For the best experience, open
https://m.punjabitribuneonline.com
on your mobile browser.
Advertisement

ਸਰਕਾਰ ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਲਈ ਤਿਆਰ: ਪ੍ਰਧਾਨ ਮੰਤਰੀ

07:22 AM May 27, 2024 IST
ਸਰਕਾਰ ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਲਈ ਤਿਆਰ  ਪ੍ਰਧਾਨ ਮੰਤਰੀ
Advertisement

ਆਦਿਤੀ ਟੰਡਨ
ਨਵੀਂ ਦਿੱਲੀ, 26 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਖੇਤੀ ਪ੍ਰਧਾਨ ਉੱਤਰੀ ਸੂਬੇ ਪੰਜਾਬ ਦੇ ਚੋਣ ਨਤੀਜੇ ਸਭ ਨੂੰ ਹੈਰਾਨ ਕਰ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਦੀ ਚਾਹਵਾਨ ਹੈ। ਪੰਜਾਬ ’ਚ ਲੋਕ ਸਭਾ ਚੋਣਾਂ ਦੇ ਅੰਤਿਮ ਗੇੜ ਦੌਰਾਨ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ, ਜਿਸ ਵਿੱਚ ਹੁਣ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ।
ਪ੍ਰਧਾਨ ਮੰਤਰੀ ਨੇ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ‘ਦਿ ਟ੍ਰਿਬਿਊਨ’ ਦੇ ਇਕ ਸਵਾਲ ਨੂੰ ‘ਬਹੁਤ ਅਹਿਮ’ ਕਰਾਰ ਦਿੱਤਾ ਅਤੇ ਕਿਹਾ ਕਿ ਐੱਨਡੀਏ ਦੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਅਧੀਨ ਆਉਂਦੀਆਂ ਫ਼ਸਲਾਂ ਦਾ ਭਾਅ ਤੇ ਝਾੜ ਵਧਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ‘‘ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਦੀ ਇੱਛੁਕ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਉਮੀਦਵਾਰਾਂ ਨੂੰ ਪ੍ਰਚਾਰ ਤੋਂ ਰੋਕ ਰਹੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਇੱਛੁਕ ਕਿਸਾਨ ਫਸਲੀ ਵਿਭਿੰਨਤਾ ਅਪਣਾਉਣ ਅਤੇ ਉਨ੍ਹਾਂ ਨੂੰ ਲੋੜੀਂਦੀ ਵਿੱਤੀ ਮਦਦ ਅਤੇ ਬੀਮਾ ਕਵਰ ਦਿੱਤਾ ਜਾਵੇ। ਅਤੀਤ ’ਚ ਹੋਰ ਪਾਰਟੀਆਂ ਵੀ ਫਸਲੀ ਵਿਭਿੰਨਤਾ ਦੇ ਵਿਚਾਰ ਦੀ ਹਮਾਇਤ ਕਰਦੀਆਂ ਰਹੀਆਂ ਹਨ। ਹਾਲਾਂਕਿ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਨੇ ਇਸ ਤੋਂ ਪੈਰ ਪਿੱਛਾਂਹ ਖਿੱਚ ਲਏ ਪਰ ਰਾਜਨੀਤੀ ਦੀ ਕੀਮਤ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਭਵਿੱਖ ਤੋਂ ਹਟ ਕੇ ਕੁਝ ਹੋਰ ਹੋਣੀ ਚਾਹੀਦੀ ਹੈ। ਐੱਮਐੱਸਪੀ ਕਿਤੇ ਨਹੀਂ ਜਾ ਰਹੀ ਹੈ।’’ ਪੰਜਾਬ ’ਚ ਚੋਣਾਂ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨੇ ਆਖਿਆ, ‘‘ਪੰਜਾਬ ਦੇ ਲੋਕਾਂ ਦੇ ਰੌਂਅ ਤੇ ਨਤੀਜੇ ਆਉਣ ਵਾਲੇ ਦਿਨਾਂ ’ਚ ਸਾਰਿਆਂ ਨੂੰ ਹੈਰਾਨ ਕਰ ਦੇਣਗੇ।’’ ਪੰਜਾਬ ਤੇ ਹਰਿਆਣਾ ਸਣੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਤਹਿਤ 1 ਜੂਨ ਨੂੰ ਹੋਣ ਵਾਲੇ ਮਤਦਾਨ ਤੋਂ ਪਹਿਲਾਂ ਅੱਜ ‘ਦਿ ਟ੍ਰਿਬਿਊਨ’ ਨਾਲ ਇੱਕ ਇੰਟਰਵਿਊ ’ਚ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ, ‘‘ਨਤੀਜੇ ਤੁਹਾਨੂੰ ਹੈਰਾਨ ਕਰ ਦੇਣਗੇ ਪਰ ਯਾਦ ਰੱਖਣਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਭਾਜਪਾ ਪੰਜਾਬ ’ਚ ਲਗਾਤਾਰ ਵਧ ਰਹੀ ਹੈ।’’
ਪੰਜਾਬ ਜਿੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਤੋੜਨ ਮਗਰੋਂ ਭਾਜਪਾ ਇਕੱਲਿਆਂ ਚੋਣ ਲੜ ਰਹੀ ਹੈ, ਬਾਰੇ ਚੋਣ ਮੁਲਾਂਕਣ ਸਬੰਧੀ ਸਵਾਲ ’ਤੇ ਉਨ੍ਹਾਂ ਕਿਹਾ, ‘‘ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦਾ ਫ਼ੈਸਲਾ ਬਹੁਤ ਸੋਚ ਸਮਝ ਕੇ ਲਿਆ ਗਿਆ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਅਕਾਲੀ ਦਲ ਦੇ ਕਈ ਵਰਕਰਾਂ ਨੇ ਨਿੱਜੀ ਤੌਰ ’ਤੇ ਉਨ੍ਹਾਂ ਕੋਲ ਪਾਰਟੀ ਦੀ ਸਥਿਤੀ ਬਾਰੇ ਨਿਰਾਸ਼ਾ ਜ਼ਾਹਿਰ ਕੀਤੀ ਸੀ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਪੰਜਾਬ ਦੇ ਵਿਕਾਸ ਬਾਰੇ ਸੋਚਣ ਵਾਲੇ ਕਈ ਲੋਕਾਂ ਨੇ ਅਕਾਲੀ ਦਲ ’ਚ ਸੁਧਾਰ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹ ਅਸਫਲ ਰਹੇ। ਜਦੋਂ ਸੂਬੇ ਦੇ ਲੋਕ ਨਾਖੁਸ਼ ਸਨ ਤਾਂ ਸਾਡੀ ਪਾਰਟੀ ਲਈ ਚੁੱਪ ਰਹਿਣਾ ਸੰਭਵ ਨਹੀਂ ਸੀ। ਬਹੁਤ ਸੋਚ ਵਿਚਾਰ ਮਗਰੋਂ ਅਸੀਂ (ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦਾ) ਇਹ ਫ਼ੈਸਲਾ ਲਿਆ।’’ ਅਕਾਲੀ ਦਲ ਤੇ ਭਾਜਪਾ ਨੇ 1997 ’ਚ ਪਹਿਲੀ ਪੰਜਾਬ ਵਿਧਾਨ ਸਭਾ ਚੋਣਾਂ ਇਕੱਠਿਆਂ ਲੜੀਆਂ ਸਨ। ਸਤੰਬਰ 2020 ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਵੱਲੋਂ ਐੱਨਡੀਏ ਛੱਡਣ ਕਾਰਨ ਇਹ ਗੱਠਜੋੜ ਖਤਮ ਹੋ ਗਿਆ ਸੀ।

