ਸਰਕਾਰ ਨੇ ਜ਼ਮੀਨੀ ਪੱਧਰ ’ਤੇ ਵਿਕਾਸ ਕੀਤਾ: ਕ੍ਰਿਸ਼ਨ ਬੇਦੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਜਨਵਰੀ
ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਵਿਕਾਸ ਕਾਰਜ ਕੀਤੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਜਾਣ ਕੇ ਉਨ੍ਹਾਂ ਦਾ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਚਲਾਈ ਗਈ ਵਿਕਸਤ ਭਾਰਤ ਸੰਕਲਪ ਯਾਤਰਾ ਜਨ ਸੰਵਾਦ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਿਆ ਹੈ। ਸਾਬਕਾ ਮੰਤਰੀ ਅੱਜ ਵਿਕਸਤ ਭਾਰਤ ਸੰਕਲਪ ਯਾਤਰਾ ਨੂੰ ਲੈ ਕੇ ਸਤਲੁਜ ਸਕੂਲ ਕਿਸ਼ਨਗੜ੍ਹ ਰੋਡ ’ਤੇ ਕਰਵਾਏ ਪ੍ਰੋਗਰਾਮ ਵਿਚ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵਲੋਂ ਲਾਏ ਸਟਾਲਾਂ ਦਾ ਨਿਰੀਖਣ ਕੀਤਾ ਤੇ ਲੋਕਾਂ ਨੂੰ ਵਿਕਸਤ ਭਾਰਤ ਬਣਾਉਣ ਦੀ ਸਹੁੰ ਵੀ ਚੁਕਵਾਈ। ਬੇਦੀ ਨੇ ਕਿਹਾ ਕਿ ਸਰਕਾਰ ਵੱਲੋਂ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨਾਲ ਹਰ ਵਰਗ ਤੱਕ ਸਰਕਾਰ ਦੀਆਂ ਯੋਜਨਾਵਾਂ ਨੂੰ ਪਹੁੰਚਾਇਆ ਗਿਆ ਹੈ। ਯਾਤਰਾ ਰਾਹੀਂ ਲੋਕਾਂ ਦੇ ਘਰ ਤੱਕ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ।
ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਯੋਜਨਾਵਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਲੋਕਾਂ ਵਿਚ ਜਾਗਰੂਕਤਾ ਲਿਆਉਣਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਵਿਸ਼ੇਸ਼ ਕਰ ਕੇ ਕਮਜ਼ੋਰ ਵਰਗ ਯੋਜਨਾ ਦੇ ਦਾਇਰੇ ਵਿਚ ਆ ਸਕੇ। ਪ੍ਰੋਗਰਾਮ ਵਿੱਚ ਜਲ ਮਿਸ਼ਨ, ਡਰੋਨ ਪ੍ਰਦਰਸ਼ਨ, ਕੁਦਰਤੀ ਖੇਤੀ, ਉਜਵਲਾ ਯੋਜਨਾ, ਸਵਾਮਿਤ ਯੋਜਨਾ, ਸਵੱਛ ਭਾਰਤ ਮਿਸ਼ਨ ਤੇ ਅੰਤੋਦਿਆ ਯੋਜਨਾ ਆਦਿ ਦੀ ਪੂਰੀ ਜਾਣਕਾਰੀ ਦਿੱਤੀ ਗਿਆ। ਯਾਤਰਾ ਦੌਰਾਨ ਯੋਗ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਹੈਲਥ ਕੈਂਪ, ਆਯੂਸ਼ਮਾਨ ਕਾਰਡ, ਪਰਿਵਾਰ ਪਹਿਚਾਣ ਪੱਤਰ , ਆਧਾਰ ਅਪਡੇਟ, ਪੀਐੱਮ ਉਜਵਲ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਮੌਕੇ ਨਗਰ ਪਾਲਿਕਾ ਪ੍ਰਧਾਨ ਗੁਲਸ਼ਨ ਕਵਾਤਰਾ, ਡਾ. ਆਰਐੱਸ ਘੁੰਮਣ,
ਬੀਬੀ ਕਰਤਾਰ ਕੌਰ, ਕਰਨ ਰਾਜ ਸਿੰਘ ਤੂਰ, ਅਮਿਤ ਸਿੰਘਲ ਆਦਿ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।