For the best experience, open
https://m.punjabitribuneonline.com
on your mobile browser.
Advertisement

ਆੜ੍ਹਤੀਆਂ ਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਪਹਿਲੇ ਦਿਨ ਨਹੀਂ ਹੋਈ ਝੋਨੇ ਦੀ ਸਰਕਾਰੀ ਖ਼ਰੀਦ

06:41 AM Oct 02, 2024 IST
ਆੜ੍ਹਤੀਆਂ ਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਪਹਿਲੇ ਦਿਨ ਨਹੀਂ ਹੋਈ ਝੋਨੇ ਦੀ ਸਰਕਾਰੀ ਖ਼ਰੀਦ
ਫਗਵਾੜਾ ਦਾਣਾ ਮੰਡੀ ਵਿੱਚ ਧਰਨਾ ਦਿੰਦੇ ਹੋਏ ਆੜ੍ਹਤੀ।
Advertisement

ਜਗਤਾਰ ਲਾਂਬਾ
ਅੰਮ੍ਰਿਤਸਰ, 1 ਅਕਤੂਬਰ
ਆੜ੍ਹਤੀਆਂ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਦਾਣਾ ਮੰਡੀਆਂ ਵਿੱਚ ਕੀਤੀ ਗਈ ਹੜਤਾਲ ਕਾਰਨ ਅੱਜ ਪਹਿਲੇ ਦਿਨ ਜ਼ਿਲ੍ਹੇ ਦੀਆਂ ਵਧੇਰੇ ਮੰਡੀਆਂ ਵਿੱਚ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ । ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਈਆ ਅਤੇ ਬੁਤਾਲਾ ਮੰਡੀ ਵਿੱਚ ਪਨਗ੍ਰੇਨ ਰਾਹੀਂ 50 ਮੀਟਰਿਕ ਟਨ ਝੋਨੇ ਦੀ ਖਰੀਦ ਕਰਕੇ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ।
ਆੜ੍ਹਤੀ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਇੱਥੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਦਾਣਾ ਮੰਡੀ ਭਗਤਾਂ ਵਾਲਾ ਮੰਡੀ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਆੜ੍ਹਤੀ ਅਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਮੰਡੀ ਵਿੱਚ ਫਸਲ ਦੀ ਖਰੀਦ ਮਾਮਲੇ ਨੂੰ ਲੈ ਕੇ ਸੁੰਨ ਪਸਰੀ ਹੋਈ ਸੀ। ਮੰਡੀ ਵਿੱਚ ਅੱਜ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ ਜਦੋਂ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਆਗੂ ਗੁਰਦੇਵ ਸਿੰਘ ਨੇ ਆਖਿਆ ਕਿ ਆੜ੍ਹਤੀਆਂ ਵੱਲੋਂ ਆਪ ਸਰਕਾਰ ਦੀ ਸਥਾਪਨਾ ਵੇਲੇ ਆਪਣੀਆਂ ਮੰਗਾਂ ਬਾਰੇ ਸਰਕਾਰ ਨੂੰ ਜਾਣੂ ਕਰਵਾਇਆ ਸੀ ਅਤੇ ਸਰਕਾਰ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਜਥੇਬੰਦੀ ਦੀ ਸਭ ਤੋਂ ਵੱਡੀ ਮੰਗ ਦਾਮੀ ਨੂੰ ਵਧਾਉਣ ਬਾਰੇ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਇਸ ਸਬੰਧ ਵਿੱਚ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਸਰਕਾਰ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਇਹ ਹੜਤਾਲ ਜਾਰੀ ਰਹੇਗੀ। ਮਜ਼ਦੂਰ ਜਥੇਬੰਦੀ ਦੇ ਜਨਰਲ ਸਕੱਤਰ ਕਪੂਰ ਸਿੰਘ ਨੇ ਕਿਹਾ ਕਿ ਜਥੇਬੰਦੀ ਵੱਲੋਂ ਫਸਲ ਦੀ ਲੋਡਿੰਗ ਦੀਆਂ ਦਰਾਂ ਵਿੱਚ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜਿਲੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਰਈਆ ਅਤੇ ਬੁਤਾਲਾ ਵਿਖੇ ਪਹਿਲੇ ਦਿਨ ਪਨਗਰੇਨ ਏਜੰਸੀ ਵੱਲੋਂ ਲਗਭਗ 50 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਖਰੀਦ ਸਬੰਧੀ ਮੰਡੀ ਅਧਿਕਾਰੀਆਂ ,ਏਜੰਸੀਆਂ, ਆੜ੍ਹਤੀਆਂ, ਸ਼ੈੱਲਰ ਮਾਲਕਾਂ ਅਤੇ ਕੰਬਾਈਨ ਆਪਰੇਟਰਾਂ ਤੱਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਆੜ੍ਹਤੀਆਂ ਤੇ ਪੱਲੇਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਦੇ ਪੱਲੇਦਾਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤੀ ਹੜਤਾਲ ਕਾਰਨ ਮੰਡੀਆਂ ਵਿੱਚ ਵਿਕਣ ਲਈ ਆਏ ਝੋਨੇ ਦੀ ਅੱਜ ਖਰੀਦ ਨਹੀਂ ਹੋ ਸਕੀ। ਗੱਲਾ ਮਜ਼ਦੂਰ ਯੂਨੀਅਨ ਸ਼ਾਹਕੋਟ ਨੇ ਬਲਦੇਵ ਬਿੱਲੂ ਢੰਡੋਵਾਲ ਦੀ ਅਗਵਾਈ ਵਿੱਚ ਸਥਾਨਿਕ ਦਾਣਾ ਮੰਡੀ ਵਿੱਚ ਹੜਤਾਲ ਕਰ ਕੇ ਧਰਨਾ ਦਿੱਤਾ।
ਇਸ ਮੌਕੇ ਸਰਬਜੀਤ ਸਿੰਘ ਸਾਬੀ, ਬਲਜੀਤ ਸਿੰਘ ਸ਼ਾਹਕੋਟ, ਪਵਨ ਕੁਮਾਰ ਲੱਕੀ, ਸਰਬਣ ਸਿੰਘ, ਬਲਵੀਰ ਸਿੰਘ ਸੈਦਪੁਰੀ, ਬਲਵਿੰਦਰ ਸਿੰਘ, ਬਾਬਾ ਚਰਨਜੀਤ ਚੰਨੀ ਅਤੇ ਨਿੱਕਾ ਬਾਊਪੁਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਜਲੰਧਰ (ਹਤਿੰਦਰ ਮਹਿਤਾ): ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਆੜ੍ਹਤੀਆਂ ਦੀ ਹੜਤਾਲ ਕਾਰਨ ਅੱਜ ਝੋਨੇ ਦੀ ਖਰੀਦ ਨਹੀਂ ਹੋ ਸਕੀ ਜਿਸ ਕਾਰਨ ਅੱਜ ਝੋਨੇ ਦੀ ਘੱਟ ਆਮਦ ਦੇਖਣ ਨੂੰ ਮਿਲੀ। ਜਲੰਧਰ ਸ਼ਹਿਰ ਦੀ ਮੁੱਖ ਅਨਾਜ ਮੰਡੀ ’ਚ ਆਮਦ ਲਗਭਗ ਨਾ-ਮਾਤਰ ਰਹੀ ਅਤੇ ਕਿਸਾਨਾਂ ਦੀ ਹਲਚਲ ਵੀ ਗਾਇਬ ਰਹੀ। ਮੰਡੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਸਲ ਆਮਦ 8 ਤੋਂ 9 ਅਕਤੂਬਰ ਤੱਕ ਸ਼ੁਰੂ ਹੁੰਦੀ ਹੈ ਪਰ ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਹੜਤਾਲ ਦਾ ਐਲਾਨ ਘੱਟ ਆਮਦ ਦਾ ਕਾਰਨ ਹੈ। ਅੱਜ ਸਰਕਾਰੀ ਰਿਕਾਰਡ ਅਨੁਸਾਰ ਜ਼ਿਲ੍ਹੇ ਦੀਆਂ 12 ਮਾਰਕੀਟ ਕਮੇਟੀਆਂ ਜਲੰਧਰ ਸ਼ਹਿਰ, ਬਿਲਗਾ, ਸ਼ਾਹਕੋਟ, ਫਿਲੌਰ, ਨੂਰਮਹਿਲ, ਨਕੋਦਰ, ਲੋਹੀਆਂ ਖਾਸ, ਜਲੰਧਰ ਛਾਉਣੀ, ਗੁਰਾਇਆ, ਭੋਗਪੁਰ ਅਤੇ ਆਦਮਪੁਰ ਵਿੱਚ ਮਹਿਜ਼ 1147 ਟਨ ਝੋਨੇ ਦੀ ਆਮਦ ਹੋਈ। ਝੋਨੇ ਦੀ ਕੋਈ ਖਰੀਦ ਦਰਜ ਨਹੀਂ ਕੀਤੀ ਗਈ।
ਫਗਵਾੜਾ (ਜਸਬੀਰ ਚਾਨਾ): ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੂਬੇ ਭਰ ਦੀਆਂ ਸਮੂਹ ਆੜ੍ਹਤੀਆ ਐਸੋਸੀਏਸ਼ਨਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਅੱਜ ਪਹਿਲੇ ਦਿਨ ਫਗਵਾੜਾ ਦੀਆਂ ਦਾਣਾ ਮੰਡੀਆਂ ’ਚ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਿਹਾ। ਇਸ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਫਗਵਾੜਾ ਦੇ ਸਮੂਹ ਮੈਂਬਰਾਂ ਨੇ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੰਡੀ ਦੇ ਗੇਟ ਨੰਬਰ ਇੱਕ ’ਤੇ ਧਰਨਾ ਦਿੱਤਾ ਅਤੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਤੇ ਸਕੱਤਰ ਦਲਬੀਰ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ।

Advertisement

ਕਿਸਾਨਾਂ ਨੇ ਬਾਸਮਤੀ ਫੂਕ ਕੇ ਕੀਤਾ ਰੋਸ ਮੁਜ਼ਾਹਰਾ

ਅਜਨਾਲਾ (ਸੁਖਦੇਵ ਸੁੱਖ): ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਬਾਸਮਤੀ ਦੇ ਡਿੱਗੇ ਭਾਅ ਵਿਰੁੱਧ ਅਜਨਾਲਾ ਮੰਡੀ ਵਿੱਚ ਬਾਸਮਤੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੂਬਾਈ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ ਨੇ ਕਿਹਾ ਕਿ ਮੰਡੀ ਵਿੱਚ ਬਾਸਮਤੀ ਦਾ ਭਾਅ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਡਿੱਗ ਚੁੱਕਾ ਹੈ ਜੋ ਪਰਮਲ ਦੇ ਸਰਕਾਰੀ ਭਾਅ ਨਾਲੋਂ ਵੀ ਘੱਟ ਹੈ। ਇਸ ਨਾਲ ਬਾਸਮਤੀ ਉਤਪਾਦਕਾਂ ਨੂੰ ਘਾਟਾ ਪੈ ਰਿਹਾ ਹੈ। ਕਿਸਾਨ ਆਗੂਆਂ ਮੰਗ ਕੀਤੀ ਪੰਜਾਬ ਸਰਕਾਰ ਬਾਸਮਤੀ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰੇ ਅਤੇ ਸਰਕਾਰੀ ਖਰੀਦ ਦੀ ਗਾਰੰਟੀ ਦੇਵੇ ਕਿਉਂਕਿ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਅਤੇ ਬਾਸਮਤੀ ਝੋਨੇ ਦਾ ਚੰਗਾ ਬਦਲ ਬਣ ਸਕਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਹਿੰਦੀ ਸੀ ਕਿ ਜੇ ਬਾਸਮਤੀ ਦਾ ਰੇਟ 3 ਹਜ਼ਾਰ ਤੋਂ ਘੱਟ ਹੋਇਆ ਤਾਂ ਪੰਜਾਬ ਸਰਕਾਰ ਮੰਡੀ ਵਿੱਚ ਦਖਲ ਦੇਵੇਗੀ ਤਾਂ ਜੋ ਭਾਅ ਸਥਿਰ ਰਹਿ ਸਕਣ ਪਰ ਬਾਸਮਤੀ ਦਾ ਰੇਟ 2000 ਤਕ ਡਿੱਗ ਚੁੱਕਾ ਹੈ ਪਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁੱਤੀ ਪਈ ਹੈ ਜੇਕਰ ਪੰਜਾਬ ਸਰਕਾਰ ਨੇ ਬਾਸਮਤੀ ਦੇ ਰੇਟ ਨੂੰ ਸਥਿਰ ਕਰਨ ਲਈ ਮੰਡੀ ਵਿੱਚ ਦਖਲ ਅੰਦਾਜ਼ੀ ਨਾ ਕੀਤੀ ਤਾ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਮੀਤ ਪ੍ਧਾਨ ਅਵਤਾਰ ਸਿੰਘ ਜੱਸੜ ਤੇ ਜ਼ਿਲ੍ਹਾ ਖਜ਼ਾਨਚੀ ਮੇਜਰ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।

Advertisement

Advertisement
Author Image

sukhwinder singh

View all posts

Advertisement