ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕਾਂ ਬਣਾਉਣ ਲਈ ਤਾਪ ਘਰਾਂ ਦੀ ਸੁਆਹ ਵਰਤਣ ਤੋਂ ਸੰਕੋਚ ਕਰਨ ਲੱਗੇ ਸਰਕਾਰੀ ਵਿਭਾਗ

10:13 AM May 08, 2024 IST
ਭਾਰਤ ਮਾਲਾ ਪ੍ਰਾਜੈਕਟ ਦੀ ਉਸਾਰੀ ਲਈ ਵਰਤੀ ਜਾ ਰਹੀ ਮਿੱਟੀ ਦੇ ਲੱਗੇ ਵੱਡੇ-ਵੱਡੇ ਢੇਰ।

ਜੋਗਿੰਦਰ ਸਿੰਘ ਮਾਨ
ਮਾਨਸਾ, 7 ਮਈ
ਲੋਕ ਸਭਾ ਚੋਣਾਂ ਦੌਰਾਨ ਅਧਿਕਾਰੀਆਂ ਦੇ ਰੁਝੇਵੇਂ ਨੂੰ ਮੁੱਖ ਰੱਖਦਿਆਂ ਮਾਲਵਾ ਖੇਤਰ ਵਿੱਚ ਭਾਰਤ ਮਾਲਾ ਸਮੇਤ ਨੈਸ਼ਨਲ ਹਾਈਵੇਅ ਵਰਗੀਆਂ ਵੱਡੀਆਂ ਸੜਕਾਂ ਦੇ ਹੋ ਰਹੇ ਨਿਰਮਾਣ ਲਈ ਤਾਪ ਘਰਾਂ ਦੀ ਸੁਆਹ ਨੂੰ ਵਰਤਣ ਦੀ ਥਾਂ ਖੇਤਾਂ ਦੀ ਉਪਜਾਊ ਮਿੱਟੀ ਨੂੰ ਵਰਤਿਆ ਜਾ ਰਿਹਾ ਹੈ, ਜਿਸ ਲਈ ਅਜੇ ਤੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਿਧਰੇ ਵੀ ਗੰਭੀਰ ਹੋਇਆ ਵਿਖਾਈ ਨਹੀਂ ਦਿੱਤਾ ਹੈ। ਇਨ੍ਹਾਂ ਵੱਡੀਆਂ ਸੜਕਾਂ ਉਪਰ ਲਗਾਤਾਰ ਟਰੈਕਟਰ-ਟਰਾਲੀਆਂ ਅਤੇ ਟਿੱਪਰਾਂ ਨਾਲ ਖੇਤਾਂ ਦੀ ਮਿੱਟੀ ਨਾਲ ਭਰਤ ਪਾਇਆ ਜਾ ਰਿਹਾ ਹੈ ਜਦੋਂਕਿ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਸੜਕਾਂ ਦੇ ਨਿਰਮਾਣ ਵਿੱਚ ਫਲਾਈ ਐਸ਼ (ਤਾਪਘਰਾਂ ਦੀ ਸੁਆਹ) ਵਰਤੋਂ ਲਈ ਮਿੱਟੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਾਕਾਇਦਾ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਮਾਨਸਾ-ਬਠਿੰਡਾ ਮੁੱਖ ਮਾਰਗ ਨੂੰ ਕਰਾਸ ਕਰ ਕੇ ਗੁਜਰਾਤ-ਰਾਜਸਥਾਨ ਹਰਿਆਣਾ ’ਚੋਂ ਹੋ ਕੇ ਲੁਧਿਆਣਾ ਨੂੰ ਲੰਘ ਰਹੇ ਭਾਰਤਮਾਲਾ ਐਕਸਪ੍ਰੈਸਵੇਅ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਦਿੱਲੀ ਤੋਂ ਆ ਕੇ ਅੱਗੇ ਲੁਧਿਆਣਾ ਵੱਲ ਜਾ ਰਹੇ ਰਸਤੇ ਉਪਰ ਖੇਤਾਂ ਦੀ ਉਪਜਾਊ ਮਿੱਟੀ ਨੂੰ ਵਰਤਿਆ ਜਾ ਰਿਹਾ ਹੈ ਅਤੇ ਵੱਡੇ-ਵੱਡੇ ਬਣ ਰਹੇ ਓਵਰਬ੍ਰਿਜਾਂ ਸਮੇਤ ਕਿਧਰੇ ਥਰਮਲ ਦੀ ਰਾਖ਼ ਨੂੰ ਨਹੀਂ ਵਰਤੋਂ ਵਿੱਚ ਲਿਆਂਦਾ ਗਿਆ।
ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਸਮੇਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ, ਐੱਲ ਐਂਡ ਟੀ ਰਾਜਪੁਰਾ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ, ਸ੍ਰੀ ਗੁਰੂ ਅਮਰ ਦਾਸ ਤਾਪਘਰ ਗੋਇੰਦਵਾਲ, ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਵਿੱਚ ਰੋਜ਼ਾਨਾ ਸੈਂਕੜੇ ਟਨ ਕੋਲੇ ਦੀ ਵਰਤੋਂ ਹੋਣ ਨਾਲ ਵੱਡੀ ਪੱਧਰ ’ਤੇ ਸੁਆਹ ਪੈਦਾ ਹੁੰਦੀ ਹੈ, ਜਿਸਦੀ ਵਰਤੋਂ ਕਰਨ ਤੋਂ ਨੈਸ਼ਨਲ ਹਾਈਵੇਅ ਦੇ ਅਧਿਕਾਰੀ ਸੰਕੋਚ ਕਰ ਰਹੇ ਹਨ।
ਇਸੇ ਦੌਰਾਨ ਪਿੰਡ ਫਫੜੇ ਭਾਈਕੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕਿਸਾਨ ਆਪਣੇ ਖੇਤ ਵਿੱਚੋਂ ਵਰਤੋਂ ਲਈ ਮਿੱਟੀ ਪੁੱਟਦਾ ਹੈ ਤਾਂ ਉਸ ’ਤੇ ਪੁਲੀਸ ਕਾਰਵਾਈ ਕੀਤੀ ਜਾਂਦੀ ਹੈ, ਜਦੋਂਕਿ ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਵੱਲੋਂ ਖੇਤਾਂ ਦੀ ਉਪਜਾਊ ਮਿੱਟੀ ਨੂੰ ਨਾਜਾਇਜ਼ ਤਰੀਕੇ ਨਾਲ ਕੌਮੀ ਮੁੱਖ ਮਾਰਗਾਂ ਅਤੇ ਓਵਰਬ੍ਰਿਜ ਦੀ ਉਸਾਰੀ ਲਈ ਵਰਤ ਰਹੀਆਂ ਹਨ। ‘ਆਪ’ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮੁੱਖ ਮੰਤਰੀ ਨੂੰ ਵਾਤਾਵਰਨ ਨੂੰ ਬਚਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੇ-ਭਰੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਪੱਤਰ ਲਿਖਦਿਆਂ ਮੰਗ ਕੀਤੀ ਕਿ ਮਿੱਟੀ ਦੇ ਉਪਰਲੇ ਖਾਤਮੇ ਲਈ ਐੱਨਐੱਚਏਆਈ ਨੂੰ ਜਵਾਬਦੇਹ ਠਹਿਰਾਇਆ ਜਾਵੇ ਅਤੇ ਸੜਕਾਂ ਦੇ ਨਿਰਮਾਣ ਵਾਲੀਆਂ ਸਾਰੀਆਂ ਸਾਈਟਾਂ ਲਈ ਫਲਾਈ ਐਸ਼ (ਤਾਪਘਰਾਂ ਦੀ ਸੁਆਹ) ਨਾ ਕਰਨ ਲਈ ਉਨ੍ਹਾਂ ’ਤੇ ਜ਼ੁਰਮਾਨਾ ਲਗਾਇਆ ਜਾਵੇ।

Advertisement

ਐੱਨਐੱਚਏਆਈ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ: ਐਕਸੀਅਨ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬਠਿੰਡਾ ਸਥਿਤ ਐਕਸੀਅਨ ਰਮਨਦੀਪ ਸਿੰਘ ਨੇ ਦੱਸਿਆ ਕਿ ਬੋਰਡ ਵੱਲੋਂ ਐੱਨਐੱਚਏਆਈ ਨੂੰ ਇੱਕ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਉਹ ਕਿਹੜੇ ਤਾਪਘਰਾਂ ਤੋਂ ਫਲਾਈ ਐਸ਼ ਲੈ ਕੇ ਕਿੱਥੇ-ਕਿੱਥੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਖ਼ਤੀ ਨਾਲ ਉਨ੍ਹਾਂ ਵਰਤੋਂ ਕਰਨ ਲਈ ਹਦਾਇਤ ਕੀਤੀ ਗਈ ਹੈ।

Advertisement
Advertisement
Advertisement