ਛੇ ਦਿਨਾਂ ਬਾਅਦ ਵੀ ਸ਼ੁਰੂ ਨਾ ਹੋਈ ਝੋਨੇ ਦੀ ਸਰਕਾਰੀ ਖਰੀਦ
ਪੱਤਰ ਪ੍ਰੇਰਕ
ਮਾਨਸਾ, 6 ਅਕਤੂਬਰ
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ ਛੇ ਦਿਨ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਅਜੇ ਤੱਕ ਕਿਧਰੇ ਵੀ ਅੰਨਦਾਤਾ ਦਾ ਝੋਨਾ ਖਰੀਦਿਆ ਨਹੀਂ ਗਿਆ। ਆੜ੍ਹਤੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫੜੀ ਹੋਈ ਅੜੀ ਕਾਰਨ ਅਜੇ ਤੱਕ ਕਿਤੇ ਵੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਸ਼ੱਕ ਸ਼ੈੱਲਰ ਮਾਲਕਾਂ ਨੂੰ ਭਰੋਸਾ ਦੇਣ ਤੋਂ ਬਾਅਦ ਹੜਤਾਲ ਸਮਾਪਤ ਹੋ ਗਈ ਹੈ, ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਲਕੇ 7 ਅਕਤੂਬਰ ਨੂੰ ਰਾਜ ਦੇ ਆੜ੍ਹਤੀਆਂ ਨਾਲ ਮੀਟਿੰਗ ਸੱਦਣ ਨਾਲ ਖਰੀਦ ਸ਼ੁਰੂ ਹੋਣ ਦੀ ਉਮੀਦ ਬੱਝ ਗਈ ਹੈ। ਪੰਜਾਬ ਸਰਕਾਰ ਵੱਲੋਂ ਰਾਜ ਭਰ ਦੇ ਸਾਰੇ ਜ਼ਿਲ੍ਹਿਆਂ ’ਚੋਂ ਆੜ੍ਹਤੀਆ ਐਸੋਸੀਏਸ਼ਨ ਦੇ ਦੋ-ਦੋ ਆਗੂਆਂ ਸਮੇਤ ਸਮੁੱਚੀ ਸੂਬਾ ਕਮੇਟੀ ਨੂੰ ਗੱਲਬਾਤ ਲਈ ਸੱਦਾ ਅੱਜ ਭੇਜ ਦਿੱਤਾ ਗਿਆ ਹੈ, ਜਿਸ ਨੂੰ ਆੜ੍ਹਤੀਆਂ ਵੱਲੋਂ ਬਕਾਇਦਾ ਸਵੀਕਾਰਿਆ ਵੀ ਜਾ ਚੁੱਕਿਆ ਹੈ। ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਹਰ ਤਰ੍ਹਾਂ ਦੇ ਬੰਦੋਬਸਤ ਪੂਰੇ ਕੀਤੇ ਹੋਏ ਹਨ।