ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਸਤੰਬਰ
ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਭਲਕੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖਰੀਦ ਦੇ ਪੁਖਤਾ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜਿਥੇ ਹਰ ਸਬ ਡਵੀਜ਼ਨ ਵਿਚ ਉਪ ਮੰਡਲ ਮੈਜਿਸਟ੍ਰੇਟ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਥੇ ਹਰ ਖਰੀਦ ਕੇਂਦਰਾਂ ’ਚ ਸੈਕਟਰ ਅਫ਼ਸਰ ਵੀ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਭਲਕੇ 1 ਅਕਤੂਬਰ ਤੋਂ ਹੀ ਸ਼ੁਰੂ ਹੋਣ ਵਾਲੀ ਮੁਕੰਮਲ ਹੜਤਾਲ ਕਾਰਨ ਝੋਨੇ ਦੀ ਖਰੀਦ ਨੂੰ ਬਰੇਕਾਂ ਲੱਗ ਸਕਦੀਆਂ ਹਨ। ਸ਼ੈੱਲਰ ਮਾਲਕਾਂ ਵਲੋਂ ਵੀ ਝੋਨੇ ਦੇ ਸੀਜ਼ਨ ਦੌਰਾਨ ਮੁਕੰਮਲ ਬਾਈਕਾਟ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਜਿਸ ਕਾਰਨ ਝੋਨੇ ਦੀ ਖਰੀਦ, ਸਫ਼ਾਈ, ਲੋਡਿੰਗ, ਅਣਲੋਡਿੰਗ ਆਦਿ ਦੇ ਸਮੁੱਚੇ ਪ੍ਰਬੰਧ ਉਪਰ ਹੜਤਾਲ ਭਾਰੂ ਪੈਣ ਦੇ ਆਸਾਰ ਰਹੇ ਹਨ। ਜੇਕਰ ਝੋਨੇ ਦੀ ਖਰੀਦ ਪ੍ਰਭਾਵਿਤ ਹੋਈ ਤਾਂ ਕਿਸਾਨ ਵੀ ਖੱਜਲ ਖੁਆਰ ਹੋ ਕੇ ਝੰਡਾ ਚੁੱਕ ਸਕਦੇ ਹਨ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਵਿਚ 217 ਅਨਾਜ ਮੰਡੀਆਂ ਅਤੇ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚ ਕਰੀਬ 22 ਲੱਖ ਮੀਟਰਕ ਟਨ ਝੋਨੇ ਦੀ ਫਸਲ ਆਉਣ ਦਾ ਅਨੁਮਾਨ ਹੈ। ਭਾਵੇਂ ਕਿ ਪਿਛਲੇ ਕਈ ਦਿਨਾਂ ਤੋਂ ਅਨਾਜ ਮੰਡੀ ਵਿਚ ਬਾਸਮਤੀ ਝੋਨੇ ਦੀ ਫਸਲ ਦੀ ਲਗਾਤਾਰ ਆਮਦ ਹੋ ਰਹੀ ਹੈ ਪਰ ਭਲਕੇ 1 ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਪਰਮਲ ਕਿਸਮਾਂ ਦੀ ਆਮਦ ਸ਼ੁਰੂ ਹੋ ਜਾਵੇਗੀ। ਅਨਾਜ ਮੰਡੀ ਵਿਚ ਸਾਫ਼ ਸਫ਼ਾਈ ਅਤੇ ਪੀਣ ਵਾਲੇ ਪਾਣੀ ਦੇ ਪੁਖਤਾ ਇੰਤਜ਼ਾਮ ਕਿਸੇ ਹੱਦ ਤੱਕ ਨਜ਼ਰ ਆ ਰਹੇ ਹਨ ਪਰ ਪੇਂਡੂ ਖੇਤਰ ਦੇ ਖਰੀਦ ਕੇਂਦਰਾਂ ’ਚ ਫਿਲਹਾਲ ਪੁਖਤਾ ਪ੍ਰਬੰਧ ਨਜ਼ਰ ਨਹੀਂ ਆ ਰਹੇ। ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜਤਾਲ ਕਾਰਨ ਝੋਨੇ ਦੀ ਖਰੀਦ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਆੜ੍ਹਤੀਆਂ, ਮਜ਼ਦੂਰਾਂ ਅਤੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਹੜਤਾਲੀ ਤੇਵਰ ਨਰਮ ਕਰਨ ਵਾਸਤੇ ਮੰਗਾਂ ਨੂੰ ਸਰਕਾਰ ਤੱਕ ਉਠਾ ਕੇ ਹੱਲ ਦਾ ਭਰੋਸਾ ਵੀ ਦਿਵਾਇਆ ਗਿਆ ਪਰ ਹੜਤਾਲ ਜ਼ਿਲ੍ਹਾ ਪੱਧਰੀ ਨਾ ਹੋ ਕੇ ਰਾਜ ਪੱਧਰ ਹੋਣ ਦਾ ਹਵਾਲਾ ਦਿੰਦਿਆਂ ਹੜਤਾਲੀਆਂ ਵਲੋਂ ਅਸਮਰੱਥਾ ਜ਼ਾਹਰ ਕੀਤੀ ਹੈ। ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਦਾ ਕਹਿਣਾ ਹੈ ਕਿ ਪਿਛਲੇ ਦੋ ਸੀਜ਼ਨ ਤੋਂ ਮਜ਼ਦੂਰ ਸਰਕਾਰ ਵਲੋਂ ਕੀਤਾ ਵਾਅਦਾ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ ਤੇ ਹਾਲੇ ਤੱਕ ਮਜ਼ਦੂਰੀ ਵਿਚ ਵਾਧਾ ਨਹੀਂ ਹੋਇਆ। ਭਲਕੇ 1 ਅਕਤੂਰ ਤੋਂ ਸਮੁੱਚਾ ਕੰਮਕਾਜ ਠੱਪ ਰੱਖਿਆ ਜਾਵੇਗਾ। ਉਧਰ ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹਾ ਭਰ ਦੀਆਂ ਅਨਾਜ ਮੰਡੀਆਂ ਵਿਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਹਨ।
ਆੜ੍ਹਤੀਆਂ ਵੱਲੋਂ ਖਰੀਦ ਦਾ ਬਾਈਕਾਟ
ਆੜ੍ਹਤੀਆਂ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸਿਸ਼ਨ ਪਾਲ ਨੇ ਕਿਹਾ ਕਿ ਭਲਕੇ 1 ਅਕਤੂਬਰ ਤੋਂ ਆੜ੍ਹਤੀਆਂ ਵਲੋਂ ਸਰਕਾਰੀ ਖਰੀਦ ਦਾ ਮੁਕੰਮਲ ਬਾਈਕਾਟ ਕਰਨ ਤੋਂ ਇਲਾਵਾ ਪ੍ਰਾਈਵੇਟ ਖਰੀਦ ਵੀ ਠੱਪ ਰੱਖੀ ਜਾਵੇਗੀ। ਆੜ੍ਹਤੀਆਂ ਵਲੋਂ ਅਨਾਜ ਮੰਡੀ ਵਿਚ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਵੀ ਫੈਸਲਾ ਲਿਆ ਹੈ ਅਤੇ ਸਰਕਾਰ ਖ਼ਿਲਾਫ਼ ਰੋਸ ਰੈਲੀਆਂ ਵੀ ਕੀਤੀਆਂ ਜਾਣਗੀਆਂ।