ਸਰਕਾਰ ਨੇ ਨਿਗਮਬੋਧ ਘਾਟ ’ਤੇ ਸਸਕਾਰ ਕਰਕੇ ਮਨਮੋਹਨ ਸਿੰਘ ਦਾ ਅਪਮਾਨ ਕੀਤਾ: ਕਾਂਗਰਸ
ਨਵੀਂ ਦਿੱਲੀ, 28 ਦਸੰਬਰ
ਕਾਂਗਰਸ ਨੇ ਅੱਜ ਇੱਥੇ ਦੋਸ਼ ਲਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਨਿਗਮਬੋਧ ਘਾਟ ’ਤੇ ਕਰਵਾ ਕੇ ਕੇਂਦਰ ਸਰਕਾਰ ਨੇ ‘ਭਾਰਤ ਮਾਤਾ ਦੇ ਮਹਾਨ ਪੁੱਤ ਅਤੇ ਸਿੱਖ ਭਾਈਚਾਰੇ ਦੇ ਪ੍ਰਧਾਨ ਮੰਤਰੀ’ ਦਾ ਅਪਮਾਨ ਕੀਤਾ ਹੈ।
ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਦੇਸ਼ ਦੇ ਮਹਾਨ ਪੁੱਤਰ ਅਤੇ ਉਨ੍ਹਾਂ ਦੀ ਗੌਰਵਮਈ ਕੌਮ ਪ੍ਰਤੀ ਆਦਰ ਦਿਖਾਉਣਾ ਚਾਹੀਦਾ ਸੀ।
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਾਂਗਰਸ ’ਤੇ ਪਲਟਵਾਰ ਕਰਦਿਆਂ ਮਨਮੋਹਨ ਸਿੰਘ ਦੇ ਦੇਹਾਂਤ ਨੂੰ ਲੈ ਕੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਨੱਢਾ ਨੇ ਕਿਹਾ ਕਿ ਇਸ ਘਟੀਆ ਸੋਚ ਲਈ ਕਾਂਗਰਸ ਦੀ ਜਿੰਨੀ ਨਿਖੇਧੀ ਕੀਤੀ, ਉਹ ਘੱਟ ਹੈ।
ਸਾਬਕਾ ਵਿੱਤ ਮੰਤਰੀ ਅਤੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਹ 92 ਸਾਲਾ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨਿੱਚਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਨਿਗਮਬੋਧ ਘਾਟ ’ਤੇ ਕੀਤਾ ਗਿਆ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਕੀਤਾ, ‘‘ਭਾਰਤ ਮਾਤਾ ਦੇ ਮਹਾਨ ਪੁੱਤਰ ਅਤੇ ਸਿੱਖ ਭਾਈਚਾਰੇ ਦੇ ਪਹਿਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਅੱਜ ਨਿਗਮਬੋਧ ਘਾਟ ’ਤੇ ਕਰਵਾ ਕੇ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਦਾ ਸਰਾਸਰ ਅਪਮਾਨ ਕੀਤਾ ਗਿਆ ਹੈ।’’
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਲਈ ਢੁੱਕਵੀਂ ਥਾਂ ਨਾ ਦੇ ਕੇ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ, ਮਨਮੋਹਨ ਸਿੰਘ ਜੀ ਦੀ ਸ਼ਖ਼ਸੀਅਤ, ਉਨ੍ਹਾਂ ਦੀ ਵਿਰਾਸਤ ਅਤੇ ਮਾਣ ਸਿੱਖ ਭਾਈਚਾਰੇ ਨਾਲ ਇਨਸਾਫ ਨਹੀਂ ਕੀਤਾ। ਉਨ੍ਹਾਂ ਐਕਸ ’ਤੇ ਕਿਹਾ, ‘‘ਸਰਕਾਰ ਨੂੰ ਇਸ ਮਾਮਲੇ ’ਚ ਸਿਆਸਤ ਅਤੇ ਤੰਗਦਿਲੀ ਤੋਂ ਹਟ ਕੇ ਸੋਚਣਾ ਚਾਹੀਦਾ ਸੀ।’’
ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਦਾਅਵਾ ਕੀਤਾ ਕਿ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਅਸਨਮਾਨ ਅਤੇ ਕੁਪ੍ਰਬੰਧ ਦੇਖਣ ਨੂੰ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਆਮ ਲੋਕਾਂ ਨੂੰ ਅੰਦਰ ਆਉਣ ਤੋਂ ਰੋਕਿਆ ਗਿਆ ਅਤੇ ਉਹ ਬਾਹਰ ਤੋਂ ਹੀ ਸ਼ਰਧਾਂਜਲੀ ਭੇਟ ਕਰਨ ਲਈ ਮਜਬੂਰ ਰਹੇ।
ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਣ ਵਾਲੇ ਪੋਤਿਆਂ ਨੂੰ ਚਿਖਾ ਤੱਕ ਪਹੁੰਚਣ ਲਈ ਸੰਘਰਸ਼ ਕਰਨਾ ਪਿਆ ਅਤੇ ਵਿਦੇਸ਼ੀ ਰਾਜਦੂਤਾਂ ਨੂੰ ਕਿਤੇ ਹੋਰ ਬਿਠਾਇਆ ਗਿਆ ਅਤੇ ਉਹ ਨਜ਼ਰ ਨਹੀਂ ਆਏ। ਖੇੜਾ ਨੇ ਦਾਅਵਾ ਕੀਤਾ, ‘‘ਹੈਰਾਨੀ ਦੀ ਗੱਲ ਇਹ ਹੋਈ ਕਿ ਜਦੋਂ ਭੂਟਾਨ ਦੇ ਨਰੇਸ਼ ਖੜ੍ਹੇ ਹੋਏ ਤਾਂ ਪ੍ਰਧਾਨ ਮੰਤਰੀ ਮੋਦੀ ਖੜ੍ਹੇ ਨਹੀਂ ਹੋਏ।’’
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਇਸ ਵਿਸ਼ੇ ਸਬੰਧੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘‘ਮੈਂ ਖ਼ਬਰ ਸੁਣ ਕੇ ਸੁੰਨ ਹਾਂ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਨਿਗਮਬੋਧ ਘਾਟ ’ਤੇ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦਾ ਅੰਤਿਮ ਸੰਸਕਾਰ ਰਾਜਘਾਟ ’ਤੇ ਕੀਤਾ ਜਾਂਦਾ ਸੀ।’’ ਕੇਜਰੀਵਾਲ ਨੇ ਸਵਾਲ ਕੀਤਾ ਕਿ ਸਿੱਖ ਭਾਈਚਾਰੇ ਤੋਂ ਆਉਣ ਵਾਲੇ ਅਤੇ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਯਾਦਗਾਰ ਲਈ ਭਾਜਪਾ ਸਰਕਾਰ 1000 ਗਜ਼ ਜ਼ਮੀਨ ਵੀ ਨਹੀਂ ਦੇ ਸਕੀ।
Govt has decided to allocate space for Manmohan Singh's memorial, Cong playing cheap politics: Nadda
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਾਂਗਰਸ ਨੇਤਾਵਾਂ ’ਤੇ ਪਲਟਵਾਰ ਕਰਦਿਆਂ ਕਿਹਾ, ‘‘ਇਹ ਬਹੁਤ ਹੀ ਮੰਦਭਾਗਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਮੌਜੂਦਾ ਪ੍ਰਧਾਨ ਮਲਿਕਾਰਜੁਨ ਖੜਗੇ ਜੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਸਸਕਾਰ ’ਤੇ ਵੀ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਕਾਂਗਰਸ ਦੀ ਇਸ ਘਟੀਆ ਸੋਚ ਲਈ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ।’’ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਜਗ੍ਹਾ ਅਲਾਟ ਕੀਤੀ ਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਸੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਅਜਿਹੀ ਜਗ੍ਹਾ ’ਤੇ ਹੋਣਾ ਚਾਹੀਦਾ ਹੈ, ਜਿੱਥੇ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ।
ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਰਾਤ ਸਮੇਂ ਕਿਹਾ ਸੀ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਲਈ ਜਗ੍ਹਾ ਅਲਾਟ ਕਰੇਗੀ। -ਪੀਟੀਆਈ