Advertisement

ਮੌਜੂਦਾ ਅਕਾਲੀ ਲੀਡਰਸ਼ਿਪ ਤੇ ਪ੍ਰਕਾਸ਼ ਸਿੰਘ ਬਾਦਲ ਵਿਚਲੇ ਫਰਕ ਦਾ ਕੀਤਾ ਜ਼ਿਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਿਚਲੇ ਫਰਕ ਦਾ ਜ਼ਿਕਰ ਵੀ ਕੀਤਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨਾਲ ਸਾਂਝ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹ ਖੇਤੀਬਾੜੀ ਨਾਲ ਸਬੰਧਤ ਸਾਰੇ ਸਮਾਗਮਾਂ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਉਂਦੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਹੋਰ ਚੀਜ਼ਾਂ ਵਾਂਗ ਖੇਤੀ ਬਾਰੇ ਬਾਦਲ ਸਾਹਬ ਦੇ ਨਜ਼ਰੀਏ ਤੋਂ ਵੀ ਮੈਨੂੰ ਕਾਫੀ ਮਦਦ ਮਿਲੀ ਅਤੇ ਜੇਕਰ ਮੌਕਾ ਮਿਲਿਆ ਤਾਂ ਅਸੀਂ ਇਸ ਸੈਕਟਰ ’ਚ ਉਨ੍ਹਾਂ ਦੇ ਨਜ਼ਰੀਏ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਾਂਗੇ।’’ ਉਨ੍ਹਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ‘‘ਅਰਬਨ ਨਕਸਲਾਂ ਦੀ ਵਿਚਾਰਧਾਰਾ’’ ਪੇਸ਼ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪੰਜਾਬ ਦੇ ਲੋਕ ਇਸ ਤੋਂ ਫਿਕਰਮੰਦ ਹਨ ਕਿ ਇਹ ਸੋਚ ਸੂਬੇ ਨੂੰ ਇੱਕ ਵਾਰ ਫਿਰ ‘ਗਲਤ ਰਾਹ’ ਉੱਤੇ ਲਿਜਾ ਸਕਦੀ ਹੈ। ਮੋਦੀ ਨੇ ਰਾਸ਼ਟਰ ਨਿਰਮਾਣ ’ਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਲੋਕ ਚਿੰਤਤ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ ਸਿਰਫ ਪੰਜਾਬ ਨੂੰ ਬਚਾ ਹੀ ਨਹੀਂ ਸਕਦੀ ਸਗੋਂ ਇਸ ਨੂੰ ਅਮਨ, ਵਿਕਾਸ ਤੇ ਖੁਸ਼ਹਾਲੀ ਦੇ ਰਾਹ ’ਤੇ ਵੀ ਲਿਜਾ ਸਕਦੀ ਹੈ।

Advertisement
Author Image

sukhwinder singh

View all posts

Advertisement
Advertisement
×