ਹੜ੍ਹ ਤੋਂ ਬਚਾਅ ਲਈ ਸਰਕਾਰ ਨੇ ਕੁਝ ਨਹੀਂ ਕੀਤਾ: ਹਰਪਾਲਪੁਰ
ਦਰਸ਼ਨ ਸਿੰਘ ਮਿੱਠਾ
ਘਨੌਰ, 19 ਜੁਲਾਈ
ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਹਲਕਾ ਘਨੌਰ ਦੇ ਕੋ-ਕਨਵੀਨਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਘਨੌਰ ’ਚੋਂ ਲੰਘਦਾ ਘੱਗਰ ਦਰਿਆ ਹਰ ਸਾਲ ਬਰਸਾਤ ’ਚ ਤਬਾਹੀ ਮਚਾਉਂਦਾ ਹੈ। ਸਰਕਾਰ ਹਰ ਸਾਲ ਭਰੋਸਾ ਦਿੰਦੀ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਐਤਕੀਂ ਵੀ ਲੋਕਾਂ ’ਤੇ ਹੜ੍ਹਾਂ ਦੀ ਮਾਰ ਦੀ ਤਲਵਾਰ ਲਟਕ ਰਹੀ ਹੈ ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੈ। ਸ੍ਰੀ ਹਰਪਾਲਪੁਰ ਨੇ ਕਿਹਾ ਕਿ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਦਾ ਢੰਡੋਰਾ ਪਿੱਟ-ਪਿੱਟ ਕੇ ਲੋਕਾਂ ਨੂੰ ਸਬਜ਼ਬਾਗ ਵਿਖਾਏ ਪਰ ਹੁਣ ਲੋਕ ਉਮੀਦਾਂ ਪੂਰੀਆਂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਨੂੰ ਭੰਡਣ ਵਾਲਿਆਂ ਨੇ ਦੋ ਸਾਲਾਂ ’ਚ ਹੜ੍ਹਾਂ ਤੋਂ ਬਚਾਉਣ ਲਈ ਡੱਕਾ ਵੀ ਦੂਹਰਾ ਨਹੀਂ ਕੀਤਾ। ਜਦੋਂ ਘੱਗਰ ਤਬਾਹੀ ਮਚਾਉਂਦਾ ਹੈ ਤਾਂ ਲੰਮਾ ਸਮਾਂ ਹਲਕਾ ਘਨੌਰ ਦੇ ਲੋਕ ਪੈਰਾਂ ਸਿਰ ਨਹੀਂ ਹੁੰਦੇ। ਹਰਪਾਲਪੁਰ ਨੇ ਕਿਹਾ ਕਿ ਭਾਜਪਾ ਕਹਿਣੀ ਤੇ ਕਰਨੀ ਦੀ ਪੱਕੀ ਹੈ ਤੇ ਪੰਜਾਬ ਦੇ ਭਖਦਿਆਂ ਮਸਲਿਆਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ।