For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇਗੀ: ਖੜਗੇ

06:46 AM May 29, 2024 IST
‘ਇੰਡੀਆ’ ਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇਗੀ  ਖੜਗੇ
ਅੰਿਮ੍ਰਤਸਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ। -ਫੋਟੋ: ਪੀਟੀਆਈ
Advertisement

* ਐੱਮਐੱਸਪੀ ’ਤੇ ਫਸਲਾਂ ਦੀ ਖਰੀਦ ਯਕੀਨੀ ਬਣਾਉਣ ਅਤੇ ਖੇਤੀ ਵਸਤਾਂ ਤੋਂ ਜੀਐੱਸਟੀ ਖਤਮ ਕਰਨ ਦਾ ਵਾਅਦਾ
* ਭਾਜਪਾ ਦੇ ‘400 ਪਾਰ’ ਦੇ ਨਾਅਰੇ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ

Advertisement

ਜਗਤਾਰ ਸਿੰਘ ਲਾਂਬਾ/ਪੀਟੀਆਈ
ਅੰਮ੍ਰਿਤਸਰ, 28 ਮਈ
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਸੱਤਾ ’ਚ ਆਈ ਤਾਂ ਨਾ ਸਿਰਫ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ ਸਗੋਂ ਫਸਲਾਂ ਦੀ ਖਰੀਦ ਐੱਮਐੱਸਪੀ ’ਤੇ ਯਕੀਨੀ ਬਣਾਈ ਜਾਵੇਗੀ ਅਤੇ ਖੇਤੀ ਵਸਤਾਂ ਤੋਂ ਜੀਐੱਸਟੀ ਖਤਮ ਕੀਤਾ ਜਾਵੇਗਾ। ਉਹ ਅੱਜ ਇੱਥੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਸਨ। ਉਨ੍ਹਾਂ ਭਾਜਪਾ ਦੇ ‘400 ਪਾਰ’ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ’ਚ 200 ਸੀਟਾਂ ਵੀ ਹਾਸਲ ਨਹੀਂ ਕਰੇਗੀ।
ਇਸ ਮੌਕੇ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਖੜਗੇ ਨੇ ਆਖਿਆ ਕਿ ਮੋਦੀ ਸਰਕਾਰ ਨੇ ਸਭ ਦਾ ਸਾਥ ਤਾਂ ਲਿਆ ਹੈ ਪਰ ਦੇਸ਼ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਕੀਤਾ ਹੈ। ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ, ਦੇਸ਼ ਵਿੱਚ ਮਹਿੰਗਾਈ ਵਧੀ ਹੈ। ਦੇਸ਼ ਵਿੱਚ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਕਈ ਗੁਣਾਂ ਵੱਧ ਗਈਆਂ ਹਨ। ਆਮ ਆਦਮੀ ਦੀ ਆਮਦਨ ਘੱਟ ਗਈ ਹੈ ਅਤੇ ਖਰਚੇ ਵਧ ਗਏ ਹਨ ਜਿਸ ਕਾਰਨ ਹਰ ਵਰਗ ਪ੍ਰੇਸ਼ਾਨ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਵਧੀ ਹੈ ਤੇ ਲੱਖਾਂ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਇਕ ਕਰੋੜ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਵਿੱਚੋਂ 30 ਲੱਖ ਤੋਂ ਵੱਧ ਕੇਂਦਰ ਸਰਕਾਰ ਦੀਆਂ ਹਨ ਜਿਨ੍ਹਾਂ ਵਾਸਤੇ ਭਰਤੀ ਹੀ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕੀਤਾ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਗੁਰਜੀਤ ਔਜਲਾ ਤੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨਾਲ ਇਕਜੁੱਟਤਾ ਜ਼ਾਹਿਰ ਕਰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ

ਕਾਂਗਰਸੀ ਪ੍ਰਧਾਨ ਨੇ ਪ੍ਰਧਾਨ ਮੰਤਰੀ ’ਤੇ ਤਨਜ਼ ਕਸਦਿਆਂ ਆਖਿਆ ਕਿ ਮੋਦੀ ਗੱਲਾਂ ਵਧੇਰੇ ਕਰਦੇ ਹਨ ਅਤੇ ਕੰਮ ਘੱਟ ਕਰਦੇ ਹਨ ਜਦਕਿ ਮਨਮੋਹਨ ਸਿੰਘ ਅਜਿਹੇ ਪ੍ਰਧਾਨ ਮੰਤਰੀ ਸਨ ਜੋ ਕੰਮ ਵਧੇਰੇ ਕਰਦੇ ਸਨ ਅਤੇ ਬੋਲਦੇ ਘੱਟ ਸਨ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਕਾਰਜਕਾਲ ’ਚ ਕਿਸਾਨਾਂ ਦੇ 72 ਹਜ਼ਾਰ ਕਰੋੜ ਰੁਪਏ ਮੁਆਫ਼ ਕੀਤੇ ਗਏ ਸਨ। ਕਿਸਾਨਾਂ ਦੇ ਮਾਮਲੇ ’ਤੇ ਮੋਦੀ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀ ਮੌਤ ਹੋਈ ਹੈ ਪਰ ਮੋਦੀ ਆਪਣੀ ਜ਼ਿੱਦ ’ਤੇ ਅੜੇ ਰਹੇ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇਗੀ। ਭਾਜਪਾ ਦੇ ‘400 ਤੋਂ ਪਾਰ’ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਇਹ ਦਾਅਵਾ ਬੇਬੁਨਿਆਦ ਹੈ ਕਿਉਂਕਿ ਭਾਜਪਾ ਦਾ ਕਈ ਸੂਬਿਆਂ ਵਿੱਚ ਆਧਾਰ ਹੀ ਨਹੀਂ ਹੈ ਅਤੇ ਕਈ ਸੂਬਿਆਂ ਵਿੱਚ ਬਹੁਤ ਕਮਜ਼ੋਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ 200 ਤੋਂ ਵੱਧ ਸੀਟਾਂ ਪ੍ਰਾਪਤ ਨਹੀਂ ਕਰ ਸਕੇਗੀ।

ਦੇਸ਼ ਦੇ ਲੋਕ ਭਾਜਪਾ ਖ਼ਿਲਾਫ਼ ਲੜ ਰਹੇ ਨੇ: ਖੜਗੇ

ਫਰੀਦਕੋਟ (ਜਸਵੰਤ ਜੱਸ): ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਫਰੀਦਕੋਟ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੇ ਹੱਕ ਵਿੱਚ ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਲੜ ਰਹੇ ਹਨ ਅਤੇ ਕਾਂਗਰਸ ਪਾਰਟੀ ਦੇਸ਼ ਦੇ ਲੋਕਾਂ ਦਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਯਕੀਨੀ ਤੌਰ ’ਤੇ ਦੇਸ਼ ਵਿੱਚੋਂ ਹਾਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਭ ਤੋਂ ਪਹਿਲਾਂ ਫਸਲਾਂ ਦੀ ਐੱਮਐੱਸਪੀ ਬਾਰੇ ਕਾਨੂੰਨ ਲਿਆਵੇਗੀ। ਖੜਗੇ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਕੁਝ ਕੁ ਅਮੀਰਾਂ ਨੂੰ ਹੋਰ ਅਮੀਰ ਕਰਨ ਲਈ ਮੰਡੀਆਂ ਵੇਚਣਾ ਚਾਹੁੰਦੀ ਸੀ ਪਰ ਦੇਸ਼ ਦੇ ਕਿਸਾਨਾਂ ਤੇ ਕਾਂਗਰਸ ਦੇ ਵਿਰੋਧ ਕਾਰਨ ਭਾਜਪਾ ਆਪਣੇ ਮਨਸੂਬੇ ਵਿੱਚ ਸਫਲ ਨਹੀਂ ਹੋ ਸਕੀ।

‘ਸ਼ਾਹ ਆਪਣੀ ਨੌਕਰੀ ਬਾਰੇ ਸੋਚਣ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟਿੱਪਣੀ ਕਿ ਚੋਣਾਂ ਹਾਰਨ ਮਗਰੋਂ ‘ਖੜਗੇ ਦੀ ਨੌਕਰੀ ਚਲੀ ਜਾਵੇਗੀ’, ਦਾ ਜਵਾਬ ਦਿੰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, ‘ਮੈਂ ਸਿਆਸਤ ’ਚ ਨੌਕਰੀ ਲਈ ਨਹੀਂ ਆਇਆ ਸੀ। ਮੈਂ ਬਚਪਨ ਤੋਂ ਲੋਕਾਂ ਦੀ ਸੇਵਾ ਲਈ ਸਿਆਸਤ ’ਚ ਹਾਂ। ਓਨੇ ਸਾਲਾਂ ਤੋਂ ਸਿਆਸਤ ਵਿੱਚ ਹਾਂ ਜਿੰਨੀ ਸ਼ਾਇਦ ਹੁਣ (ਪ੍ਰਧਾਨ ਮੰਤਰੀ) ਮੋਦੀ ਦੀ ਉਮਰ ਹੋਵੇਗੀ।’ ਸ਼ਾਹ ਨੂੰ ਆਪਣੀ ਨੌਕਰੀ ਦੀ ਫਿਕਰ ਕਰਨੀ ਚਾਹੀਦੀ ਹੈ।

ਅਗਨੀਪਥ ਸਕੀਮ ਥੋਪ ਕੇ ਦੇਸ਼ ਦੀ ਸੁਰੱਖਿਆ ਨਾਲ ਖੇਡ ਰਹੀ ਹੈ ਮੋਦੀ ਸਰਕਾਰ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਮੋਦੀ ਸਰਕਾਰ ਅਗਨੀਪਥ ਸਕੀਮ ਥੋਪ ਕੇ ਦੇਸ਼ ਦੀ ਸੁਰੱਖਿਆ ਨਾਲ ਖੇਡ ਰਹੀ ਹੈ ਅਤੇ ਕਿਹਾ ਕਿ ਕੇਂਦਰ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਇਹ ਮਿਲਟਰੀ ਭਰਤੀ ਪ੍ਰੋਗਰਾਮ ਰੱਦ ਕਰਕੇ ਮੁਲਕ ਦੇ ਦੇਸ਼ਭਗਤ ਨੌਜਵਾਨਾਂ ਨੂੰ ਨਿਆਂ ਦਿੱਤਾ ਜਾਵੇਗਾ। ਕਾਂਗਰਸ ਨੇ ਇਹ ਵੀ ਆਖਿਆ ਕਿ ਅਗਨੀਪਥ ਸਕੀਮ ‘ਕੌਮੀ ਸੁਰੱਖਿਆ ਖ਼ਤਰਾ’ ਹੈ ਅਤੇ ਇਸ ਨਾਲ ਭਰਤੀ ਪ੍ਰਕਿਰਿਆ ਘਟ ਗਈ ਹੈ ਜਿਸ ਨਾਲ ਅਗਲੇ ਦਹਾਕੇ ’ਚ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਹੋ ਸਕਦਾ ਹੈ।
ਮਲਿਕਾਰਜੁਨ ਖੜਗੇ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਅਗਨੀਪਥ ਸਕੀਮ ਥੋਪ ਕੇ ਮੋਦੀ ਸਰਕਾਰ ਭਾਰਤ ਦੀ ਕੌਮੀ ਸੁਰੱਖਿਆ ਨਾਲ ਖੇਡ ਰਹੀ ਹੈ। ਉਨ੍ਹਾਂ ਪੁੱਛਿਆ, ‘‘ਕੀ ਇਹ ਸੱਚ ਨਹੀਂ ਹੈ ਕਿ ਅਗਨੀਪਥ ਨੇ ਭਰਤੀ ਦੀ ਗਿਣਤੀ 75,000 ਤੋਂ ਘਟਾ ਕੇ 40,000 ਸਾਲਾਨਾ ਕਰ ਦਿੱਤੀ ਹੈ? ਕੀ ਇਹ ਸੱਚ ਨਹੀਂ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਨੂੰ ਵਾਰ-ਵਾਰ ਇਹ ਗੱਲ ਦੁਹਰਾਉਣੀ ਪੈ ਰਹੀ ਹੈ ਕਿ ਉਹ ਅਗਨੀਵੀਰ ਸਕੀਮ ’ਤੇ ਮੁੜ ਵਿਚਾਰ ਕਰਨਗੇ, ਇਸ ਵਿੱਚ ਬਦਲਾਅ ਤੇ ਸੁਧਾਰ ਕਰਨਗੇ।’’ ਕਾਂਗਰਸ ਮੁਖੀ ਨੇ ਆਖਿਆ, ‘‘ਕੀ ਇਹ ਸੱਚ ਨਹੀਂ ਹੈ ਕਿ ਮਿਲਟਰੀ ਮਾਮਲਿਆਂ ਬਾਰੇ ਵਿਭਾਗ (ਡੀਐੱਮਏ) ਤੇ ਫੌਜ ਸੈਨਿਕਾਂ ਦੀ ਭਰਤੀ ’ਚ ਲਗਾਤਾਰ ਗਿਰਾਵਟ ਤੋਂ ਫਿਕਰਮੰਦ ਨਹੀਂ ਹਨ, ਜੋ ਇਸ ਦਹਾਕੇ ਦੇ ਅੰਤ ਤੱਕ ਆਪਣੇ ਸਿਖਰਲੇ ਪੱਧਰ ’ਤੇ ਪਹੁੰਚਣ ਵਾਲੀ ਹੈ।’’ ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਨੂੰ ਚੀਨੀ ਘੁਸਪੈਠ ਤੇ ਕਬਜ਼ੇ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਦੇ ਟਾਕਰੇ ਲਈ ਹੋਰ ਫੌਜ ਦੀ ਲੋੜ ਹੈ ਜਦਕਿ ਦੂਜੇ ਪਾਸੇ ਮੋਦੀ ਸਰਕਾਰ ਅਗਨੀਪਥ ਸਕੀਮ ਰਾਹੀਂ ਸਾਡੇ ਦੇਸ਼ਭਗਤ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ‘ਤਬਾਹ’ ਕਰ ਰਹੀ ਹੈ।’’ ਖਗੜੇ ਨੇ ਕਿਹਾ, ‘‘ਕਾਂਗਰਸ ਗਾਰੰਟੀ ਦਿੰਦੀ ਹੈ ਕਿ ਉਹ ਅਗਨੀਵੀਰ ਸਕੀਮ ਨੂੰ ਰੱਦ ਕਰੇਗੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×