦਿੱਤਾ। ਉਨ੍ਹਾਂ ਪਿੰਡ ਦਸਮੇਸ਼ ਨਗਰ, ਸ਼ੇਰਖਾਂਵਾਲਾ, ਮਘਾਣੀਆਂ, ਗੰਢੂ ਖੁਰਦ, ਗੰਢੂ ਕਲਾਂ, ਲੱਖੀਵਾਲ, ਤਾਲਬ ਵਾਲਾ, ਗਾਮੀ ਵਾਲਾ, ਹਾਕਮਵਾਲਾ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਬੀਰੇਵਾਲਾ ਡੋਗਰਾ ਦੇ ਭਾਖੜਾ ਨਹਿਰ ’ਤੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ।
ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਘੱਗਰ ਦਾ ਚਾਂਦਪੁਰਾ ਬੰਨ੍ਹ ਨੂੰ ਬੰਦ ਕਰਨ ਦਾ ਕੰਮ ਦੋਵੇਂ ਸਰਕਾਰਾਂ ਦੀ ਸਹਿਮਤੀ ਨਾਲ ਫੌਜ ਦੇ ਇੰਜਨੀਅਰਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਬੰਦ ਹੋਣ ਨਾਲ ਬੁਢਲਾਡਾ ਹਲਕੇ ਦੇ ਬਾਕੀ ਪਿੰਡਾਂ ਦਾ ਨੁਕਸਾਨ ਹੋਣ ਤੋਂ ਬੱਚਤ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਬਲਕਾਰ ਸਿੰਘ, ਐੱਸਐੱਚਓ ਬੋਹਾ ਬੇਅੰਤ ਕੌਰ, ਆਮ ਆਦਮੀ ਪਾਰਟੀ ਦੇ ਬਲਾਕ ਬੋਹਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਕਮਲਜੀਤ ਸਿੰਘ ਬਾਵਾ, ਸਤੀਸ਼ ਸਿੰਗਲਾ, ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਸੀਨੀਅਰ ਆਗੂ ਸ਼ੁਭਾਸ਼ ਨਾਗਪਾਲ, ਗੁਰਦਰਸ਼ਨ ਸਿੰਘ ਮੰਢਾਲੀ, ਟਰੱਕ ਯੂਨੀਅਨ ਬੋਹਾ ਦੇ ਪ੍ਰਧਾਨ ਨੈਬ ਸਿੰਘ, ਟਰੱਕ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਰਮਿੰਦਰ ਸਿੰਘ ਆਦਿ ਹਾਜ਼ਰ ਸਨ।