ਨਾਟਕ ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਸੈਦਖੇੜੀ ਅੱਵਲ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 28 ਅਕਤੂਬਰ
ਇੱਥੇ ਵਿਦਿਆਰਥੀਆਂ ਨੂੰ ਵਾਤਾਵਰਨ ਅਤੇ ਆਲ਼ੇ-ਦੁਆਲੇ ਬਾਰੇ ਜਾਗਰੂਕ ਕਰਨ ਲਈ ਬਲਾਕ ਪੱਧਰੀ ਸਕੂਲਾਂ ਦੇ ਕਰਵਾਏ ਜਾ ਰਹੇ ਨਾਟਕ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਸੈਦਖੇੜੀ ਨੇ ਅਤੇ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਨੇ ਪ੍ਰਾਪਤ ਕੀਤਾ। ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਰਾਜਪੁਰਾ ਟਾਊਨ ਵਿੱਚ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਜ਼ਿਲ੍ਹਾ ਪੱਧਰ ’ਤੇ ਹਿੱਸਾ ਲੈਣਗੀਆਂ। ਸਰਵ ਉੱਤਮ ਨਿਰਦੇਸ਼ਕ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਦੇ ਗਾਈਡ ਅਧਿਆਪਕ ਸੀਮਾ ਸੇਠੀ ਨੂੰ, ਸਰਵ ਉੱਤਮ ਸਕਰਿਪਟ ਸਰਕਾਰੀ ਹਾਈ ਸਕੂਲ ਸੈਦਖੇੜੀ ਦੇ ਨਾਟਕ ਨੂੰ, ਸਰਵ ਉੱਤਮ (ਮੇਲ) ਕਲਾਕਾਰ ਸਰਕਾਰੀ ਹਾਈ ਸਕੂਲ ਸੈਦਖੇੜੀ ਦੇ ਵਿਦਿਆਰਥੀ ਹਰਮਨ ਸਿੰਘ ਨੂੰ ਅਤੇ ਸਰਵ ਉੱਤਮ (ਫਿਮੇਲ) ਕਲਾਕਾਰ ਸਰਕਾਰੀ ਹਾਈ ਸਕੂਲ ਬਠੋਣੀਆਂ ਦੀ ਵਿਦਿਆਰਥਣ ਸੁਨੇਹਾ ਨੂੰ ਦਿੱਤਾ ਗਿਆ। ਇਸ ਮੌਕੇ ਜੱਜਮੈਂਟ ਦੀ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਕੰਵਲਜੀਤ ਕੌਰ ਸਾਇੰਸ ਮਿਸਟ੍ਰੈੱਸ ਉਗਾਣੀ, ਸਮੀਤਾ ਵਰਮਾ ਸਾਇੰਸ ਮਿਸਟ੍ਰੈੱਸ ਪਬਰੀ, ਸੁਖਮੀਤ ਕੌਰ ਸਾਇੰਸ ਮਿਸਟ੍ਰੈੱਸ ਆਦਿ ਨੂੰ ਬਲਾਕ ਨੋਡਲ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਗਿਆ।