ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ: ਜਿੰਪਾ
ਜਸਬੀਰ ਸਿੰਘ ਚਾਨਾ
ਫਗਵਾੜਾ, 25 ਜੂਨ
ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਵੱਲੋਂ ਐੱਨਓਸੀ ਦੀ ਸ਼ਰਤ ਖ਼ਤਮ ਕਰਨ ਦੇ ਮਾਮਲੇ ’ਤੇ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਤੇ ਹਾਈ ਕੋਰਟ ਦੇ ਕੇਸ ਕਾਰਨ ਇਸ ’ਚ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ ਜਿਸ ਦਾ ਜਲਦ ਹੱਲ ਕਰਨ ਦੀ ਸੰਭਾਵਨਾ ਹੈ। ਅੱਜ ਇੱਥੇ ਨਗਰ ਨਿਗਮ ਹਾਲ ’ਚ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਨਵਾਂ ਕਾਨੂੰਨ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਮਾਲ ਵਿਭਾਗ ’ਚ ਫ਼ੈਲੇ ਭ੍ਰਿਸ਼ਟਾਚਾਰ ਦੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਲੋਕਾਂ ਨਾਲ ਧੱਕਾ ਕਰਦੇ ਹਨ ਉਨ੍ਹਾਂ ਦੀ ਸ਼ਿਕਾਇਤ ਲਈ ਉਹ ਪੂਰੀ ਤਰ੍ਹਾਂ ਗੰਭੀਰ ਹਨ ਤੇ ਟੌਲ ਫ਼੍ਰੀ ਨੰਬਰ ਵੀ ਜਾਰੀ ਕੀਤਾ ਹੈ। ਫਗਵਾੜਾ-ਬੰਗਾ ਰੋਡ ਦੀ ਸੜਕ ਜੋ ਇਤਿਹਾਸਕ ਗੁਰਦੁਆਰਾ ਸ੍ਰੀ ਸੂਖਚੈਨਆਣਾ ਸਾਹਿਬ ਤੇ ਬਾਬਾ ਵਿਸ਼ਵਕਰਮਾ ਮੰਦਰ ਨੂੰ ਜਾਂਦੀ ਹੈ, ਦੀ ਤੁਰੰਤ ਮੁਰੰਮਤ ਕਰਵਾਉ ਲਈ ਮੰਤਰੀ ਨੇ ਵਿਭਾਗ ਅਧਿਕਾਰੀਆਂ ਨੂੰ ਫ਼ੋਨ ਰਾਹੀਂ ਹਦਾਇਤ ਕੀਤੀ। ਹੜ੍ਹਾਂ ਨਾਲ ਨਜਿੱਠਣ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਪੂਰੀ ਤਿਆਰੀ ਤੇ ਫ਼ੰਡ ਰੱਖੇ ਹੋਏ ਹਨ। ਜ਼ਿਲ੍ਹਾ ਅਧਿਕਾਰੀਆਂ ਨੂੰ ਆਪੋ ਆਪੇ ਖੇਤਰਾਂ ’ਚ ਜ਼ਰੂਰੀ ਪੁਆਇੰਟਾਂ ਦਾ ਨਿਰੀਖਣ ਕਰਕੇ ਤਿਆਰ ਰਹਿਣ ਦੀਆਂ ਹਦਾਇਤਾ ਦਿੱਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਮੰਗਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਏਡੀਸੀ ਅਨੁਪਮ ਕਲੇਰ ਤੇ ਐੱਸਡੀਐੱਮ ਜਸ਼ਨਜੀਤ ਸਿੰਘ ਆਦਿ ਹਾਜ਼ਰ ਸਨ।