ਸਰਕਾਰ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਲਈ ਵਚਨਬੱਧ: ਬਲਬੀਰ ਸਿੰਘ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 13 ਅਗਸਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਲਈ ਵਚਨਬੱਧ ਹੈ। ਇਸ ਸਬੰਧੀ ਵੱਡੇ ਪੱਧਰ ’ਤੇ ਠੋਸ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਐੱਚਆਈਵੀ/ਏਡਜ਼ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕਰਨ ਅਤੇ ਪ੍ਰਭਾਵੀ ਇਲਾਜ ਨੂੰ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 (ਮੁਹਾਲੀ) ਤੋਂ ਏਕੀਕ੍ਰਿਤ ਕੌਂਸਲਿੰਗ ਅਤੇ ਟੈੱਸਟਿੰਗ ਸੈਂਟਰ ਦੀ ਮੋਬਾਈਲ ਵੈਨ ਦੀ ਸ਼ੁਰੂਆਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਵੈਨ ਪੰਜਾਬ ਭਰ ਵਿੱਚ ਐੱਚਆਈਵੀ/ਏਡਜ਼ ਦੀ ਜਾਂਚ ਕਰਨ ਲਈ ਟੈੱਸਟ ਕਰਵਾਉਣ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀ ਮੌਜੂਦਾ ਆਈਸੀਟੀਸੀ ਦੀ ਮਦਦ ਕਰੇਗੀ। ਉਨ੍ਹਾਂ ਨੇ ਇਹ ਸੰਦੇਸ਼ ਫੈਲਾਉਣ ਲਈ ਰੈੱਡ ਰਨ ਮੈਰਾਥਨ ਨੂੰ ਵੀ ਹਰੀ ਝੰਡੀ ਦਿਖਾਈ। ਇਸ ਮੌਕੇ ਗਿਆਨ ਜਯੋਤੀ ਇੰਸਟੀਚਿਊਟ ਦੇ ਚੇਅਰਮੈਨ ਜੇਐਸ ਬੇਦੀ ਨੇ ਮੰਤਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਹਿੰਮ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਰੈੱਡ ਰਨ ਮੈਰਾਥਨ ਵਿੱਚ ਸ਼ਨਵੀਰ ਕੌਰ ਨੇ ਪਹਿਲਾ, ਬਬੀਤਾ ਕੁਮਾਰੀ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਅਤੇ ਪੁਰਸ਼ ਵਿਦਿਆਰਥੀ ਮੁਕੇਸ਼ ਸਿੰਘ ਰਾਣਾ ਨੇ ਪਹਿਲਾ, ਉੱਤਮ ਕੁਮਾਰ ਨੇ ਦੂਜਾ ਅਤੇ ਵਿਕਾਸ ਨੇ ਤੀਜਾ ਹਾਸਲ ਕੀਤਾ। ਇਨ੍ਹਾਂ ਨੂੰ ਮੰਤਰੀ ਨੇ ਇਨਾਮ ਵੀ ਵੰਡੇ।
ਇਸ ਮੌਕੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਰਿੰਦਰ ਸ਼ਰਮਾ, ਡਾਇਰੈਕਟਰ ਡਾ. ਰਮਨ ਸ਼ਰਮਾ, ਐਸਡੀਐਮ ਦੀਪਾਂਕਰ ਗਰਗ, ਵਧੀਕ ਪ੍ਰਾਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ, ਕਾਰਜਕਾਰੀ ਸਿਵਲ ਸਰਜਨ ਡਾ. ਗਿਰੀਸ਼ ਡੋਗਰਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ, ਗਿਆਨ ਜਯੋਤੀ ਇੰਸਟੀਚਿਊਟ ਦੀ ਡਾਇਰੈਕਟਰ ਡਾ. ਅਨੀਤ ਬੇਦੀ, ਪ੍ਰਿੰਸੀਪਲ ਗਿਆਨ ਜੋਤ ਮੌਜੂਦ ਸਨ।