ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ: ਬੁੱਧ ਰਾਮ
ਪੱਤਰ ਪ੍ਰੇਰਕ
ਮਾਨਸਾ, 8 ਜੂਨ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਸਰਕਾਰ ਤੁਹਾਡੇ ਦੁਆਰ’ ਤਹਿਤ ਮਾਨਸਾ ਨੇੜਲੇ ਪਿੰਡ ਮੱਲ ਸਿੰਘ ਵਾਲਾ ਵਿੱਚ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਐਸ.ਡੀ.ਐਮ. ਪ੍ਰਮੋਦ ਸਿੰਗਲਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕੈਂਪ ਵਿੱਚ ਬਰ੍ਹੇ, ਕਲੀਪੁਰ, ਫੁੱਲੂਵਾਲਾ ਡੋਗਰਾ, ਰਾਮਨਗਰ ਭੱਠਲ, ਕਾਸਮਪੁਰ ਛੀਨਾ, ਅਤੇ ਆਲਮਪੁਰ ਮੰਦਰਾਂ ਪਿੰਡਾਂ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਵਿਧਾਇਕ ਬੁੱਧ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਜਾਕੇ ਵਿਸ਼ੇਸ਼ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ, ਜੋ ਆਪਣੇ ਪਿੰਡਾਂ ਤੋਂ ਦੂਰ ਸ਼ਹਿਰਾਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਜਾ ਸਕਦੇ ਸਨ, ਇਨ੍ਹਾਂ ਕੈਂਪਾਂ ਦਾ ਲੋਕਾਂ ਵੱਲੋਂ ਭਰਪੂਰ ਲਾਭ ਉਠਾਇਆ ਜਾ ਰਿਹਾ ਹੈ।
ਐਸ.ਡੀ.ਐਮ. ਪ੍ਰਮੋਦ ਸਿੰਗਲਾ ਨੇ ਕਿਹਾ ਕਿ ਕੈਂਪ ਦੌਰਾਨ ਆਧਾਰ ਕਾਰਡ ਜਾਤੀ ਸਰਟੀਫਿਕੇਟ, ਜਨਮ ਸਰਟੀਫਿਕੇਟ, ਪਾਵਰਕੌਮ ਨਾਲ ਸਬੰਧਤ ਸਕੀਮਾਂ ਦਾ ਲਾਭ, ਪਸ਼ੂ ਪਾਲਣ ਵਿਭਾਗ, ਮਾਲ ਵਿਭਾਗ ਆਦਿ ਦੇ ਕੰਮਾਂ ਸਬੰਧੀ ਲੋਕਾਂ ਵੱਲੋਂ ਆਏ ਮਸਲਿਆਂ ਦਾ ਹੱਲ ਕੀਤਾ ਗਿਆ ਅਤੇ ਬਕਾਇਆ ਦਰਖ਼ਾਸਤਾਂ ਦਾ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ।