ਸਰਕਾਰੀ ਸਨਮਾਨ: ਹੌਸਲੇ ਦੇ ਮਲਾਹ ਬਣੇ ਪੰਜਾਬ ਦੇ ਗਵਾਹ..!
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਗਸਤ
ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ’ਤੇ ਖਮਾਣੋਂ ਦੇ ਐੱਸਡੀਐੱਮ ਸੰਜੀਵ ਕੁਮਾਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ, ਜਿਸ ਨੇ ਹੜ੍ਹਾਂ ਦੌਰਾਨ ਖ਼ੁਦ ਤੈਰ ਕੇ ਇੱਕ ਨੌਜਵਾਨ ਦੀ ਜਾਨ ਬਚਾਈ ਸੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਹਾੜੇ ’ਤੇ 13 ਸ਼ਖ਼ਸੀਅਤਾਂ ਨੂੰ ‘ਪੰਜਾਬ ਸਰਕਾਰ ਪ੍ਰਮਾਣ ਪੱਤਰ’ ਨਾਲ ਸਨਮਾਨਿਤ ਕਰ ਰਹੇ ਹਨ ਜਿਨ੍ਹਾਂ ਵਿਚ ਐੱਸਡੀਐੱਮ ਸੰਜੀਵ ਕੁਮਾਰ ਦਾ ਨਾਂ ਵੀ ਸ਼ਾਮਲ ਹੈ। ਖਮਾਣੋਂ ਦੇ ਐੱਸਡੀਐੱਮ ਸੰਜੀਵ ਕੁਮਾਰ ਨੂੰ ਜਦੋਂ ਹੜ੍ਹਾਂ ’ਚ ਡਿਊਟੀ ਦੌਰਾਨ ਫ਼ਤਿਹਗੜ੍ਹ ਸਾਹਿਬ ਭੇਜਿਆ ਗਿਆ ਤਾਂ ਉਨ੍ਹਾਂ ਨੇ 12 ਫੁੱਟ ਡੂੰਘੇ ਪਾਣੀ ਵਿਚ ਇੱਕ ਨੌਜਵਾਨ ਨੂੰ ਖੰਭੇ ’ਤੇ ਚੜਿ੍ਹਆ ਦੇਖਿਆ। ਇਸ ਮਗਰੋਂ ਐੱਸਡੀਐੱਮ ਨੇ ਕੱਪੜੇ ਉਤਾਰੇ ਤੇ ਖ਼ੁਦ ਤੈਰ ਕੇ ਉਸ ਨੌਜਵਾਨ ਨੂੰ ਸੁਰੱਖਿਅਤ ਕੱਢ ਲਿਆਏ। ਇਸੇ ਤਰ੍ਹਾਂ ਪਠਾਨਕੋਟ ਦੇ ਪਟਵਾਰੀ ਫ਼ਤਿਹ ਸਿੰਘ ਦੇ ਸਿਰੜ ਨੂੰ ਵੀ ਸਰਕਾਰ ਨੇ ਸਲਾਮ ਕੀਤਾ ਹੈ ਜਿਸ ਨੇ ਹੜ੍ਹਾਂ ਵਿਚ ‘ਜਵਾਨ ਤੇ ਕਿਸਾਨ’ ਬਚਾਏ।
ਕੰਡਿਆਲੀ ਤਾਰ ਤੋਂ ਪਾਰ ਹੜ੍ਹਾਂ ਦੇ ਪਾਣੀ ’ਚ ਜਦੋਂ ਛੇ ਕਿਸਾਨ ਫਸ ਗਏ ਤਾਂ ਪ੍ਰਸ਼ਾਸਨ ਨੇ ਫ਼ਤਿਹ ਸਿੰਘ ਨੂੰ ਮਲਾਹ ਬਣਾ ਕੇ ਭੇਜਿਆ, ਉਹ ਛੇ ਕਿਸਾਨਾਂ ਨੂੰ ਕਿਸ਼ਤੀ ’ਚ ਸੁਰੱਖਿਅਤ ਕੱਢ ਲਿਆਇਆ। ਜਦੋਂ ਬੀਐੱਸਐੱਫ ਦੀ ਚੌਕੀ ਪਾਣੀ ਵਿਚ ਘਿਰ ਗਈ ਤਾਂ ਫ਼ਤਿਹ ਸਿੰਘ ਨੇ ਕਿਸ਼ਤੀ ਲੈ ਕੇ ਗਿਆ ਤਾਂ ਰਸਤੇ ’ਚ ਇੰਜਣ ਖ਼ਰਾਬ ਹੋ ਗਿਆ। ਉਹ ਚੱਪੂਆਂ ਨਾਲ ਕਿਸ਼ਤੀ ਚਲਾ ਕੇ ਛੇ ਜਵਾਨਾਂ ਨੂੰ ਸੁਰੱਖਿਅਤ ਕੱਢ ਲਿਆਇਆ। ਇਸੇ ਤਰ੍ਹਾਂ ਮੁੱਖ ਮੰਤਰੀ ਆਜ਼ਾਦੀ ਦਿਹਾੜੇ ’ਤੇ ਰੋਪੜ ਦੀ ਅੱਠ ਵਰ੍ਹਿਆਂ ਦੀ ਬੱਚੀ ਸਾਨਵੀ ਸੂਦ ਨੂੰ ਸਨਮਾਨਿਤ ਕਰਨਗੇ। ਪਰਬਤਾਰੋਹੀ ਬੱਚੀ ਸਾਨਵੀ ਸੂਦ ਦਾ ਨਾਂ ਗਿੰਨੀਜ਼ ਬੁੱਕ ਆਫ਼ ਰਿਕਾਰਡ ’ਚ ਦਰਜ ਹੈ, ਜੋ ਛੋਟੀ ਉਮਰ ’ਚ ਰੂਸ ਤੇ ਅਫ਼ਰੀਕਾ ਦੀ ਚੋਟੀ ’ਤੇ ਚੜ੍ਹ ਕੇ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੀ। ਭਿੱਖੀਵਿੰਡ ਦੇ ਮੇਜਰ ਸਿੰਘ ਨੂੰ ਵੀ ਸਨਮਾਨ ਮਿਲੇਗਾ, ਜਿਸ ’ਤੇ ਪੰਜਾਬ ਦੇ ਕਾਲੇ ਦੌਰ ਦੌਰਾਨ ਰਾਕੇਟ ਲਾਂਚਰ ਆਦਿ ਨਾਲ ਕਈ ਵਾਰ ਹਮਲੇ ਹੋਏ ਹਨ। ਆਜ਼ਾਦੀ ਦਿਹਾੜੇ ’ਤੇ ਬਰਨਾਲਾ ਬਲਾਕ ਦੇ ਗਰਾਮ ਸੇਵਕ ਪਰਮਜੀਤ ਸਿੰਘ ਨੂੰ ਵੀ ਪ੍ਰਮਾਣ ਪੱਤਰ ਮਿਲੇਗਾ ਜਿਸ ਵੱਲੋਂ ਸਰਕਾਰੀ ਡਿਊਟੀ ਦੌਰਾਨ ਕੀਤੀ ਯੋਗ ਅਗਵਾਈ ਬਦਲੇ ਚਾਰ ਪੰਚਾਇਤਾਂ ਨੂੰ ਸੱਤ ਕੌਮੀ ਐਵਾਰਡ ਮਿਲੇ ਅਤੇ ਇੱਕ ਪੰਚਾਇਤ ਨੂੰ ਸਟੇਟ ਐਵਾਰਡ ਮਿਲਿਆ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੇਹਸ ਦੇ ਕਿਸਾਨ ਪਰਿਵਾਰ ਦੀ ਧੀ ਹਰਜਿੰਦਰ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ। ਹਰਜਿੰਦਰ ਨੇ 2022 ਦੌਰਾਨ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਵੇਟਲਿਫਟਿੰਗ ਮੁਕਾਬਲੇ ’ਚ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਹਰਜਿੰਦਰ ਕੌਰ ਦਾ ਪਰਿਵਾਰ ਇੱਕ ਕਮਰੇ ਦੇ ਘਰ ’ਚ ਰਹਿੰਦਾ ਹੈ। ਗੁਰਾਇਆ ਦਾ ਸਲੀਮ ਮੁਹੰਮਦ ਸੂਬੇ ਵਿਚ ਅਮਨ ਸ਼ਾਂਤੀ ਕਾਇਮ ਰੱਖਣ ਦਾ ਹੋਕਾ ਦੇ ਰਿਹਾ ਹੈ, ਜਿਸ ਦਾ ਵੀ ਸਰਕਾਰ ਵੱਲੋਂ ਸਨਮਾਨ ਕੀਤਾ ਜਾਵੇਗਾ। ਆਜ਼ਾਦੀ ਦਿਹਾੜੇ ’ਤੇ ਸਨਮਾਨ ਹਾਸਲ ਕਰਨ ਵਾਲਿਆਂ ’ਚ ਕਰਨਲ ਜਸਦੀਪ ਸੰਧੂ, ਕਮਾਡੈਂਟ ਸੰਤੋਸ਼ ਕੁਮਾਰ, ਪਟਿਆਲਾ ਸ਼ਹਿਰ ਦੀ ਏਕਮਜੋਤ ਕੌਰ, ਪਟਿਆਲਾ ਦੇ ਸਿਵਲ ਲਾਈਨ ਸਮਾਰਟ ਸਕੂਲ ਦੀ ਗਗਨਦੀਪ ਕੌਰ, ਬਰਨਾਲਾ ਦੇ ਮੌੜਾਂ ਦੇ ਸਕੂਲ ਦਾ ਸੁਖਪਾਲ ਸਿੰਘ ਅਤੇ ਪਠਾਨਕੋਟ ਦੇ ਪਿੰਡ ਜੈਦਪੁਰ ਦਾ ਪਟਵਾਰੀ ਸੁਖਦੇਵ ਸਿੰਘ ਸ਼ਾਮਲ ਹਨ।
ਚਾਰਾਂ ’ਚੋਂ ਦੋ ਪੁਲੀਸ ਅਫਸਰ ਪਟਿਆਲਾ ਨਾਲ ਸਬੰਧਤ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸੁਤੰਤਰਤਾ ਦਿਹਾੜੇ ’ਤੇ ਪਟਿਆਲਾ ’ਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ 22 ਪੁਲੀਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਵਿਸ਼ੇਸ਼ ਪੁਰਸਕਾਰ ਪ੍ਰਦਾਨ ਕਰਨਗੇ। ਜਾਣਕਾਰੀ ਅਨੁਸਾਰ ਰਾਜ ਪੱਧਰੀ ਸਮਾਗਮ ਦੌਰਾਨ ‘ਬਹਾਦਰੀ ਪੁਰਸਕਾਰ’ ਲਈ ਚੁਣੇ ਚਾਰ ਪੁਲੀਸ ਅਫ਼ਸਰਾਂ ’ਚੋਂ ਦੋ ਪਟਿਆਲਾ ਨਾਲ ਸਬੰਧਤ ਹਨ। ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਪਟਿਆਲਾ ਸ਼ਹਿਰ ਅਤੇ ਇੰਸਪੈਕਟਰ ਪੁਸ਼ਵਿੰਦਰ ਸਿੰਘ ਢੀਂਡਸਾ ਪਟਿਆਲਾ ਬਲਾਕ ਦੇ ਪਿੰਡ ਦੌਣਕਲਾਂ ਦੇ ਵਸਨੀਕ ਹਨ। ਇਹ ਦੋਵੇਂ ਐਂਟੀ ਗੈਂਗਸਟਰ ਟਾਸਕ ਫੋਰਸ ’ਚ ਹਨ, ਜਿਨ੍ਹਾਂ ਨੂੰ ‘ਬਹਾਦਰੀ ਪੁਰਸਕਾਰ’ ਜ਼ੀਰਕਪੁਰ ਖੇਤਰ ’ਚ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਬਹਾਦਰੀ ਦਿਖਾਉਣ ਬਦਲੇ ਦਿੱਤਾ ਜਾ ਰਿਹਾ ਹੈ। ਬਿਕਰਮਜੀਤ ਬਰਾੜ ਨੂੰ ਰਾਸ਼ਟਰਪਤੀ ਤੋਂ ਤਿੰਨ ਬਹਾਦਰੀ ਪੁਰਸਕਾਰਾਂ ਸਮੇਤ ਕੇਂਦਰੀ ਗ੍ਰਹਿ ਮੰਤਰੀ ਤੋਂ ਕੌਮੀ ਪੁਰਸਕਾਰ ਵੀ ਮਿਲ ਚੁੱਕੇ ਹਨ। ‘ਬਹਾਦਰੀ ਪੁਰਸਕਾਰ’ ਲਈ ਦੋ ਹੋਰ ਪੁਲੀਸ ਅਫ਼ਸਰਾਂ ’ਚ ਏਆਈਜੀ ਸੰਦੀਪ ਗੋਇਲ ਅਤੇ ਹੁਸ਼ਿਆਰਪੁਰ ਦੇ ਸਿਪਾਹੀ ਨਵਨੀਤ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 18 ਜਣਿਆਂ ਨੂੰ ਬਿਹਤਰ ਸੇਵਾਵਾਂ ਬਦਲੇ ‘ਚੀਫ਼ ਮਨਿਸਟਸਰ ਐਵਾਰਡ’ ਦਿੱਤਾ ਜਾਵੇਗਾ। ‘ਚੀਫ਼ ਮਨਿਸਟਸਰ ਐਵਾਰਡ’ ਲਈ ਕਾਊਂਟਰ ਇੰਟੈਲੀਜੈਂਸੀ ਦੇ ਪਟਿਆਲਾ ਸਥਿਤ ਏਆਈਜੀ ਵਿਜੈਆਲਮ ਸਿੰਘ, ਐੱਸਆਈ ਸੁਰੇਸ਼ ਕੁਮਾਰ ਸਮੇਤ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ, ਐੱਸਪੀ ਤਰਨਤਾਰਨ ਵਿਸ਼ਵਜੀਤ ਸਿੰਘ, ਡੀਐੱਸਪੀ ਲੁਧਿਆਣਾ ਦਵਿੰਦਰ ਸਿੰਘ, ਡੀਐੱਸਪੀ ਸੰਜੀਵਨ ਗੁਰੂ, ਡੀਐੱਸਪੀ ਵਿਜੀਲੈਂਸ ਬਰਿੰਦਰ ਸਿੰਘ, ਡੀਐੱਸਪੀ ਜਲੰਧਰ ਸੁਭਾਸ਼ ਚੰਦਰ, ਮੁਹਾਲੀ ਦੇ ਇੰਸਪੈਕਟਰ ਸ਼ਿਵ ਕੁਮਾਰ ਤੇ ਐੱਸਆਈ ਗੁਰਿੰਦਰ ਸਿੰਘ ਤੋਂ ਇਲਾਵਾ ਅਕਸ਼ੈਦੀਪ ਸਿੰਘ, ਇਕਬਾਲ ਸਿੰਘ, ਹਰਵਿੰਦਰ ਸਿੰਘ, ਦਿਨੇਸ਼ ਕੁਮਾਰ ਅਤੇ ਸੁਰਿੰਦਰਪਾਲ ਸਿੰਘ (ਪੰਜੇ ਏਐਸਆਈ) ਦੇ ਨਾਂ ਵੀ ਸ਼ਾਮਲ ਹਨ।