ਸਰਕਾਰੀ ਮੁਲਾਜ਼ਮ ਕਰੋਨਾ ਪਾਜ਼ੇਟਿਵ, ਕੰਮ ਠੱਪ
ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ) 19 ਅਗਸਤ
ਕਈ ਦਫ਼ਤਰਾਂ ਦੇ ਮੁਲਾਜ਼ਮ ਕਰੋਨਾ ਪਾਜ਼ੇਟਿਵ ਮਿਲਣ ਉਪਰੰਤ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਾਲਾਤ ਇੱਕ ਦਰਜਨ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੈਦਾ ਹੋਏ ਹਨ।
ਤਿੰਨ ਦਿਨ ਪਹਿਲਾਂ ਅਬੋਹਰ ਦੇ ਕਾਰਜਕਾਰੀ ਉਪ ਮੰਡਲ ਮੈਜਿਸਟਰੇਟ ਜਸਪਾਲ ਸਿੰਘ ਬਰਾੜ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਖ਼ੁਦ ਨੂੰ ਇਕਾਂਤਵਾਸ ਕਰਦਿਆਂ ਮੁਲਾਜ਼ਮਾਂ ਨੂੰ ਹਦਾਇਤ ਦਿੱਤੀ ਸੀ ਕਿ ਸਾਰੇ ਮੁਲਾਜ਼ਮ ਆਪਣਾ ਕਰੋਨਾ ਟੈਸਟ ਕਰਾਉਣ। ਇਸ ਮਗਰੋਂ ਕਰੀਬ ਇੱਕ ਦਰਜਨ ਸਰਕਾਰੀ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ ਹੈ। ਅਬੋਹਰ ਸਥਿਤ ਐੱਸਡੀਐੱਮ ਦਫ਼ਤਰ ਤੇ ਤਹਿਸੀਲਦਾਰ ਦਫ਼ਤਰ ਦੇ ਅਮਲੇ ਤੋਂ ਇਲਾਵਾ ਸੀਤੋ ਗੁੰਨੋ ਅਤੇ ਅਤੇ ਸਬ-ਤਹਿਸੀਲ ਖੂਹੀਆਂ ਸਰਵਰ ਦੇ ਸਾਰੇ ਅਮਲੇ ਨੂੰ ਇਕਾਂਤਵਾਸ ’ਚ ਜਾਣ ਲਈ ਕਿਹਾ ਗਿਆ ਹੈ।
ਇਸ ਦੌਰਾਨ ਬਿਜਲੀ ਬੋਰਡ ਨਾਲ ਸਬੰਧਤ ਦੋ ਹੋਰ ਮੁਲਾਜ਼ਮ ਪਾਜ਼ੇਟਿਵ ਆ ਗਏ ਹਨ ਜਿਸ ਤੋਂ ਬਾਅਦ ਬਿਜਲੀ ਵਿਭਾਗ ਨਾਲ ਸਬੰੰਧਤ ਤਿੰਨੋਂ ਸਬ-ਡਿਵੀਜ਼ਨਾਂ ਵਿੱਚ ਪਬਲਿਕ ਡੀਲਿੰਗ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਨਾਗਪਾਲ ਨਰਸਿੰਗ ਹੋਮ ਵੀ ਅੱਜ ਸੀਲ ਕਰ ਦਿੱਤਾ ਹੈ। ਨਰਸਿੰਗ ਹੋਮ ਦੇ ਸੰਚਾਲਕ ਦਾ ਪੁੱਤਰ ਜੋ ਕਿ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਬਤੌਰ ਸਰਜਨ ਸੇਵਾਵਾਂ ਦੇ ਰਿਹਾ ਹੈ ਅਤੇ ਇੱਕ ਮੁਲਾਜ਼ਮ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।