For the best experience, open
https://m.punjabitribuneonline.com
on your mobile browser.
Advertisement

ਸਰਕਾਰ ਅਤਿਵਾਦ ਦੇ ਖਾਤਮੇ ਲਈ ਵਚਨਬੱਧ: ਸ਼ਾਹ

08:51 AM Jun 17, 2024 IST
ਸਰਕਾਰ ਅਤਿਵਾਦ ਦੇ ਖਾਤਮੇ ਲਈ ਵਚਨਬੱਧ  ਸ਼ਾਹ
ਕੇਂਦਰੀ ਮੰਤਰੀ ਅਮਿਤ ਸ਼ਾਹ ਦਿੱਲੀ ’ਚ ਉੱਚ ਪੱਧਰੀ ਮੀਟਿੰਗ ਕਰ ਕੇ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜੰਮੂ ਕਸ਼ਮੀਰ ’ਚ ਸੁਰੱਖਿਆ ਸਥਿਤੀ ਦੀ ਸਮੀਖਿਆ

ਨਵੀਂ ਦਿੱਲੀ, 16 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਅਤਿਵਾਦ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਜੰਮੂ ਕਸ਼ਮੀਰ ’ਚ ਅਤਿਵਾਦ ਖ਼ਿਲਾਫ਼ ਲੜਾਈ ਫ਼ੈਸਲਾਕੁਨ ਪੜਾਅ ’ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਤੋਂ ਸਾਬਤ ਹੁੰਦਾ ਹੈ ਕਿ ਅਤਿਵਾਦੀ ਹਿੰਸਾ ਸੰਗਠਤ ਗਤੀਵਿਧੀਆਂ ਤੋਂ ਸਿਮਟ ਕੇ ਸਿਰਫ਼ ਲੁਕਵੀਂ ਜੰਗ ਬਣ ਕੇ ਰਹਿ ਗਈਆਂ ਹਨ।

Advertisement

ਹਾਲ ਹੀ ਦੇ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਇੱਥੇ ਨਾਰਥ ਬਲਾਕ ’ਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਉਨ੍ਹਾਂ ਸੁਰੱਖਿਆ ਏਜੰਸੀਆਂ ਨੂੰ ਕਾਮਯਾਬੀ ਹਾਸਲ ਕਰਨ ਲਈ ਕਸ਼ਮੀਰ ਦੀ ਤਰਜ ’ਤੇ ਜੰਮੂ ਡਿਵੀਜ਼ਨ ’ਚ ਖੇਤਰ ਦੇ ਆਧਾਰ ’ਤੇ ਕਾਰਵਾਈ ਕਰਨ ਅਤੇ ਜ਼ੀਰੋ-ਅਤਿਵਾਦ ਯੋਜਨਾਵਾਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਖੇਤਰ ’ਚ ਪਿੱਛੇ ਜਿਹੇ ਹੋਏ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਇਹ ਮੀਟਿੰਗ ਕੀਤੀ ਗਈ ਹੈ।

