ਦਿਵਿਆਂਗਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ: ਕਟਾਰੂਚੱਕ
ਐੱਨਪੀ ਧਵਨ
ਪਠਾਨਕੋਟ, 4 ਫਰਵਰੀ
ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਅਲਿਮਕੋ ਦੇ ਸਹਿਯੋਗ ਨਾਲ ਇੱਥੇ ਸਪੈਸ਼ਲ ਰਿਸੋਰਸ ਸੈਂਟਰ ਮਾਡਲ ਟਾਊਨ ’ਚ ਦਿਵਿਆਂਗਾਂ ਨੂੰ ਮੁਫਤ ਉਪਕਰਣ ਦੇਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਦੀ ਅਗਵਾਈ ਹੇਠ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ 80 ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਮੁਫਤ ਉਪਕਰਣ ਵੰਡੇ ਗਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਸਾਰੀਆਂ ਮੁਫਤ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਚੰਗੀ ਜੀਵਨ ਸ਼ੈਲੀ ਦੇਣ ਲਈ ਵਚਨਬੱਧ ਹੈ। ਇਸ ਦੇ ਤਹਿਤ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਤਹਿਤ ਪਿਛਲੇ ਦਿਨੀਂ ਦਿਵਿਆਂਗ ਵਿਅਕਤੀਆਂ ਲਈ ਸ਼ਨਾਖਤੀ ਕੈਂਪ ਲਗਾਏ ਗਏ ਸਨ ਅਤੇ ਕੈਂਪਾਂ ਵਿੱਚ ਸ਼ਨਾਖਤ ਕੀਤੇ ਗਏ ਲੋੜਵੰਦ ਦਿਵਿਆਂਗਾਂ ਨੂੰ 2 ਲੱਖ 50 ਹਜ਼ਾਰ ਰੁਪਏ ਦੇ ਮੁਫਤ ਉਪਕਰਣ ਵੰਡੇ ਜਾ ਰਹੇ ਹਨ। ਇਨ੍ਹਾਂ ਉਪਕਰਣਾਂ ਵਿੱਚ ਮੋਟਰਾਈਜਡ ਟਰਾਈਸਾਈਕਲ, ਟਰਾਈਸਾਈਕਲ, ਵਹੀਲ ਚੇਅਰ, ਵਿਸਾਖੀਆਂ, ਛੜੀਆਂ, ਕੰਨਾਂ ਦੀਆਂ ਮਸ਼ੀਨਾਂ, ਨੇਤਰਹੀਨ ਵਿਅਕਤੀਆਂ ਲਈ ਸਮਾਰਟ ਫੋਨ ਤੇ ਸੀਪੀ ਚੇਅਰਾਂ ਆਦਿ ਸ਼ਾਮਲ ਹਨ। ਮੰਤਰੀ ਨੇ ਦਿਵਿਆਂਗ ਬੱਚਿਆਂ ਦੇ ਇਸ ਸਕੂਲ ਵਿੱਚ ਇੱਕ ਕਮਰਾ ਅਤੇ ਗਰਾਊਂਡ ਨੂੰ ਪੱਕਾ ਕਰਨ ਲਈ ਗ੍ਰਾਂਟ ਜਾਰੀ ਕਰਨ ਦਾ ਭਰੋਸਾ ਦਿੱਤਾ।