ਨਵੀਂ ਦਿੱਲੀ, 6 ਫਰਵਰੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਸਿਧਾਂਤ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਵੋਟਾਂ ਲੈਣ ਲਈ ਕਾਂਗਰਸ ’ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਏ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਰਾਜ ਸਭਾ ਵਿੱਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਕਾਂਗਰਸ ਦੀ ਤਰਜੀਹ ‘ਪਰਿਵਾਰ ਪਹਿਲਾਂ’ ਸੀ ਅਤੇ ਇਸ ਦੀਆਂ ਨੀਤੀਆਂ ਇਸ ਦੇ ਆਲੇ-ਦੁਆਲੇ ਹੀ ਘੁੰਮਦੀਆਂ ਸਨ।ਮੋਦੀ ਨੇ ਕਾਂਗਰਸ ’ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਡਕਰ ਦੀ ਵਿਰੋਧੀ ਹੋਣ ਦੇ ਦੋਸ਼ ਵੀ ਲਗਾਏ। ਉਨ੍ਹਾਂ 1975-77 ਦੀ ਐਮਰਜੈਂਸੀ ਤੋਂ ਇਲਾਵਾ ਕਾਂਗਰਸ ਦੇ ਪਿਛਲੇ ਕਾਰਜਕਾਲਾਂ ਦੌਰਾਨ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਕਥਿਤ ਘਾਣ ਹੋਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਨੇ ਆਪਣੇ ਕਾਰਜਕਾਲ ਦੌਰਾਨ ਸੰਵਿਧਾਨ ਵਿੱਚ ਸੋਧ ਕਰ ਕੇ ਵਿਚਾਰਾਂ ਦੇ ਪ੍ਰਗਟਾਵੇ ਅਤੇ ਬੋਲਣ ਦੀ ਆਜ਼ਾਦੀ ’ਤੇ ਰੋਕ ਲਗਾਈ ਗਈ ਸੀ ਅਤੇ ਉਨ੍ਹਾਂ ਚੋਣਾਂ ਤੱਕ ਦੀ ਵੀ ਉਡੀਕ ਨਹੀਂ ਕੀਤੀ ਸੀ।ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗ਼ਰੀਬਾਂ ਨੂੰ ਉੱਪਰ ਚੁੱਕਣ ਲਈ ਕੰਮ ਕੀਤਾ ਹੈ ਅਤੇ ਇਹ ਸਰਕਾਰ ਦੇਸ਼ ਦੇ ਮੱਧਮ ਵਰਗ ਅਤੇ ਨਵੇਂ ਮੱਧ ਵਰਗ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, ‘‘ਦੇਸ਼ ਭਾਜਪਾ ਦੀ ਤਰਜੀਹ ਹੈ।’’ ਮੋਦੀ ਨੇ ਕਿਹਾ, ‘‘ਜਾਤੀਵਾਦ ਦਾ ਜ਼ਹਿਰ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੋਵੇਂ ਸਦਨਾਂ ਵਿੱਚ ਸਾਰੀਆਂ ਪਾਰਟੀਆਂ ਨਾਲ ਸਬੰਧਤ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਸੰਸਦ ਮੈਂਬਰ ਤਿੰਨ ਦਹਾਕਿਆਂ ਤੋਂ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਇਕ ਕਮਿਸ਼ਨ ਬਣਾਉਣ ਦੀ ਮੰਗ ਕਰਦੇ ਆ ਰਹੇ ਸਨ ਪਰ ਇਹ ਖਾਰਜ ਕਰ ਦਿੱਤੀ ਜਾਂਦੀ ਸੀ ਕਿਉਂਕਿ ਸ਼ਾਇਦ ਇਹ ਉਸ ਵੇਲੇ ਦੀ ਸਿਆਸਤ ਦੇ ਅਨੁਕੂਲ ਨਹੀਂ। ਅਸੀਂ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ।’’ ਉਨ੍ਹਾਂ ਕਿਹਾ, ‘‘ਜਦੋਂ ਕਦੇ ਰਾਖਵੇਂਕਰਨ ਦਾ ਮੁੱਦਾ ਆਇਆ ਤਾਂ ਇਹ ਦੇਸ਼ ਵਿੱਚ ਦਰਾਰ ਪਾਉਣ ਲਈ ਆਇਆ। ਪਹਿਲੀ ਵਾਰ ਅਸੀਂ ਕਿਸੇ ਤੋਂ ਖੋਹੇ ਬਿਨਾ ਆਰਥਿਕ ਕਮਜ਼ੋਰ ਵਰਗ ਨੂੰ 10 ਫੀਸਦ ਰਾਖਵਾਂਕਰਨ ਦਿੱਤਾ। ਐੱਸਸੀ, ਐੱਸਟੀ, ਓਬੀਸੀ ਸ਼੍ਰੇਣੀਆਂ ਨੇ ਵੀ ਇਸ ਦਾ ਸਵਾਗਤ ਕੀਤਾ, ਇਸ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ।’’ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਬੀਆਰ ਅੰਬੇਡਕਰ ਦਾ ਸਤਿਕਾਰ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ, ‘‘ਕਾਂਗਰਸ ਨੇ ਆਪਣੀ ਸਰਕਾਰ ਵੇਲੇ ਬੀਆਰ ਅੰਬੇਡਕਰ ਨੂੰ ਭਾਰਤ ਰਤਨ ਨਹੀਂ ਦਿੱਤਾ ਪਰ ਅੱਜ ਉਹ ‘ਜੈ ਭੀਮ’ ਕਹਿਣ ਲਈ ਜ਼ੋਰ ਪਾ ਰਹੇ ਹਨ। ਤਕਰੀਬਨ 90 ਮਿੰਟ ਦੇ ਆਪਣੇ ਸੰਬੋਧਨ ਦਾ ਜ਼ਿਆਦਾਤਰ ਹਿੱਸਾ ਪ੍ਰਧਾਨ ਮੰਤਰੀ ਨੇ ਪਰਿਵਾਰਵਾਦ, ਭ੍ਰਿਸ਼ਟਾਚਾਰ, ਐਮਰਜੈਂਸੀ ਅਤੇ ਕਥਿਤ ਮਾੜੇ ਸ਼ਾਸਨ ਸਣੇ ਵੱਖ ਵੱਖ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ’ਤੇ ਕੇਂਦਰਿਤ ਰੱਖਿਆ ਅਤੇ ਕਿਹਾ ਉਸ ਦੇ ਪੰਜੇ ਤੋਂ ਮੁਕਤ ਹੋ ਕੇ ਦੇਸ਼ ਅੱਜ ‘ਆਰਾਮ ਨਾਲ ਸਾਹ’ ਲੈ ਰਿਹਾ ਹੈ ਅਤੇ ਉੱਚੀ ਉਡਾਣ ਵੀ ਭਰ ਰਿਹਾ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਦੇ ਲਾਇਸੈਂਸ ਰਾਜ ਅਤੇ ਉਸ ਦੀਆਂ ਮਾੜੀਆਂ ਨੀਤੀਆਂ ਤੋਂ ਬਾਹਰ ਨਿਕਲ ਕੇ ਅਸੀਂ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰ ਰਹੇ ਹਾਂ।’’ -ਪੀਟੀਆਈਝੂਠ ਦਾ ਦਰਿਆ ਵਗਿਆ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ: ਕਾਂਗਰਸਨਵੀਂ ਦਿੱਲੀ:ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਦਿੱਤੇ ਭਾਸ਼ਣ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਪ੍ਰਧਾਨ ਮੰਤਰੀ ਨੇ ਝੂਠ ਦਾ ਦਰਿਆ ਵਗਦਾ ਰੱਖਿਆ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਪਰ ਲੋਕਾਂ ਦੇ ਅਸਲ ਮੁੱਦਿਆਂ ’ਤੇ ਗੱਲ ਨਹੀਂ ਕੀਤੀ। ਕਾਂਗਰਸ ਦੇ ਜਨਰਲ ਸਕੱਤਰ-ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ ਆਪਣੇ 90 ਮਿੰਟ ਦੇ ਭਾਸ਼ਣ ਦੌਰਾਨ ਮੋਦੀ ਨੇ ਝੂਠ ਦਾ ਦਰਿਆ ਵਗਣ ਦਿੱਤਾ। ਉਨ੍ਹਾਂ ਕਿਹਾ, ‘‘ਉਨ੍ਹਾਂ ਕੋਲ ਦੋ ਹੀ ਹਥਿਆਰ ਹਨ ‘ਪ੍ਰਧਾਨ ਮੰਤਰੀ ਕਾਂਗਰਸ ਬਦਨਾਮ ਯੋਜਨਾ’ ਅਤੇ ‘ਪੀਐੱਮ ਇਤਿਹਾਸ ਤੋੜ-ਮਰੋੜ ਯੋਜਨਾ’। ਉਨ੍ਹਾਂ ਨਹਿਰੂ ਤੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ ਅਤੇ ਸਦਨ ਸਾਹਮਣੇ ਇਕ ਨਵਾਂ ਇਤਿਹਾਸ ਪੇਸ਼ ਕੀਤਾ। ਇਹ ਸਭ ਝੂਠ ਸੀ। ਉਨ੍ਹਾਂ ਬੇਰੁਜ਼ਗਾਰੀ, ਆਰਥਿਕ ਅਸਮਾਨਤਾ, ਧਰੁੱਵੀਕਰਨ, ਮਹਿੰਗਾਈ ਅਤੇ ਅਮਰੀਕਾ ਨਾਲ ਵਿਗੜੇ ਸਬੰਧਾਂ ਵਰਗੇ ਅਸਲ ਮੁੱਦਿਆਂ ’ਤੇ ਕੋਈ ਗੱਲ ਨਹੀਂ ਕੀਤੀ। ਜੇ ਮੋਦੀ ਕੁਝ ਸਹੀਂ ਢੰਗ ਨਾਲ ਕਹਿੰਦੇ ਤਾਂ ਅਸੀਂ ਉਸ ’ਤੇ ਬਹਿਸ ਕਰ ਸਕਦੇ ਸੀ ਪਰ ਜਦੋਂ ਉਹ ਸਿਰਫ਼ ਝੂਠ ਹੀ ਬੋਲੇ ਤੇ ਇਤਿਹਾਸ ਨੂੰ ਇਕ ਨਵਾਂ ਰੂਪ ਦੇ ਦਿੱਤਾ ਤਾਂ ਅਸੀਂ ਕੀ ਬੋਲ ਸਕਦੇ ਸੀ?’’ ਪੀਟੀਆਈ