ਮੀਟਿੰਗ ਦੌਰਾਨ ਸ਼ਾਹ ਨੇ ਕਿਹਾ ਕਿ ਸਰਕਾਰ ਅਤਿਵਾਦ ਦੇ ਖਾਤਮੇ ਲਈ ਵਚਨਬੱਧ ਹੈ। ਗ੍ਰਹਿ ਮੰਤਰੀ ਨੇ ਸੁਰੱਖਿਆ ਏਜੰਸੀਆਂ ਨੂੰ ਮਿਸ਼ਨ ਮੋਡ ’ਚ ਕੰਮ ਕਰਨ ਅਤੇ ਆਪਸੀ ਤਾਲਮੇਲ ਨਾਲ ਤੁਰੰਤ ਪ੍ਰਤੀਕਿਰਿਆ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਸੁਰੱਖਿਆ ਏਜੰਸੀਆਂ ਵਿਚਾਲੇ ਸਹਿਜ ਤਾਲਮੇਲ, ਸੰਵਦੇਨਸ਼ੀਲ ਖੇਤਰਾਂ ਦੀ ਪਛਾਣ ਕਰਨ ਅਤੇ ਇਨ੍ਹਾਂ ਖੇਤਰਾਂ ’ਚ ਸੁਰੱਖਿਆ ਸਬੰਧੀ ਚਿੰਤਾਵਾਂ ਦੂਰ ਕਰਨ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀ ਅਤਿਵਾਦ ਪ੍ਰਤੀ ਜ਼ੀਰੋ ਟੌਲਰੈਂਸ ਨੀਤੀ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਸਰਕਾਰ ਜੰਮੂ ਕਸ਼ਮੀਰ ’ਚੋਂ ਅਤਿਵਾਦ ਦੇ ਮੁਕੰਮਲ ਖਾਤਮੇ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਕਸ਼ਮੀਰ ਘਾਟੀ ’ਚ ਕਾਫੀ ਸਕਾਰਾਤਮਕ ਨਤੀਜੇ ਮਿਲੇ ਹਨ ਅਤੇ ਅਤਿਵਾਦੀ ਘਟਨਾਵਾਂ ’ਚ ਜ਼ਿਕਰਯੋਗ ਕਮੀ ਆਈ ਹੈ। ਸ਼ਾਹ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ’ਚ ਸੁਧਾਰ ਕਾਰਨ ਕਸ਼ਮੀਰ ਘਾਟੀ ’ਚ ਸੈਲਾਨੀਆਂ ਦੀ ਗਿਣਤੀ ’ਚ ਰਿਕਾਰਡ ਵਾਧਾ ਹੋਇਆ ਹੈ। ਗ੍ਰਹਿ ਮੰਤਰੀ ਨੇ ਲੋਕ ਸਭਾ ਚੋਣਾਂ ਦੀ ਕਾਮਯਾਬੀ ਲਈ ਸੁਰੱਖਿਆ ਏਜੰਸੀਆਂ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ, ਜਿਸ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਰਿਕਾਰਡ ਵੋਟਿੰਗ ਹੋਈ।
ਸ਼ਾਹ ਨੇ ਏਜੰਸੀਆਂ ਨੂੰ ਖੇਤਰ ਦੇ ਆਧਾਰ ’ਤੇ ਦਬਦਬਾ ਬਣਾਉਣ ਦੀ ਯੋਜਨਾ ਅਤੇ ਜ਼ੀਰੋ-ਅਤਿਵਾਦ ਯੋਜਨਾ ਰਾਹੀਂ ਕਸ਼ਮੀਰ ਘਾਟੀ ’ਚ ਹਾਸਲ ਕੀਤੀ ਕਾਮਯਾਬੀ ਨੂੰ ਜੰਮੂ ਡਿਵੀਜ਼ਨ ’ਚ ਦੁਹਰਾਉਣ ਦਾ ਨਿਰਦੇਸ਼ ਦਿੱਤਾ। ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਅਤਿਵਾਦ ਖ਼ਿਲਾਫ਼ ਜੰਗ ਆਪਣੇ ਆਖਰੀ ਪੜਾਅ ’ਤੇ ਹੈ ਅਤੇ ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਤੋਂ ਸਾਬਤ ਹੁੰਦਾ ਹੈ ਕਿ ਸੰਗਠਤ ਹਿੰਸਾ ਦੀਆਂ ਗਤੀਵਿਧੀਆਂ ਹੁਣ ਸਿਮਟ ਕੇ ਲੁਕਵੀਂ ਜੰਗ ’ਚ ਬਦਲ ਚੁੱਕੀਆਂ ਹਨ।

ਮੀਟਿੰਗ ਦੌਰਾਨ ਸਾਲਾਨਾ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ ਜੋ 29 ਜੂਨ ਨੂੰ ਸ਼ੁਰੂ ਹੋਣ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੂੰ ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਜਿੱਥੇ ਸੁਰੱਖਿਆ ਬਲਾਂ ਵੱਲੋਂ ਆਉਂਦੇ ਦਿਨਾਂ ’ਚ ਅਤਿਵਾਦ ਵਿਰੋਧੀ ਮੁਹਿੰਮ ਤੇਜ਼ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਚਲਾਈ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸੇ ਤਰ੍ਹਾਂ ਦੀ ਮੀਟਿੰਗ ਕੀਤੇ ਜਾਣ ਤੋਂ ਤਿੰਨ ਦਿਨ ਬਾਅਦ ਸ਼ਾਹ ਨੇ ਇੱਥੇ ਨਾਰਥ ਬਲਾਕ ’ਚ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿੱਥੇ ਉਨ੍ਹਾਂ ਅਧਿਕਾਰੀਆਂ ਨੂੰ ‘ਅਤਿਵਾਦ ਵਿਰੋਧੀ ਸਮਰੱਥਾ’ ਦੀ ਤਾਇਨਾਤੀ ਕਰਨ ਦਾ ਨਿਰਦੇਸ਼ ਦਿੱਤਾ। -ਪੀਟੀਆਈ

Advertisement
Tags :
Author Image

Advertisement
Advertisement
×