ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਕ੍ਰਾਂਤੀ: ਫਾਈਲਾਂ ’ਚ ਉੱਗਿਆ ਮੱਕੀ ਦਾ ਬੀਜ

06:50 AM Oct 11, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 10 ਅਕਤੂਬਰ
ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵੱਲੋਂ ਮੱਕੀ ਦੇ ਫਾਊਂਡੇਸ਼ਨ ਬੀਜ ਦੀ ਬਿਜਾਈ ਖੇਤਾਂ ਦੀ ਬਜਾਏ ਕਾਗ਼ਜ਼ਾਂ ’ਚ ਦਿਖਾਉਣ ਦਾ ਗੋਰਖਧੰਦਾ ਬੇਪਰਦ ਹੋਇਆ ਹੈ। ਫ਼ਸਲੀ ਵਿਭਿੰਨਤਾ ਦੇ ਰਾਹ ਪੈਣ ਵਾਲੇ ਕਿਸਾਨਾਂ ਨਾਲ ਇਹ ਵੱਡੀ ਠੱਗੀ ਦਾ ਮਾਮਲਾ ਹੈ। ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਦੇ ਖੇਤਰੀ ਦਫ਼ਤਰ ਜਲੰਧਰ ਨੇ ਮੱਕੀ ਦੇ ਫਾਊਂਡੇਸ਼ਨ ਬੀਜ ਦੀ ਖੇਤਾਂ ਵਿਚ ਫ਼ਰਜ਼ੀ ਬਿਜਾਂਦ ਦਿਖਾ ਦਿੱਤੀ, ਜਿਸ ਦਾ ਪਤਾ ਉੱਚ ਪੱਧਰੀ ਪੜਤਾਲ ਦੌਰਾਨ ਲੱਗਿਆ ਹੈ। ਖੇਤੀ ਮੰਤਰੀ ਦੇ ਧਿਆਨ ਵਿਚ ਜਦੋਂ ਮਾਮਲਾ ਸ਼ਿਕਾਇਤਾਂ ਜ਼ਰੀਏ ਆਇਆ ਤਾਂ ਉਨ੍ਹਾਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਰਾਜ ਪ੍ਰਮਾਣਨ ਸੰਸਥਾ ਨੇ ਪੜਤਾਲ ਲਈ ਵਿਸ਼ੇਸ਼ ਦਸਤੇ ਦਾ ਗਠਨ ਕੀਤਾ ਸੀ ਅਤੇ ਪੜਤਾਲ ਮਗਰੋਂ ਇਸ ਦੀ ਰਿਪੋਰਟ 8 ਅਕਤੂਬਰ ਨੂੰ ਖੇਤੀ ਮੰਤਰੀ ਨੂੰ ਸੌਂਪੀ ਸੀ। ਇਸ ਫ਼ਰਜ਼ੀ ਗੋਲਮਾਲ ਵਿਚ ਬੀਜ ਪ੍ਰਮਾਣਨ ਸਹਾਇਕ ਅਤੇ ਖੇਤਰੀ ਦਫ਼ਤਰ ਜਲੰਧਰ ਦੀ ਬੀਜ ਡੀਲਰਾਂ ਅਤੇ ਟਰੇਡਰਾਂ ਨਾਲ ਮਿਲੀਭੁਗਤ ਮਿਲੀ ਹੈ।
ਚਾਰ ਮੈਂਬਰੀ ਵਿਸ਼ੇਸ਼ ਦਸਤੇ ਨੇ ਆਪਣੀ ਪੜਤਾਲ ਰਿਪੋਰਟ 27 ਸਤੰਬਰ ਨੂੰ ਦੇ ਦਿੱਤੀ ਸੀ। ਰਿਪੋਰਟ ਅਨੁਸਾਰ ਸੰਸਥਾ ਵੱਲੋਂ ਛੇ ਅਦਾਰਿਆਂ ਜ਼ਰੀਏ 1315 ਏਕੜ ਰਕਬੇ ਵਿਚ ਫਾਊਂਡੇਸ਼ਨ ਬੀਜ ਦੀ ਬਿਜਾਂਦ ਕਰਾਈ ਗਈ ਜਿਸ ਦੀ ਉਪਜ ਹਾਸਲ ਕਰਕੇ ਤਸਦੀਕਸ਼ੁਦਾ ਬੀਜ ਅੱਗੇ ਕਿਸਾਨਾਂ ਨੂੰ ਦਿੱਤਾ ਜਾਣਾ ਸੀ। ਕਿਸਾਨਾਂ ਤੋਂ ਇਹ ਉਪਜ ਐੱਮਐੱਸਪੀ ਤੋਂ ਵੱਧ ਭਾਅ ’ਤੇ ਖ਼ਰੀਦ ਕੀਤੀ ਜਾਂਦੀ ਹੈ। ਪੜਤਾਲ ਵਿਚ ਸਾਹਮਣੇ ਆਇਆ ਕਿ ਮੱਕੀ ਦੇ ਬੀਜ ਦੀ ਸਰਟੀਫਿਕੇਸ਼ਨ ਦਾ ਸਾਰਾ ਰਕਬਾ ਕੁੱਝ ਦਲਾਲਾਂ ਤੇ ਬੀਜ ਟਰੇਡਰਜ਼ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਵਾਂ ’ਤੇ ਸਿਰਫ਼ ਕਾਗ਼ਜ਼ਾਂ ਵਿਚ ਹੀ ਦਿਖਾਇਆ ਗਿਆ। ਕੁੱਝ ਚੋਣਵੇਂ ਪਰਿਵਾਰਾਂ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਮੋਟਾ ਫ਼ਾਇਦਾ ਦੇਣ ਲਈ ਇਹ ਬੀਜ ਵੰਡਿਆ ਗਿਆ।
ਪੜਤਾਲ ਰਿਪੋਰਟ ਅਨੁਸਾਰ ਖੇਤਰੀ ਦਫ਼ਤਰ ਜਲੰਧਰ ਦੀ ਮਿਲੀਭੁਗਤ ਨਾਲ ਫ਼ਰਜ਼ੀ ਰਕਬੇ ਨੂੰ ਸਰਟੀਫਾਈਡ ਕੀਤਾ ਜਾਂਦਾ ਹੈ ਅਤੇ ਇਸ ਮਗਰੋਂ ਦਲਾਲਾਂ ਤੇ ਬੀਜ ਟਰੇਡਰਜ਼ ਵੱਲੋਂ ਵੱਡਾ ਮੁਨਾਫ਼ਾ ਚੋਣਵੇਂ ਅਧਿਕਾਰੀਆਂ ਨਾਲ ਮਿਲ ਕੇ ਆਪਸ ਵਿਚ ਵੰਡ ਲਿਆ ਜਾਂਦਾ ਸੀ। ਪੜਤਾਲ ਵਿੱਚ ਸਪਸ਼ਟ ਹੋਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਫ਼ਰਜ਼ੀ ਅਤੇ ਗੈਰ ਮਿਆਰੀ ਬੀਜ ਪੈਦਾ ਕਰਕੇ ਵੰਡਿਆ ਜਾ ਰਿਹਾ ਹੈ।
ਵਿਸ਼ੇਸ਼ ਦਸਤੇ ਨੇ ਜ਼ਿਲ੍ਹਾ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿਚਲੇ ਮੱਕੀ ਦੇ ਫਾਊਂਡੇਸ਼ਨ ਬੀਜ ਦੇ ਕਾਸ਼ਤਕਾਰ ਕਿਸਾਨਾਂ ਨਾਲ ਦਿੱਤੇ ਗਏ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਸੰਪਰਕ ਕੀਤਾ ਤਾਂ ਪਾਇਆ ਗਿਆ ਕਿ ਇਹ ਨੰਬਰ ਦੋ ਜਾਂ ਤਿੰਨ ਬੀਜ ਟਰੇਡਰ/ਦਲਾਲਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਸਨ। ਇਨ੍ਹਾਂ ਵੱਲੋਂ ਮਿਲਕਫੈੱਡ, ਐੱਨ.ਸੀ. ਸੀ, ਪਨਸੀਡ ਅਤੇ ਨੈਫਡ ਆਦਿ ਨਾਲ ਸੈਟਿੰਗ ਕਰਕੇ ਇਹ ਬੀਜ ਆਮ ਕਿਸਾਨਾਂ ਨੂੰ ਬੀਜ ਪੈਦਾ ਕਰਨ ਲਈ ਦੇਣ ਦੀ ਥਾਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਮ ਜਾਰੀ ਕਰਾ ਲਿਆ ਗਿਆ। ਰਜਿਸਟਰਡ ਮੋਬਾਈਲ ਨੰਬਰਾਂ ’ਤੇ ਸੰਪਰਕ ਕੀਤੇ ਜਾਣ ’ਤੇ ਸਬੰਧਿਤ ਕਿਸਾਨਾਂ ਨੂੰ ਮੱਕੀ ਦੇ ਬੀਜ ਦੇ ਰਕਬੇ, ਕਿਸਮ ਅਤੇ ਸ਼੍ਰੇਣੀ ਆਦਿ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਇਹ ਕਿਸਾਨ ਆਪਣੇ ਖੇਤ ਦਿਖਾ ਸਕੇ। ਸਾਰੇ ਕਿਸਾਨਾਂ ਨੇ ਇੱਕ ਵਿਅਕਤੀ ਵਿਸ਼ੇਸ਼ ਦਾ ਨਾਮ ਲਿਆ ਜਿਸ ਨੇ ਪਤਾ ਲੱਗਦੇ ਹੀ ਵਿਸ਼ੇਸ਼ ਦਸਤੇ ਨੂੰ ਧਮਕਾਇਆ ਵੀ ਅਤੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ। ਫਾਊਂਡੇਸ਼ਨ ਬੀਜ ਵਾਲਾ ਰਕਬਾ ਕਿਸਾਨ ਦਿਖਾਉਣ ਵਿਚ ਅਸਫਲ ਰਹੇ ਅਤੇ ਇਹ ਸਾਰਾ ਰਕਬਾ ਫ਼ਰਜ਼ੀ ਪਾਇਆ ਗਿਆ। ਕੁੱਲ 1319 ਏਕੜ ਰਕਬੇ ’ਚੋਂ ਸਿਰਫ਼ ਚਾਰ ਏਕੜ ਰਕਬਾ ਹੀ ਸਹੀ ਤਸਦੀਕ ਹੋਇਆ ਹੈ। ਵਿਸ਼ੇਸ਼ ਦਸਤੇ ਨੇ ਮੱਕੀ, ਜਵੀ ਅਤੇ ਬਰਸੀਮ ਦੇ ਬੀਜਾਂ ਨੂੰ ਪੈਦਾ ਕਰਨ ਵਾਲੇ ਇਸ ਗੋਰਖਧੰਦੇ ਨੂੰ ਠੱਲ੍ਹਣ ਵਾਸਤੇ ਸੁਝਾਅ ਵੀ ਪੇਸ਼ ਕੀਤੇ ਹਨ। ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਇਸ ਗੋਰਖਧੰਦੇ ਵਿਚ ਸ਼ਾਮਲ ਟਰੇਡਜ਼ ਨੂੰ ਬਲੈਕ ਲਿਸਟ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ।

Advertisement

ਕਿਸਾਨਾਂ ਨਾਲ ਠੱਗੀ ਬਰਦਾਸ਼ਤ ਨਹੀਂ ਕਰਾਂਗੇ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੜਤਾਲ ’ਚ ਮੱਕੀ ਦੇ ਫਾਊਂਡੇਸ਼ਨ ਬੀਜ ਦਾ ਰਕਬਾ ਫ਼ਰਜ਼ੀ ਨਿਕਲਿਆ ਹੈ ਜਿਸ ਨੂੰ ਲੈ ਕੇ ਖੇਤੀ ਬੀਜ ਪ੍ਰਮਾਣਨ ਅਫ਼ਸਰ ਜਲੰਧਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਖੇਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਕਾਰਵਾਈ ਲਈ ਸਿਫ਼ਾਰਸ਼ ਭੇਜ ਦਿੱਤੀ ਹੈ। ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਠੱਗੀ ਦੇ ਮਾਮਲੇ ਨੂੰ ਬਰਦਾਸ਼ਤ ਨਹੀਂ ਕਰੇਗੀ।

Advertisement
Advertisement