ਹਸਪਤਾਲਾਂ ਵਿੱਚ ਮਿਆਰੀ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ: ਬਲਬੀਰ ਸਿੰਘ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਨਵੰਬਰ
ਇੰਡੀਅਨ ਸੁਸਾਇਟੀ ਆਫ਼ ਕ੍ਰਿਟੀਕਲ ਕੇਅਰ ਮੈਡੀਸਨ ਦੀ ਪਟਿਆਲਾ ਇਕਾਈ ਵੱਲੋਂ ‘ਕ੍ਰਿਟੀਕਲ ਕੇਅਰ, ਰੀਚਿੰਗ ਆਊਟ ਟੂ ਮਾਸਿਸ’ ਵਿਸ਼ੇ ’ਤੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦਾ ਉਦਘਾਟਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਕਰੋਨਾ ਮਹਾਮਾਰੀ ਆਈ ਤਾਂ ਉਨ੍ਹਾਂ ਕੋਲ ਸਿਹਤ ਸੰਭਾਲ ਲਈ ਭਾਵੇਂ ਕਾਫ਼ੀ ਕੁਝ ਸੀ ਪਰ ਕ੍ਰਿਟੀਕਲ ਕੇਅਰ ਦੇ ਖੇਤਰ ਵਿੱਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਹਰੇਕ ਮੈਡੀਕਲ ਗਰੈਜੂਏਟ ਨੂੰ ਬੇਸਿਕ ਕ੍ਰਿਟੀਕਲ ਕੇਅਰ ਟਰੇਨਿੰਗ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕਿਸੇ ਵੀ ਦੁਰਘਟਨਾ ਸਮੇਂ ਫ਼ਸਟ ਏਡ ਦੀ ਬਹੁਤ ਮਹੱਤਤਾ ਹੈ ਜੋ ਕੀਮਤੀ ਜਾਨਾਂ ਬਚਾਅ ਸਕਦੀ ਹੈ। ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਨੂੰ ਕ੍ਰਿਟੀਕਲ ਕੇਅਰ ਸੇਵਾ ਹਰੇਕ ਲੋੜਵੰਦ ਤੱਕ ਪੁੱਜਦੀ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨਾਲ ਸਬੰਧਤ ਸਟਾਫ਼ ਆਪਣੀਆਂ ਕਲੀਨੀਕਲ ਸਕਿੱਲਜ਼ ਨਵੀਂਆਂ ਜ਼ਰੂਰਤਾਂ ਅਨੁਸਾਰ ਨਿਖਾਰਨ ਲਈ ਲਗਾਤਾਰ ਮੈਡੀਕਲ ਦੇ ਖੇਤਰ ਵਿੱਚ ਸਿੱਖਿਆ ਪ੍ਰਾਪਤ ਕਰਦੇ ਰਹਿਣ। ਉਨ੍ਹਾਂ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਮਰੀਜ਼ਾਂ ’ਤੇ ਬਿਨਾਂ ਆਰਥਿਕ ਬੋਝ ਪਾਏ ਵਿਸ਼ਵ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਾਡੀ ਪ੍ਰਾਥਮਿਕਤਾ ਹੈ। ਇਹ ਸਮਾਗਮ ਆਰਗੇਨਾਈਜ਼ਿੰਗ ਚੇਅਰਮੈਨ ਡਾ. ਹਰਿੰਦਰ ਪਾਲ ਸਿੰਘ ਅਤੇ ਕੋਆਰਡੀਨੇਟਰ ਡਾ. ਤ੍ਰਿਪਤ ਤੇ ਡਾ. ਵਨੀਤ ਕੌਰ ਵੱਲੋਂ ਕਰਵਾਇਆ ਗਿਆ ਸੀ। ਇਸ ਮੌਕੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਗਪਾਲਿੰਦਰ ਸਿੰਘ ਨੇ ਹਸਪਤਾਲ ਵਿੱਚ ਆਈਸੀਯੂ ਅਤੇ ਐਨਆਈਸੀਯੂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।