ਸਰਕਾਰੀ ਸਕੂਲਾਂ ਦੇ ਨਤੀਜਿਆਂ ਦਾ ਐਲਾਨ
ਪੱਤਰ ਪ੍ਰੇਰਕ
ਲੰਬੀ, 29 ਮਾਰਚ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੰਡੀ ਕਿਲਿਆਂਵਾਲੀ ਵਿੱਚ ਛੇਵੀਂ ਤੋਂ 11ਵੀਂ ਜਮਾਤ ਤੱਕ ਜਮਾਤਾਂ ਦੇ ਸਾਲਾਨਾ ਪ੍ਰੀਖਿਆ ਨਤੀਜੇ ਐਲਾਨੇ ਗਏ। ਨਵੇਂ ਵਿੱਦਿਅਕ ਸੈਸ਼ਨ ਦੇ ਆਗਾਜ਼ ਤਹਿਤ ਮਾਪੇ-ਅਧਿਆਪਕ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਕਮਲਪ੍ਰੀਤ ਕੌਰ ਅਤੇ ਕੈਂਪਸ ਮੈਨੇਜਰ ਜਤਿੰਦਰ ਸ਼ਰਮਾ ਤੇ ਸਟਾਫ਼ ਮੌਜੂਦ ਸੀ। ਕੈਂਪਸ ਮੈਨੇਜਰ ਜਤਿੰਦਰ ਸ਼ਰਮਾ, ਅਧਿਆਪਕਾ ਸਤਬੀਰ ਕੌਰ ਅਤੇ ਹੋਰ ਅਧਿਆਪਕਾਂ ਨੇ ਵਿੱਦਿਅਕ ਅਤੇ ਖੇਡ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਜ਼ੀਰਾ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਕੱਸੋਆਣਾ ਵਿੱਚ ਸਾਲਾਨਾ ਨਤੀਜਾ ਐਲਾਨਿਆ ਗਿਆ ਅਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਜਮਾਤਾਂ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ, ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਐੱਨਆਰਆਈ ਜੀਵਨ ਸਿੰਘ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਟੱਲੇਵਾਲ (ਪੱਤਰ ਪ੍ਰੇਰਕ): ਸਰਕਾਰੀ ਪ੍ਰਾਇਮਰੀ ਸਕੂਲ ਚੂੰਘਾ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਐੱਲ.ਕੇ.ਜੀ, ਯੂ.ਕੇ.ਜੀ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਤੇ ਨਤੀਜੇ ਐਲਾਨੇ ਗਏ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਚਿਆਂ ਦੀ ਹੌਂਸਲਾਅਫ਼ਜਾਈ ਸਮਾਜ ਸੇਵੀ ਕਰਨੈਲ ਸਿੰਘ ਆੜ੍ਹਤੀਆ ਪਰਿਵਾਰ ਅਤੇ ਬਲਜੀਤ ਕੌਰ ਨੇੇ ਕੀਤੀ। ਬਲਜੀਤ ਕੌਰ ਵੱਲੋਂ 5100 ਰੁਪਏ ਅਤੇ ਅਧਿਆਪਕਾ ਚਰਨਜੀਤ ਕੌਰ ਵਲੋਂ ਸਕੂਲ ਲਈ ਫ਼ਰਿੱਜ ਭੇਟ ਕੀਤਾ ਗਿਆ। ਸਕੂਲ ਇੰਚਾਰਜ ਜਗਤਾਰ ਸਿੰਘ ਕਲੇਰ ਨੇ ਹਾਜ਼ਰ ਪਤਵੰਤਿਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।
ਤਪਾ ਮੰਡੀ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਤਪਾ ਵਿੱਚ ਇੰਚਾਰਜ ਪ੍ਰਿੰਸੀਪਲ ਤਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਵੱਖ-ਵੱਖ ਜਮਾਤਾਂ ਦੇ ਇੰਚਾਰਜਾਂ ਵੱਲੋਂ ਵਿਦਿਆਰਥੀਆਂ ਦੇ ਮਾਤਾ ਪਿਤਾ ਨਾਲ ਕਾਰਗੁਜ਼ਾਰੀ ਬਾਰੇ ਚਰਚਾ ਕੀਤੀ ਗਈ। ਇੰਚਾਰਜ ਪ੍ਰਿੰਸੀਪਲ ਨੇ ਆਏ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ।