ਨੌਜਵਾਨਾਂ ਦੇ ਹੁਨਰ ਵਿਕਾਸ ਵੱਲ ਧਿਆਨ ਦੇ ਰਹੀ ਹੈ ਸਰਕਾਰ: ਸੌਂਦ
ਸਰਬਜੀਤ ਸਿੰਘ ਭੰਗੂ
ਭਾਦਸੋਂ (ਪਟਿਆਲਾ), 3 ਨਵੰਬਰ
ਵਿਸ਼ਵਕਰਮਾ ਦਿਵਸ ਮੌਕੇ ਵਿਸ਼ਵਕਰਮਾ ਰਾਮਗੜ੍ਹੀਆ ਐਜੂਕੇਸ਼ਨਲ ਵੈੱਲਫੇਅਰ ਤੇ ਡਿਵੈਲਪਮੈਂਟ ਸੁਸਾਇਟੀ ਭਾਦਸੋਂ ਵੱਲੋਂ 37ਵਾਂ ਔਜ਼ਾਰ ਪੂਜਾ ਮਹਾਉਤਸਵ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਹੁਨਰ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤਾਂ ਕਿ ਨੌਜਵਾਨ ਨੌਕਰੀਆਂ ਮੰਗਣ ਵਾਲੇ ਬਣਨ ਦੀ ਥਾਂ ਨੌਕਰੀਆਂ ਦੇਣ ਵਾਲੇ ਬਣਨ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੋਰ ਵਧੇਰੇ ਮੁਸ਼ੱਕਤ ਨਾਲ ਯੋਗਦਾਨ ਪਾਉਣਾ ਹੀ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗਾ। ਉਨ੍ਹਾਂ ਕਿਹਾ ਕਿ ਨਾਭਾ ਹਾਰਵੈਸਟਰ ਇੰਡਸਟਰੀ ਦੀ ਹੱਬ ਹੈ ਅਤੇ ਪੰਜਾਬ ਸਰਕਾਰ ਨਾਭਾ ਤੇ ਭਾਦਸੋਂ ਦੀ ਕੰਬਾਈਨ ਇੰਡਸਟਰੀ, ਖਾਸ ਕਰਕੇ ਕਰਤਾਰ ਕੰਬਾਈਨ ਦੇ ਸਹਿਯੋਗ ਨਾਲ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਕਰਕੇ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦਿਵਾ ਕੇ ਹੁਨਰਮੰਦ ਬਣਾਉਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕਲੱਸਟਰ ਦੇ ਰੂਪ ਵਿੱਚ ਕੰਮ ਕੀਤਾ ਜਾਂਦਾ ਹੈ ਤਾਂ ਸਰਕਾਰ ਵੱਲੋਂ ਇੰਡਸਟਰੀ ਨੂੰ ਕਰੋੜਾਂ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਸਮਾਗਮ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੇ ਕੀਤੀ। ਨਾਭਾ ਦੇ ਵਿਧਾਇਕ ਦੇਵ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਖਨੌੜਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਕਰਤਾਰ ਐਗਰੋ ਇੰਡਸਟਰੀਜ਼ ਦੇ ਐਮਡੀ ਅਮਰਜੀਤ ਲੋਟੇ, ਡਾਇਰੈਕਟਰ ਮਨਜੀਤ ਲੋਟੇ, ਹਰਮੀਤ ਲੋਟੇ, ਪ੍ਰੀਤ ਕੰਬਾਈਨ ਤੋਂ ਹਰੀ ਸਿੰਘ ਤੇ ਮਲਕੀਤ ਗਰੁੱਪ ਦੇ ਐੱਮਡੀ ਚਰਨ ਸਿੰਘ ਆਦਿ ਹਾਜ਼ਰ ਸਨ।