ਕਿਸਾਨਾਂ ਨੂੰ ਖਾਲਿਸਤਾਨੀ ਤੇ ਅਤਿਵਾਦੀ ਨਾ ਦੱਸੇ ਸਰਕਾਰ: ਡੱਲੇਵਾਲ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 27 ਫਰਵਰੀ
ਖਨੌਰੀ ਬਾਰਡਰ ’ਤੇ ਅੱਜ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਤਾਮਿਲਨਾਡੂ ਆਦਿ ਰਾਜਾਂ ਦੇ ਕਿਸਾਨ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਤੇ ਹਰਿਆਣਾ ’ਚੋਂ ਉਠੀ ਦੇਸ਼ ਦੇ 100 ਕਰੋੜ ਕਿਸਾਨਾਂ ਦੀ ਆਵਾਜ਼ ਨੂੰ ਖਾਲਿਸਤਾਨੀ ਅਤੇ ਅਤਿਵਾਦੀ ਦੱਸ ਕੇ ਤਾਨਾਸ਼ਾਹੀ ਢੰਗ ਨਾਲ ਦਬਾਉਣ ਦਾ ਯਤਨ ਨਾ ਕੀਤਾ ਜਾਵੇ। ਜੇਕਰ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ਉਪਰ ਅੱਤਿਆਚਾਰ ਜਾਰੀ ਰੱਖਿਆ ਤਾਂ ਭਾਜਪਾ ਦੀ ਹਕੂਮਤ ਕਾਇਮ ਨਹੀਂ ਰਹੇਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸ਼ੁਭਕਰਨ ਸਿੰਘ ਦੇ ਮਾਮਲੇ ਵਿਚ ਇਨਸਾਫ਼ ਨਾ ਮਿਲਿਆ ਤਾਂ 29 ਫਰਵਰੀ ਨੂੰ ਸਖਤ ਐਕਸ਼ਨ ਲੈਣ ਦਾ ਐਲਾਨ ਕੀਤਾ ਜਾਵੇਗਾ।
ਖਨੌਰੀ ਬਾਰਡਰ ’ਤੇ ਅੱਜ ਸ਼ਾਮ ਵੇਲੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਕਿਯੂ ਮਹਾਤਮਾ ਟਿਕੈਤ ਉਤਰ ਪ੍ਰਦੇਸ਼ ਦੇ ਆਗੂ ਅਨਿਲ ਤਾਲਾਨ ਨੇ ਕਿਹਾ ਕਿ ਦੇਸ਼ ਦੇ 100 ਕਰੋੜ ਕਿਸਾਨ ਖੇਤੀ ਸੈਕਟਰ ਉਪਰ ਨਿਰਭਰ ਹੈ ਅਤੇ ਕਿਸਾਨ ਦੇਸ਼ ਲਈ ਕੰਮ ਕਰ ਰਿਹਾ ਹੈ। ਦੇਸ਼ ਦੀ ਸਰਕਾਰ ਕੋਲ ਅਜਿਹੀ ਕੋਈ ਥਾਂ ਨਹੀਂ ਹੈ ਜਿਸ ਵਿਚ 100 ਕਰੋੜ ਕਿਸਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ। ਜੇਕਰ ਖੇਤੀ ਸੈਕਟਰ ਤਬਾਹ ਕਰ ਦਿੱਤਾ ਗਿਆ ਤਾਂ ਦੇਸ਼ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਮ ’ਤੇ ਸੱਤਾ ’ਚ ਆਈ ਸੀ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਪਰ ਦੇਸ਼ ਵਿਚ ਕਿਸਾਨ ਪਹਿਲਾਂ ਨਾਲੋਂ ਵੱਧ ਖੁਦਕੁਸ਼ੀਆਂ ਕਰਨ ਲੱਗ ਪਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਦਾ ਰਵੱਈਆ ਅਜਿਹਾ ਹੀ ਰਿਹਾ ਤਾਂ ਕਿਸਾਨ ਦੇਸ਼ ਦੀ ਸੰਸਦ ਨੂੰ ਘੇਰਨ ਲਈ ਮਜਬੂਰ ਹੋਣਗੇ। ਉਤਰ ਪ੍ਰਦੇਸ਼ ਦੇ ਕਿਸਾਨ ਆਗੂ ਚੌਧਰੀ ਹਰਪਾਲ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਹਿੰਦ-ਪਾਕਿ ਦੀ ਲੜਾਈ ਬਣਾ ਰੱਖੀ ਹੈ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਨੂੰ ਖਾਲਿਸਤਾਨੀ ਅਤੇ ਅਤਿਵਾਦੀ ਦੱਸਿਆ ਜਾ ਰਿਹਾ ਹੈ।
ਉਧਰ ਖਨੌਰੀ ਬਾਰਡਰ ’ਤੇ ਰੋਸ ਧਰਨੇ ਦੌਰਾਨ ਕਿਸਾਨ ਆਗੂ ਸੁੱਚਾ ਸਿੰਘ ਨੇ ਕਿਹਾ ਕਿ ਦੇਸ਼ ਨੂੰ ਕਿਸਾਨ ਦੇ ਪੁੱਤ ਹੀ ਬਚਾ ਰਹੇ ਹਨ। ਇੱਕ ਪੁੱਤ ਫੌਜ ਵਿਚ ਜਵਾਨ ਬਣ ਕੇ ਦੇਸ਼ ਦੇ ਬਾਰਡਰ ’ਤੇ ਡਟਿਆ ਹੈ ਜਦੋਂ ਕਿ ਇੱਕ ਪੁੱਤ ਖੇਤਾਂ ’ਚ ਅਨਾਜ ਪੈਦਾ ਕਰਦਾ ਹੈ। ਦੋਵੇਂ ਹੀ ਜ਼ਮੀਨਾਂ ਦੀ ਰਾਖੀ ਕਰਦੇ ਹਨ। ਕਿਸਾਨ ਆਗੂ ਭੀਮ ਸਿੰਘ ਨੇ ਭਾਜਪਾ ’ਤੇ ਵਧੀਕੀ ਕਰਨ ਦੇ ਦੋਸ਼ ਲਾਏ।