ਸਰਕਾਰੀ ਮੈਡੀਕਲ ਕਾਲਜ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਣਗੇ: ਬਲਬੀਰ ਸਿੰਘ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਅਕਤੂਬਰ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੈਡੀਕਲ ਕਾਲਜ ਵਿੱਚ ਸੁਪਰ ਸਪੈਸ਼ਲਿਟੀ ਡਾਕਟਰਾਂ ਅਤੇ ਵਿਭਾਗਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਚਾਰ ਹੋਰ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ ਅਤੇ ਇਨ੍ਹਾਂ ਕਾਲਜਾਂ ਵਿੱਚ ਨਵੀਆਂ ਆਸਾਮੀਆਂ ਪੁਰ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੁਪਰ ਸਪੈਸ਼ਲਿਟੀ ਡਾਕਟਰਾਂ ਦੀਆਂ ਆਸਾਮੀਆਂ ਨੂੰ ਵੀ ਪੁਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਭਰ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਸੁਪਰ ਸਪੈਸ਼ਲਿਟੀ ਡਾਕਟਰਾਂ ਤੇ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਵਿਭਾਗਾਂ ਦੀਆਂ ਕਮੀਆਂ ਸਬੰਧੀ ਰਿਪੋਰਟ ਬਣਾ ਕੇ ਭੇਜਣ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੈਡੀਕਲ ਕਾਲਜ ਤੇ ਹਸਪਤਾਲ ਨਿਕਟ ਭਵਿੱਖ ਵਿਚ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਵਿਸ਼ਵ ਪੱਧਰੀ ਸਿਹਤ ਸਹੂਲਤ ਨਾਲ ਲੈਸ ਹੋਣਗੇ।
ਸਿਹਤ ਮੰਤਰੀ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੇ ਮੈਡੀਕਲ ਟੈਸਟ ਕਰਨ ਤਾਂ ਜੋ ਪਤਾ ਲੱਗ ਸਕੇ ਕਿ ਕੋਈ ਨਵੀਂ ਬਿਮਾਰੀ ਤਾਂ ਨਹੀਂ ਪੈਦਾ ਹੋ ਰਹੀ। ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਕੋਈ ਬੱਚਾ ਨਸ਼ਾ ਆਦਿ ਤਾਂ ਨਹੀਂ ਕਰਦਾ।
ਇਸ ਉਪਰੰਤ ਸਿਹਤ ਮੰਤਰੀ ਨੇ ਮੈਡੀਕਲ ਕਾਲਜ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਵਿਭਾਗਾਂ ਦੇ ਐਕਸੀਅਨ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਚੱਲ ਰਹੇ ਕੰਮਾਂ ਦੀ ਡੈਡਲਾਈਨ ਨਿਸ਼ਚਤ ਕਰਨ।
ਉਨ੍ਹਾਂ ਕਿਹਾ ਕਿ ਹਸਪਤਾਲ ਦੇ ਅੰਦਰੋਂ ਹੀ ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਦਵਾਈਆਂ ਅਤੇ ਟੈਸਟਾਂ ਲਈ ਬਾਹਰ ਨਹੀਂ ਜਾਣਾ ਪਵੇਗਾ। ਸਿਹਤ ਮੰਤਰੀ ਨੇ ਗੁਰੂ ਨਾਨਕ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪ੍ਰਬੰਧਕੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਵਲੋਂ ਭਗਤ ਪੂਰਨ ਸਿੰਘ ਵਾਰਡ ਦਾ ਦੌਰਾ ਵੀ ਕੀਤਾ ਗਿਆ। ਇੱਥੇ ਉਨ੍ਹਾਂ ਨੇ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਡਾ. ਇੰਦਰਜੀਤ ਕੌਰ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼, ਵਾਈਸ ਪ੍ਰਿੰਸੀਪਲ ਡਾ. ਜੇਪੀ ਅੱਤਰੀ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਆਈਪੀਐਸ ਗਰੋਵਰ, ਡਾ. ਰਚਨਾ, ਸਿਵਲ ਸਰਜਨ ਕਿਰਨਦੀਪ ਕੌਰ ਤੋਂ ਇਲਾਵਾ ਹਸਪਤਾਲ ’ਚ ਕੰਮ ਕਰਵਾ ਰਹੇ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਇਸੇ ਦੌਰਾਨ ਸਿਹਤ ਮੰਤਰੀ ਨੇ ਛੇਹਰਟਾ ਸਥਿਤ ਸਕੂਲ ਆਫ ਐਮੀਨੈਂਸ ਵਿੱਚ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਕਰਵਾਏ ‘ਹਰ ਸ਼ੁਕਰਵਾਰ-ਡੇਂਗੂ ’ਤੇ ਵਾਰ’ ਜਾਗਰੂਕਤਾ ਮੁਹਿੰਮ ਵਿੱਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਸਿੱਖਿਆ ਵਿਦਿਆਰਥੀਆਂ ਦੀ ਸਿੱਖਿਆ ਦਾ ਹਿੱਸਾ ਬਣਾਇਆ ਜਾਵੇਗਾ। ਇਸ ਦੌਰਾਨ ਏਡੀਸੀ ਅਮਿਤ ਸਰੀਨ, ਸਿਵਲ ਸਰਜਨ ਡਾ. ਕਿਰਨਦੀਪ ਕੌਰ ਆਦਿ ਨੇ ਮੰਤਰੀ ਦਾ ਸਵਾਗਤ ਕੀਤਾ।
ਅਖਿਲ ਭਾਰਤੀ ਆਯੁਰਵੈਦ ਮਹਾਂ ਸੰਮੇਲਨ ਦਾ ਉਦਘਾਟਨ
ਆਯੂਸ਼ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ ਅਖਿਲ ਭਾਰਤੀ ਆਯੁਰਵੈਦ ਮਹਾਂ ਸੰਮੇਲਨ ਦਾ ਉਦਘਾਟਨ ਕਰਨ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਪੀਜੀਆਈ ਦੇ ਪੱਧਰ ਉੱਤੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦਿਕ ਸਾਇੰਸ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਇਲਾਜ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇਗੀ।